20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਡਿਬਰੂਗੜ੍ਹ ਤੋਂ ਦਿੱਲੀ ਲਿਆਂਦਾ

ਅੱਜ ਦਾਦੀ ਦੇ ਅੰਤਿਮ ਸੰਸਕਾਰ ’ਚ ਹੋਵੇਗਾ ਸ਼ਾਮਿਲ

ਅਜੀਤ ਡੈਸਕ 21-11-2026

ਡਿਬਰੂਗੜ੍ਹ (ਅਸਾਮ)/ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਜੇਲ੍ਹ ’ਚ ਬੰਦ ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਅਸਾਮ ਦੇ ਡਿਬਰੂਗੜ੍ਹ ਸ਼ਹਿਰ ਤੋਂ ਸਖ਼ਤ ਸੁਰੱਖਿਆ ਹੇਠ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਲਿਜਾਇਆ ਗਿਆ। ਅਦਾਲਤ ਵਲੋਂ ਦਿੱਤੀ ਗਈ ਪੈਰੋਲ ਤਹਿਤ ਉਹ ਆਪਣੇ ਜੱਦੀ ਪਿੰਡ ’ਚ ਆਪਣੀ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਵੇਗਾ। ਪੰਜਾਬ ਪੁਲਿਸ ਦੀ ਇਕ ਟੀਮ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੇ ਕੀਤੀ, ਨੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਹਿਰਾਸਤ ’ਚ ਲਿਆ। ਉਹ 2023 ਤੋਂ ਇਕ ਥਾਣੇ ’ਤੇ ਹਮਲੇ ਦੇ ਮਾਮਲੇ ਦੇ ਸੰਬੰਧ ’ਚ ਇਥੇ ਜੇਲ੍ਹ ’ਚ ਬੰਦ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਦੀ ਵਕੀਲ ਜਸਬੀਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਨੂੰ ਵਾਪਸ ਡਿਬਰੂਗੜ੍ਹ ਕੇਂਦਰੀ ਜੇਲ੍ਹ ਲਿਆਂਦਾ ਜਾਵੇਗਾ। ਜਸਬੀਰ ਕੌਰ ਨੇ ਕਿਹਾ ਕਿ ਉਸ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਦਿੱਲੀ ਲਿਜਾਇਆ ਗਿਆ। ਉਹ ਕੱਲ੍ਹ 21 ਨਵੰਬਰ ਨੂੰ ਪੰਜਾਬ ਜਾਵੇਗਾ ਤਾਂ ਜੋ ਆਪਣੀ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋ ਸਕੇ। ਤੈਅ ਪ੍ਰਬੰਧਾਂ ਅਨੁਸਾਰ, ਉਸ ਨੂੰ 22 ਨਵੰਬਰ ਨੂੰ ਵਾਪਸ ਡਿਬਰੂਗੜ੍ਹ ਕੇਂਦਰੀ ਜੇਲ੍ਹ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਚਾਹੁੰਦਾ ਸੀ ਕਿ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ, ਚਰਨ ਕੌਰ, ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਵੇ। ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ, ਯਾਨੀ ਤਿੰਨ ਘੰਟਿਆਂ ਲਈ ਅੰਮ੍ਰਿਤਪਾਲ ਸਿੰਘ ਦੀ ਉਸ ਦੇ ਪਿੰਡ ‘ਜੱਲੂਪੁਰ ਖੇੜਾ’ ਵਿਖੇ ਮੌਜੂਦਗੀ ਯਕੀਨੀ ਬਣਾਏ। ਅਦਾਲਤ ਨੇ ਮਨੁੱਖਤਾਵਾਦੀ ਆਧਾਰ ‘ਤੇ ਇਹ ਇਜਾਜ਼ਤ ਦਿੱਤੀ, ਪਰ ਨਾਲ ਹੀ ਇਹ ਸਪੱਸ਼ਟ ਕਰ ਦਿੱਤਾ ਕਿ ਇਸ ਦੌਰਾਨ ਉਹ ਪੁਲਿਸ ਹਿਰਾਸਤ ਵਿਚ ਹੀ ਰਹੇਗਾ। ਇਸ ਤੋਂ ਇਲਾਵਾ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ 22 ਨਵੰਬਰ ਨੂੰ ਆਪਣੀ ਦਾਦੀ ਦੀਆਂ ਅਸਥੀਆਂ ਚੁਗਣ ਵੇਲੇ ਅਤੇ ਅਗਲੇ ਦਿਨ ਹੋਣ ਵਾਲੇ ਭੋਗ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ। ਚਰਨ ਕੌਰ ਦਾ 84 ਸਾਲ ਦੀ ਉਮਰ ’ਚ 8 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ। ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਲਗਭਗ 15 ਕਿੱਲੋਮੀਟਰ ਦੂਰ ਸਥਿਤ ਡਿਬਰੂਗੜ੍ਹ ਹਵਾਈ ਅੱਡੇ ਤੱਕ ਸੱਤ ਗੱਡੀਆਂ ਦੇ ਕਾਫ਼ਲੇ ’ਚ ਲਿਜਾਇਆ ਗਿਆ, ਜਿਥੋਂ ਉਸ ਨੂੰ ਹਵਾਈ ਜਹਾਜ਼ ਰਾਹੀਂ ਰਾਜਧਾਨੀ ਦਿੱਲੀ ਭੇਜਿਆ ਗਿਆ। ਇਹ ਪੈਰੋਲ ਪੰਜਾਬ ਦੀ ਇਕ ਅਦਾਲਤ ਵਲੋਂ 17 ਨਵੰਬਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਤਹਿਤ ਦਿੱਤੀ ਗਈ ਹੈ।

ਪਿਛਲੀ ਖ਼ਬਰ ਕਾਰ ਦੀਆਂ ਤਾਰਾਂ ਕੱਟਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕੀਤਾ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਦਿੱਲੀ ’ਚ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।