ਮੁਕੱਦਮੇ ਵਿਚ ਹੋਰ ਧਾਰਾਵਾਂ ਜੋੜਨ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ, ਬੱਸਾਂ ਤੇ ਹੋਰ ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਹਵਾਈ ਅੱਡੇ ਜਾਣ ਵਾਲੇ ਯਾਤਰੀਆਂ ਸਮੇਤ ਆਮ ਰਾਹਗੀਰ ਹੋਏ ਪ੍ਰੇਸ਼ਾਨ, ਸ਼ਾਮ 7 ਵਜੇ ਤੋਂ ਆਵਾਜਾਈ ਪ੍ਰਭਾਵਿਤ
ਰਾਜਾਸਾਂਸੀ, 26 ਨਵੰਬਰ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੀ ਆਬਾਦੀ ਗਾਂਧੀ ਨਗਰ ਵਿਚ ਬੀਤੇ ਦਿਨੀਂ ਇਕ ਪਰਿਵਾਰ ਨਾਲ ਹੋਏ ਝਗੜੇ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਇਲਾਕਾ ਵਾਸੀਆਂ ਵਲੋਂ ਅੰਮ੍ਰਿਤਸਰ-ਅਜਨਾਲਾ-ਏਅਰਪੋਰਟ ਰੋਡ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਸ਼ਾਮ ਕਰੀਬ 7 ਵਜੇ ਸ਼ੁਰੂ ਹੋਇਆ ਇਹ ਧਰਨਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।
ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਬੱਸਾਂ, ਕਾਰਾਂ ਅਤੇ ਹੋਰ ਵਾਹਨ ਜਾਮ ਵਿਚ ਫਸੇ ਰਹੇ। ਖ਼ਾਸ ਕਰਕੇ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੰਮੇ ਸਮੇਂ ਤੱਕ ਜਾਮ ਵਿਚ ਫਸੇ ਰਹਿਣ ਕਾਰਨ ਲੋਕਾਂ ਵਿਚ ਵੀ ਰੋਸ ਦੇਖਣ ਨੂੰ ਮਿਲਿਆ।
ਧਰਨਾਕਾਰੀਆਂ ਦੀ ਮੁੱਖ ਮੰਗ ਹੈ ਕਿ ਝਗੜੇ ਸਬੰਧੀ ਪੁਲਿਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਵਿਚ ਹੋਰ ਧਾਰਾਵਾਂ ਦਾ ਵਾਧਾ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਵਲੋਂ ਮੌਜੂਦਾ ਮੁਕੱਦਮੇ ਵਿਚ ਹੋਰ ਧਾਰਾਵਾਂ ਜੋੜਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ ਅਤੇ ਲੋਕ ਸੜਕ ’ਤੇ ਧਰਨਾ ਲਗਾ ਕੇ ਬੈਠੇ ਰਹੇ।
ਇਸ ਸਬੰਧੀ ਐੱਸ.ਐੱਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਫਿਲਹਾਲ ਧਰਨਾ ਜਾਰੀ ਰਹਿਣ ਕਾਰਨ ਏਅਰਪੋਰਟ ਰੋਡ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਵਿਚਕਾਰ ਸਹਿਮਤੀ ਕਦੋਂ ਬਣਦੀ ਹੈ ਅਤੇ ਆਮ ਲੋਕਾਂ ਨੂੰ ਇਸ ਜਾਮ ਤੋਂ ਕਦੋਂ ਰਾਹਤ ਮਿਲਦੀ ਹੈ।