ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਵਲੋਂ ਤਕਨਾਲੋਜੀ ਆਧਾਰਿਤ ਪ੍ਰੈਕਟੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਈ.ਆਈ.ਟੀ. ਦਿੱਲੀ ਨਾਲ ਸਹਿਯੋਗ ਕੀਤਾ ਗਿਆ ਹੈ । ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਵਰਚੁਅਲ ਲੈਬਜ਼ ਪਹਿਲਕਦਮੀ, ਜੋ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਥਰੂ ਆਈ.ਸੀ.ਟੀ. (ਐਨ.ਐਮ.ਈ.ਆਈ.ਸੀ.ਟੀ.) ਤਹਿਤ ਲਾਗੂ ਕੀਤੀ ਜਾ ਰਹੀ ਹੈ ਦੇ ਅਧੀਨ ਸੀ.ਟੀ. ਗਰੁੱਪ ਮਕਸੂਦਾਂ ਨੂੰ ਆਈ.ਆਈ.ਟੀ. ਦਿੱਲੀ ਨਾਲ ਸੰਬੰਧਿਤ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ । ਵਰਚੁਅਲ ਲੈਬਜ਼ ਰਵਾਇਤੀ ਲੈਬ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੀ ਤਕਨੀਕੀ ਅਤੇ ਪ੍ਰੈਕਟੀਕਲ ਸਮਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਣਗੀਆਂ। ਨੋਡਲ ਕੇਂਦਰ ਵਜੋਂ ਸੀ.ਟੀ. ਗਰੁੱਪ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਤਕਨੀਕੀ ਤੇ ਅਕਾਦਮਿਕ ਖੇਤਰਾਂ ਨਾਲ ਸਬੰਧਿਤ ਵਰਚੁਅਲ ਲੈਬਜ਼ ਅਤੇ ਪ੍ਰਯੋਗਾਂ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਵਰਚੁਅਲ ਲੈਬਜ਼ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਲੋੜੀਂਦੀ ਤਕਨੀਕੀ ਤੇ ਸੰਚਾਲਨ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਆਈ.ਆਈ.ਟੀ. ਦਿੱਲੀ ਨਾਲ ਇਹ ਸਹਿਯੋਗ ਅਤੇ ਸੰਸਥਾ ਨੂੰ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਮਾਨਤਾ ਮਿਲਣਾ ਪ੍ਰੈਕਟੀਕਲ ਤੇ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ।