ਨਾ ਸੜਕ ਬਣੀ, ਨਾ ਪੁਲੀ ਮੁਕੰਮਲ ਹੋਈ
ਨਡਾਲਾ, 9 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ-ਸੁਭਾਨਪੁਰ ਸੜਕ ਨੂੰ ਨਵਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਪਿੰਡ ਲੱਖਣ ਕੇ ਪੱਡੇ ਨੇੜੇ ਸੜਕ ਬਣਾਉਣ ਤੋਂ ਪਹਿਲਾਂ ਪੁੱਟੀ ਗਈ ਪੁਲੀ ਅਜੇ ਤੱਕ ਨਹੀਂ ਬਣਾਈ ਗਈ | ਨਾ ਸੜਕ ਦਾ ਕੰਮ ਮੁਕੰਮਲ ਹੋਇਆ ਹੈ ਅਤੇ ਨਾ ਹੀ ਪੁਲੀ ਬਣੀ ਹੈ | ਇਸੇ ਅਧੂਰੇ ਪਏ ਕੰਮ ਕਾਰਨ ਬੀਤੀ ਰਾਤ ਤਕਰੀਬਨ 1 ਵਜੇ ਝੋਨੇ ਨਾਲ ਲੱਦਿਆ ਇੱਕ ਮਿੰਨੀ ਟਰੱਕ ਸੜਕ ਦੇ ਇੱਕ ਪਾਸੇ ਪਲਟ ਗਿਆ | ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਇਸ ਘਟਨਾ ਨੇ ਲੋਕ ਨਿਰਮਾਣ ਵਿਭਾਗ (ਪੀ. ਡਬਲਯੂ.
ਨਡਾਲਾ, 9 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ-ਸੁਭਾਨਪੁਰ ਸੜਕ ਨੂੰ ਨਵਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਪਿੰਡ ਲੱਖਣ ਕੇ ਪੱਡੇ ਨੇੜੇ ਸੜਕ ਬਣਾਉਣ ਤੋਂ ਪਹਿਲਾਂ ਪੁੱਟੀ ਗਈ ਪੁਲੀ ਅਜੇ ਤੱਕ ਨਹੀਂ ਬਣਾਈ ਗਈ | ਨਾ ਸੜਕ ਦਾ ਕੰਮ ਮੁਕੰਮਲ ਹੋਇਆ ਹੈ ਅਤੇ ਨਾ ਹੀ ਪੁਲੀ ਬਣੀ ਹੈ | ਇਸੇ ਅਧੂਰੇ ਪਏ ਕੰਮ ਕਾਰਨ ਬੀਤੀ ਰਾਤ ਤਕਰੀਬਨ 1 ਵਜੇ ਝੋਨੇ ਨਾਲ ਲੱਦਿਆ ਇੱਕ ਮਿੰਨੀ ਟਰੱਕ ਸੜਕ ਦੇ ਇੱਕ ਪਾਸੇ ਪਲਟ ਗਿਆ | ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਇਸ ਘਟਨਾ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਟਰੱਕ ਚਾਲਕ ਗੁਰਸੇਵਕ ਨੇ ਦੱਸਿਆ ਕਿ ਉਹ ਬੀਤੀ ਰਾਤ ਬੇਗੋਵਾਲ ਤੋਂ ਝੋਨੇ ਨਾਲ ਗੱਡੀ ਲੋਡ ਕਰਕੇ ਪਾਇਲ (ਖੰਨੇ) ਵੱਲ ਜਾ ਰਿਹਾ ਸੀ ਕਿ ਖ਼ਰਾਬ ਰਸਤੇ ਕਾਰਨ ਉਕਤ ਜਗ੍ਹਾ ’ਤੇ ਇਹ ਹਾਦਸਾ ਵਾਪਰ ਗਿਆ | ਇਸ ਹਾਦਸੇ ਕਾਰਨ ਟਰੱਕ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਮਾਲਕ ਨੂੰ ਕਰੀਬ ਢਾਈ ਲੱਖ ਰੁਪਏ ਦੀ ਆਰਥਿਕ ਸੱਟ ਵੱਜੀ ਹੈ | ਇਸ ਸਬੰਧੀ ਪਿੰਡ ਲੱਖਣ ਕੇ ਪੱਡੇ ਦੇ ਵਸਨੀਕ ਜਸਵੰਤ ਸਿੰਘ ਵਿਰਲੀ, ਗੁਰਪ੍ਰੀਤ ਸਿੰਘ ਪੱਡਾ, ਅਮਰੀਕ ਸਿੰਘ ਬਰਾੜ ਅਤੇ ਹੋਰਨਾਂ ਨੇ ਦੱਸਿਆ ਕਿ ਸੜਕ ਅਤੇ ਪੁਲੀ ਦੇ ਅਧੂਰੇ ਪਏ ਕੰਮ ਸਬੰਧੀ ਉਹ ਕਈ ਵਾਰ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਨਾਲ-ਨਾਲ ਨਿੱਜੀ ਤੌਰ ’ਤੇ ਮਿਲ ਵੀ ਚੁੱਕੇ ਹਨ | ਇਸ ਦੇ ਬਾਵਜੂਦ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸੜਕ ਨੂੰ ਨਵਾਂ ਬਣਾਉਣ ਦੇ ਕੰਮ ਤਹਿਤ ਪੁਲੀ ਨੂੰ ਪਹਿਲਾਂ ਹੀ ਪੁੱਟ ਦਿੱਤਾ ਗਿਆ ਸੀ, ਪਰ ਤਕਰੀਬਨ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਪੁਲੀ ਦਾ ਨਿਰਮਾਣ ਮੁਕੰਮਲ ਹੋਇਆ ਹੈ ਅਤੇ ਨਾ ਹੀ ਸੜਕ ਬਣਾਉਣ ਦਾ ਕੰਮ ਪੂਰਾ ਕੀਤਾ ਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਅਧੂਰੇ ਪਏ ਰਸਤੇ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਬੀਤੀ ਰਾਤ ਟਰੱਕ ਪਲਟਣ ਦੀ ਘਟਨਾ ਇਸ ਖ਼ਤਰੇ ਨੂੰ ਦਰਸਾਉਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਤੁਰੰਤ ਹਰਕਤ ਵਿਚ ਆਵੇ ਅਤੇ ਪੁਲੀ ਤੇ ਸੜਕ ਦਾ ਨਿਰਮਾਣ ਕਾਰਜ ਜਲਦੀ ਮੁਕੰਮਲ ਕਰਵਾਏ | ਇਸ ਸੰਬੰਧੀ ਪੀ.ਡਬਲਿਊ.ਡੀ. ਵਿਭਾਗ ਦੇ ਐਸ.ਡੀ.ਓ. ਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁੱਟੀ ਹੋਈ ਪੁਲੀ ’ਤੇ ਗਟਕਾ ਪਾ ਕੇ ਪੂਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਉੱਥੇ ਲੁੱਕ ਪਾ ਕੇ ਵਧੀਆ ਸੜਕ ਬਣਾ ਦਿੱਤੀ ਜਾਵੇਗੀ |