ਟਰੱਕ ’ ਚ ਪਰਾਲੀ ਦੀ ‘ ਉੱਚੀ ਲੱਦ ’ ਹਾਈ ਵੋਲਟੇਜ ਤਾਰਾਂ ਨਾਲ ਟਕਰਾਈ , ਲੱਗੀ ਅੱਗ
ਲੋਹੀਆਂ ਖਾਸ, 3 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੇੜਲੇ ਪਿੰਡ ਫਰੀਦ ਤੋਂ ਲੋਹੀਆਂ ਵੱਲ ਨੂੰ ਆ ਰਹੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦਾ ਟਰੱਕ ਚਾਲਕ ਨੂੰ ਕਾਫ਼ੀ ਦੂਰ ਜਾ ਕੇ ਪਤਾ ਲੱਗਾ ਤਾਂ ਉਸਨੇ ਟਰੱਕ ਰੋਕ ਕੇ ਆਪਣੀ ਜਾਨ ਬਚਾਈ| ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਨੰਬਰੀ ਇੱਕ ਲੰਬੀ ਬਾਡੀ ਦਾ ਟਰੱਕ ਜੋ ਪਰਾਲੀ ਦੀ ਉੱਚੀ ਚੋਟੀ ਲੱਦ ਕੇ ਪਿੰਡ ਫਰੀਦ ਤੋਂ ਲੋਹੀਆਂ ਵੱਲ ਨੂੰ ਆ ਰਿਹਾ ਸੀ, ਕਿ ਸੜਕ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਕਦੋਂ ਟਰੱਕ ਦੀ ਪਰਾਲੀ ਨਾਲ ਖੈਹ ਗਈ ਚਾਲਕ ਨੂੰ ਵੀ ਨਹੀਂ ਪਤਾ ਲੱਗਾ| ਨੇੜੇ ਤੋਂ ਲੰਘ ਰਹੇ ਕਿਸੇ ਪ੍ਰਤੱਖ ਦਰਸ਼ੀ ਨੇ ਚਾਲਕ ਨੂੰ ਦੱਸਿਆ ਤਾਂ ਉਸ ਨੇ ਟਰੱਕ ਨੂੰ ਰੋਕਿਆ, ਪਰ ਉਦੋਂ ਤੱਕ ਅੱਗ ਪੂਰੇ ਟਰੱਕ ਦੀ ਪਰਾਲੀ ਤੱਕ ਫੈਲ ਚੁੱਕੀ ਸੀ| ਇਸੇ ਦੌਰਾਨ ਜਦੋਂ ਤੱਕ ਫਾਇਰ ਬ੍ਰਿਗੇਡ ਗੱਡੀ ਪੁੱਜੀ ਤਾਂ ਉਸ ਵੇਲੇ ਤੱਕ ਟਰੱਕ ਤੇ ਪਰਾਲੀ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕੇ ਸਨ| ਇਸ ਹਾਦਸੇ ’ਚ ਚਾਲਕ ਸਮੇਤ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ, ਪਰ ਦੁਪਹਿਰ ਦੋ ਵਜੇ ਲੱਗੀ ਅੱਗ ਦੇ ਭਾਂਬੜ ਫਾਇਰ ਬ੍ਰਿਗੇਡ ਗੱਡੀ ਵੱਲੋਂ ਅੱਗ ਬੁਝਾਉਣ ਦੋਂ ਬਾਅਦ ਵੀ ਦੇਰ ਸ਼ਾਮ ਤੱਕ ਦੇਖਣ ਨੂੰ ਮਿਲੇ| ਇਸੇ ਦੌਰਾਨ ਅਚਾਨਕ ਇਹ ਅੱਗ ਨੇੜਲੇ ਝੋਨੇ ਦੇ ਖੇਤਾਂ ਦੇ ਵੱਢ ਨੂੰ ਵੀ ਜਾ ਪਈ ਅਤੇ ਕਈ ਖੇਤਾਂ ਦੀ ‘ਪਰਾਲੀ ਦੀ ਰਹਿੰਦ ਖੂੰਹਦ’ ਸੜ ਜਾਣ ਦਾ ਖਬਰਾਂ ਵੀ ਆਈਆਂ ਹਨ|