ਕਾਰ ਦੀਆਂ ਤਾਰਾਂ ਕੱਟਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕੀਤਾ
ਜਲੰਧਰ, 20 ਨਵੰਬਰ (ਮੋਹਿਤ ਸਿੰਘ)- ਸ਼ਹਿਰ ਦੇ ਕਾਜ਼ੀ ਮੰਡੀ-ਗਾਜ਼ੀ ਗੁੱਲਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਨੂੰ ਖੜ੍ਹੀ ਮਹਿੰਦਰਾ ਬੋਲੈਰੋ ਗੱਡੀ ਦੀਆਂ ਬਿਜਲੀ ਦੀਆਂ ਤਾਰਾਂ ਕੱਟਦਿਆਂ ਇਲਾਕਾ ਵਾਸੀਆਂ ਨੇ ਕਾਬੂ ਕਰ ਲਿਆ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦਾ ਹੈ।
ਜਲੰਧਰ, 20 ਨਵੰਬਰ (ਮੋਹਿਤ ਸਿੰਘ)- ਸ਼ਹਿਰ ਦੇ ਕਾਜ਼ੀ ਮੰਡੀ-ਗਾਜ਼ੀ ਗੁੱਲਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਨੂੰ ਖੜ੍ਹੀ ਮਹਿੰਦਰਾ ਬੋਲੈਰੋ ਗੱਡੀ ਦੀਆਂ ਬਿਜਲੀ ਦੀਆਂ ਤਾਰਾਂ ਕੱਟਦਿਆਂ ਇਲਾਕਾ ਵਾਸੀਆਂ ਨੇ ਕਾਬੂ ਕਰ ਲਿਆ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦਾ ਹੈ। ਲੋਕਾਂ ਨੇ ਮੁਲਜ਼ਮ ਕੋਲੋਂ ਗੁਲਾਬੀ ਹੱਥੇ ਵਾਲਾ ਵੱਡਾ ਚਾਕੂ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗੱਡੀ ਦੇ ਮਾਲਕ ਤੇ ਇਲਾਕਾ ਵਾਸੀਆਂ ਅਨੁਸਾਰ ਨੌਜਵਾਨ ਚਾਕੂ ਨਾਲ ਬੋਲੈਰੋ ਦੀਆਂ ਤਾਰਾਂ ਕੱਟ ਰਿਹਾ ਸੀ। ਜਦੋਂ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਪਹਿਲਾਂ ਉਸ ਨੇ ਸੜਕ ’ਤੇ ਪਈਆਂ ਤਾਰਾਂ ਚੁੱਕਣ ਦੀ ਗੱਲ ਕਹੀ, ਪਰ ਬਾਅਦ ਵਿਚ ਕੈਮਰੇ ਸਾਹਮਣੇ ਤਾਰਾਂ ਕੱਟਣ ਤੇ ਉਨ੍ਹਾਂ ਨੂੰ ਵੇਚ ਕੇ ਪੈਸੇ ਹਾਸਲ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਦੱਸਿਆ ਕਿ ਉਹ ਚਿੱਟੇ ਦੇ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਲੋੜ ਸੀ। ਇਸ ਦੌਰਾਨ ਕੁੱਝ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਨੌਜਵਾਨ ਅਕਸਰ ਮੁਹੱਲਿਆਂ ਵਿਚ ਘੁੰਮ ਕੇ ਕਬਾੜ ਤੇ ਹੋਰ ਸਾਮਾਨ ਇਕੱਠਾ ਕਰਦਾ ਰਹਿੰਦਾ ਹੈ। ਲੋਕਾਂ ਨੇ ਉਸ ਦਾ ਕਿਸੇ ਵੱਡੇ ਚੋਰੀ ਗਿਰੋਹ ਨਾਲ ਸਬੰਧ ਹੋਣ ਦਾ ਸ਼ੱਕ ਵੀ ਜ਼ਾਹਰ ਕੀਤਾ, ਹਾਲਾਂਕਿ ਇਸ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ। ਘਟਨਾ ਦੀ ਸੂਚਨਾ ਮਿਲਣ ’ਤੇ ਨੌਜਵਾਨ ਦੀ ਮਾਂ ਵੀ ਮੌਕੇ ’ਤੇ ਪਹੁੰਚ ਗਈ। ਆਪਣੇ ਪੁੱਤਰ ਦੀ ਹਾਲਤ ਬਿਆਨ ਕਰਦਿਆਂ ਉਹ ਭਾਵੁਕ ਹੋ ਗਈ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕਰੀਬ ਚਾਰ ਸਾਲਾਂ ਤੋਂ ਚਿੱਟੇ ਦੇ ਨਸ਼ੇ ਦਾ ਆਦੀ ਹੈ ਤੇ ਦਿਨ ਵਿਚ ਕਈ ਵਾਰ ਟੀਕੇ ਲਗਾਉਂਦਾ ਹੈ। ਮਾਂ ਅਨੁਸਾਰ ਨਸ਼ੇ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਤੇ ਉਹ ਹੈਪੇਟਾਈਟਸ-ਸੀ ਤੇ ਗੁਰਦਿਆਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਹੈ।