ਜਲੰਧਰ, 14 ਸਤੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਹਰਿ ਕੀਰਤ ਸਾਧ ਸੰਗਤ, ਨਿਹੰਗ ਸਿੰਘ ਸਭਾ, ਗੁਰੂ ਹਰਿਗੋਬਿੰਦਪੁਰਾ, ਬਸਤੀ ਸ਼ੇਖ, ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਸਮਾਗਮ 15 ਸਤੰਬਰ ਤੋਂ 18 ਸਤੰਬਰ ਤੱਕ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ । ਸਮਾਗਮਾਂ ਦੀ ਤਿਆਰੀ ਸੰਬੰਧੀ ਪ੍ਰਬੰਧਕਾਂ ਦੀ ਇਕ ਇਕੱਤਰਤਾ ਹੋਈ, ਜਿਸ ’ਚ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਕੁਲਵੰਤ ਸਿੰਘ ਨਿਹੰਗ ਨੇ ਜਾਣਕਾਰੀ ਦਿੱਤੀ ਕਿ ਵਿਆਹ ਪੁਰਬ ਦੇ ਸਮਾਗਮ ਦੀ ਸ਼ੁਰੂਆਤ ਮੌਕੇ 15 ਸਤੰਬਰ, ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ 17 ਸਤੰਬਰ, ਦਿਨ ਵੀਰਵਾਰ ਨੂੰ ਸ਼ਾਮ 4 ਵਜੇ ਭੋਗ ਪਾਏ ਜਾਣਗੇ ਉਪਰੰਤ ਭਾਈ ਗੁਰਸ਼ਰਨ ਸਿੰਘ (ਹਜ਼ੂਰੀ ਰਾਗੀ) ਅਤੇ ਭਾਈ ਹਰਮੀਤ ਸਿੰਘ (ਜਲੰਧਰ ਵਾਲੇ) ਦੇ ਜਥੇ ਕੀਰਤਨ ਦੀ ਹਾਜ਼ਰੀ ਭਰਣਗੇ। ਉਪਰੰਤ ਗਿਆਨੀ ਸੁਖਬੀਰ ਸਿੰਘ ਦਾ ਜਥਾ ਕਵੀਸ਼ਰੀ ਪੇਸ਼ ਕਰੇਗਾ। ਉਨ੍ਹਾਂ ਦੱਸਿਆ ਕਿ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਇਲਾਕੇ ਦਾ ਚੱਕਰ ਲਗਾਉਣ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਇਸ ਮੌਕੇ ਅਜੈ ਸੋਨਿਕ, ਅਵਤਾਰ ਸਿੰਘ ਖਾਸਰੀਆ, ਅਮਰਜੀਤ ਸਿੰਘ ਨਿਹੰਗ, ਕਰਨਬੀਰ ਸਿੰਘ ਨਿਹੰਗ, ਜਸਵੰਤ ਸਿੰਘ ਖਾਸਰੀਆ, ਅਵਤਾਰ ਸਿੰਘ ਨਿਹੰਗ ਅਤੇ ਹੋਰ ਹਾਜ਼ਰ ਸਨ।