ਸਿਵਲ ਹਸਪਤਾਲ ’ਚ ਲਾਪਰਵਾਹੀ, ਜੱਚਾ-ਬੱਚਾ ਵਾਰਡ ਦੇ ਬਾਹਰ ਹੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ
ਜਲੰਧਰ, 24 ਸਤੰਬਰ (ਜਤਿੰਦਰ ਪੰਮੀ)-ਲਾਪਰਵਾਹੀ ਕਾਰਨ ਪਹਿਲਾਂ ਹੀ ਬਦਹਾਲ ਹੋ ਚੁੱਕੇ ਸਿਵਲ ਹਸਪਤਾਲ ’ਚ ਵੀਰਵਾਰ ਸਵੇਰੇ ਇਕ ਹੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇਕ ਔਰਤ ਨੇ ਫਿਜ਼ੀਓਥੈਰੇਪੀ ਸੈਂਟਰ ਨੇੜੇ ਜੱਚਾ-ਬੱਚਾ ਵਾਰਡ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਰਾਊਂਡ ’ਤੇ ਨਿਕਲੀਆਂ ਡਾਕਟਰਾਂ ਨੇ ਤੁਰੰਤ ਚੌਕਸੀ ਵਰਤਦਿਆਂ ਬੱਚੇ ਤੇ ਮਾਂ ਨੂੰ ਸੰਭਾਲ ਲਿਆ ਅਤੇ ਜਨਮ ਤੋਂ ਬਾਅਦ ਦੋਵਾਂ ਨੂੰ ਤੁਰੰਤ ਵਾਰਡ ਦੇ ਲੇਬਰ ਰੂਮ ਵਿੱਚ ਲਿਜਾਇਆ ਗਿਆ।
ਜਲੰਧਰ, 24 ਸਤੰਬਰ (ਜਤਿੰਦਰ ਪੰਮੀ)-ਲਾਪਰਵਾਹੀ ਕਾਰਨ ਪਹਿਲਾਂ ਹੀ ਬਦਹਾਲ ਹੋ ਚੁੱਕੇ ਸਿਵਲ ਹਸਪਤਾਲ ’ਚ ਵੀਰਵਾਰ ਸਵੇਰੇ ਇਕ ਹੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇਕ ਔਰਤ ਨੇ ਫਿਜ਼ੀਓਥੈਰੇਪੀ ਸੈਂਟਰ ਨੇੜੇ ਜੱਚਾ-ਬੱਚਾ ਵਾਰਡ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਰਾਊਂਡ ’ਤੇ ਨਿਕਲੀਆਂ ਡਾਕਟਰਾਂ ਨੇ ਤੁਰੰਤ ਚੌਕਸੀ ਵਰਤਦਿਆਂ ਬੱਚੇ ਤੇ ਮਾਂ ਨੂੰ ਸੰਭਾਲ ਲਿਆ ਅਤੇ ਜਨਮ ਤੋਂ ਬਾਅਦ ਦੋਵਾਂ ਨੂੰ ਤੁਰੰਤ ਵਾਰਡ ਦੇ ਲੇਬਰ ਰੂਮ ਵਿੱਚ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਜੱਚਾ ਤੇ ਬੱਚਾ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਹਾਲਾਂਕਿ ਔਰਤ ਤੇ ਬੱਚੇ ਨੂੰ ਜਿਸ ਸਟਰੈਚਰ ’ਤੇ ਲਿਜਾਇਆ ਜਾ ਰਿਹਾ ਸੀ, ਉਹ ਸੀਵਰੇਜ ਪਾਈਪਲਾਈਨ ਵਿਛਾਉਣ ਲਈ ਪੁੱਟੀ ਗਈ ਥਾਂ ’ਤੇ ਪਏ ਟੋਇਆਂ ’ਚ ਅਟਕਣ ਕਾਰਨ ਡਿੱਗਣੋਂ ਮਸਾਂ ਬਚਾ ਹੋਇਆ। ਇਸ ਤੋਂ ਇਲਾਵਾ ਜਿਸ ਸਟਰੈਚਰ ’ਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਉਸ ਉੱਪਰ ਕੋਈ ਚਾਦਰ ਤੱਕ ਨਹੀਂ ਵਿਛਾਈ ਗਈ ਸੀ। ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਪਛਾਣ ਗੁਰਾਇਆ ਵਾਸੀ ਸੁਸ਼ੀਲਾ ਪਤਨੀ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲਾ ਦੇ ਪਹਿਲਾਂ ਹੀ ਚਾਰ ਬੱਚੇ ਹਨ ਅਤੇ ਇਹ ਉਸ ਦਾ ਪੰਜਵਾਂ ਬੱਚਾ ਹੈ। ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਔਰਤ ਫਿਜ਼ੀਓਥੈਰੇਪੀ ਸੈਂਟਰ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਡਾਕਟਰ ਰਾਊਂਡ ’ਤੇ ਜਾ ਰਹੇ ਸਨ, ਜਿਨ੍ਹਾਂ ਨੇ ਦੇਖਿਆ ਕਿ ਔਰਤ ਨੂੰ ਜਣੇਪੇ ਦੀਆਂ ਤੇਜ਼ ਪੀੜਾਂ ਹੋ ਰਹੀਆਂ ਸਨ । ਸਥਿਤੀ ਨੂੰ ਦੇਖਦਿਆਂ ਤੁਰੰਤ ਸਟਾਫ਼ ਨੂੰ ਸਟਰੈਚਰ ਲਿਆਉਣ ਲਈ ਕਿਹਾ ਗਿਆ ਪਰ ਜਣੇਪੇ ਦੀਆਂ ਪੀੜਾਂ ਬਹੁਤ ਜ਼ਿਆਦਾ ਹੋਣ ਕਾਰਨ ਔਰਤ ਨੇ ਬਾਹਰ ਹੀ ਸਟਰੈਚਰ ’ਤੇ ਬੱਚੇ ਨੂੰ ਜਨਮ ਦੇ ਦਿੱਤਾ। ਸਟਰੈਚਰ ਬਿਨਾਂ ਚਾਦਰ ਤੇ ਰੇਲਿੰਗ ਤੋਂ ਲਿਆਉਣ ਸੰਬੰਧੀ ਪੁੱਛੇ ਜਾਣ ’ਤੇ ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਐਮਰਜੈਂਸੀ ਅਤੇ ਜਲਦਬਾਜ਼ੀ ਕਾਰਨ ਸਟਾਫ਼ ਬਿਨਾਂ ਚਾਦਰ ਵਾਲਾ ਸਟਰੈਚਰ ਹੀ ਲੈ ਆਇਆ ਸੀ, ਤਾਂ ਜੋ ਔਰਤ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਬਾਹਰ ਜਣੇਪਾ ਹੋਣ ਬਾਰੇ ਡਾ. ਘਈ ਨੇ ਕਿਹਾ ਕਿ ਜੱਚਾ ਤੇ ਉਸ ਦੇ ਪਰਿਵਾਰਕ ਮੈਂਬਰ ਦੇਰੀ ਨਾਲ ਘਰੋਂ ਤੁਰੇ ਸਨ ਅਤੇ ਹਸਪਤਾਲ ਤੱਕ ਪੁੱਜਦਿਆਂ ਹੀ ਜੱਚਾ ਦੀਆਂ ਜਣੇਪਾ ਪੀੜਾਂ ਤੇਜ਼ ਹੋ ਗਈਆਂ, ਜਿਸ ਕਾਰਨ ਉਸ ਨੇ ਬੱਚੇ ਨੂੰ ਬਾਹ ਰ ਹੀ ਜਨਮ ਦੇ ਦਿੱਤਾ।