ਤੀਸਰੀ ਜਮਾਤ ਦੀ ਵਿਦਿਆਰਥਣ ਕਿਆਰਾ ਅਰੋੜਾ ਨੇ ਕੈਂਸਰ ਪੀੜਤ ਬੱਚਿਆਂ ਲਈ ਆਪਣੇ ਵਾਲ ਦਾਨ ਕਰਕੇ ਸੇਵਾ ਦੀ ਮਿਸਾਲ ਕੀਤੀ ਕਾਇਮ
ਕਪੂਰਥਲਾ, 18 ਸਤੰਬਰ (ਸਡਾਨਾ)-ਬਾਵਾ ਲਾਲਵਾਨੀ ਪਬਲਿਕ ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਕਿਆਰਾ ਅਰੋੜਾ ਨੇ ਕੈਂਸਰ ਪੀੜਤ ਬੱਚਿਆਂ ਤੇ ਮਰੀਜ਼ਾਂ ਦੀ ਸਹਾਇਤਾ ਲਈ ਆਪਣੇ 17 ਇੰਚ ਲੰਮੇ ਵਾਲ ਦਾਨ ਕਰਕੇ ਸੇਵਾ ਭਾਵਨਾ ਤੇ ਸੰਵੇਦਨਸ਼ੀਲਤਾ ਦੀ ਮਿਸਾਲ ਪੇਸ਼ ਕੀਤੀ ਹੈ | ਕਿਆਰਾ ਨੇ ਆਪਣੇ ਵਾਲ ਇਕ ਗੈਰ ਸਰਕਾਰੀ ਸੰਸਥਾ ਨੂੰ ਦਾਨ ਕੀਤੇ, ਜਿੱਥੇ ਇਨ੍ਹਾਂ ਵਾਲਾਂ ਤੋਂ ਕੈਂਸਰ ਮਰੀਜ਼ਾਂ, ਖ਼ਾਸ ਕਰਕੇ ਬੱਚਿਆਂ ਲਈ ਵਿੱਗ ਤਿਆਰ ਕੀਤੀਆਂ ਜਾਣਗੀਆਂ | ਵਾਲ ਦਾਨ ਕਰਨ ਲਈ ਘੱਟੋ ਘੱਟ 12 ਇੰਚ ਲੰਬਾਈ ਦੀ ਲੋੜ ਹੁੰਦੀ ਹੈ, ਜਿਸ ਨੂੰ ਕਿਆਰਾ ਨੇ ਪੂਰਾ ਕੀਤਾ ਤੇ ਇਹ ਉਸ ਦਾ ਪਹਿਲਾ ਵਾਲ ਦਾਨ ਸੀ | ਇਸ ਨੇਕ ਕਾਰਜ ਦੇ ਪਿੱਛੇ ਉਸ ਦੇ ਪਰਿਵਾਰ ਨਾਲ ਜੁੜਿਆ ਇਕ ਭਾਵਨਾਤਮਿਕ ਅਨੁਭਵ ਵੀ ਹੈ, ਕਿਉਂਕਿ ਉਸ ਦੀ ਦਾਦੀ ਖ਼ੁਦ ਕੈਂਸਰ ਦੇ ਮਰੀਜ਼ ਹਨ, ਇਸੇ ਕਾਰਨ ਕਿਆਰਾ ਨੇ ਕੈਂਸਰ ਮਰੀਜ਼ਾਂ ਪ੍ਰਤੀ ਆਪਣੀ ਹਮਦਰਦੀ ਨੂੰ ਇਕ ਅਰਥ ਪੂਰਨ ਸੇਵਾ ਵਿਚ ਬਦਲਣ ਦਾ ਫ਼ੈਸਲਾ ਕੀਤਾ | ਸਕੂਲ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਆਰਾ ਦੀ ਇਸ ਸੇਵਾ ਭਾਵਨਾ ਦੀ ਸਿਫ਼ਤ ਕਰਦਿਆਂ ਕਿਹਾ ਕਿ ਇਹ ਛੋਟਾ ਜਿਹਾ ਯਤਨ ਸੰਦੇਸ਼ ਦਿੰਦਾ ਹੈ ਕਿ ਉਮਰ ਨਹੀਂ ਸਗੋਂ ਦਿਲ ਦੀ ਨੇਕੀ ਅਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਹੀ ਸਾਨੂੰ ਸਮਾਜ ਲਈ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ | ਕਿਆਰਾ ਦੀ ਇਹ ਪਹਿਲ ਹੋਰ ਬੱਚਿਆਂ ਨੂੰ ਵੀ ਸੇਵਾ, ਸਾਂਝ ਤੇ ਮਨੁੱਖਤਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ |