05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਹਨ ਸਰਕਾਰੀ ਸਕੂਲ

ਅੱਪਰਾ, 4 ਸਤੰਬਰ- ਅੱਜ ਪੂਰਾ ਦੇਸ਼ ‘ਅਧਿਆਪਕ ਦਿਵਸ’ ਮਨਾ ਰਿਹਾ ਹੈ ਪਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਅੱਪਰਾ ਇਲਾਕੇ ਦੇ 4 ਹਾਈ ਅਤੇ 4 ਸੀਨੀ.

ਦਾਨੀ ਸੱਜਣਾਂ ਦੇ ਵੱਡਮੁੱਲੇ ਸਹਿਯੋਗ ਨਾਲ ਬਣੀ ਸ.ਹ.ਸ. ਦਿਆਲਪੁਰ ਦੀ ਸ਼ਾਨਦਾਰ ਇਮਾਰਤ। (ਸੱਜੇ) ਸ.ਹ,ਸ. ਲਾਂਦੜਾ ਵਿਖੇ ਖਾਲੀ ਅਸਾਮੀਆਂ ਦੀ ਮੂੰਹ ਬੋਲਦੀ ਤਸਵੀਰ ਦਿਖਾਉਂਦਾਹੋਇਆ ਬੋਰਡ। ਅਜੀਤ ਤਸਵੀਰਾਂ ਰਜਿੰਦਰ ਸੰਧੂ ਮਾਸਟਰ ਬਲਵੰਤ ਸਿੰਘ ਮਾਸਟਰ ਅਸ਼ੋਕ ਕੁਮਾਰ 05-09-2026
ਅੱਪਰਾ, 4 ਸਤੰਬਰ- ਅੱਜ ਪੂਰਾ ਦੇਸ਼ ‘ਅਧਿਆਪਕ ਦਿਵਸ’ ਮਨਾ ਰਿਹਾ ਹੈ ਪਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਅੱਪਰਾ ਇਲਾਕੇ ਦੇ 4 ਹਾਈ ਅਤੇ 4 ਸੀਨੀ. ਸੈਕੰ. ਸਕੂਲਾਂ ਵਿੱਚ ਕੀਤੇ ਗਏ ਸਰਵੇ ਅਨੁਸਾਰ 8 ਸਕੂਲਾਂ ’ਚ 112 ਅਧਿਆਪਕਾਂ ਦੀਆਂ ਅਸਾਮੀਆਂ ’ਚੋਂ 69 (61.60%) ਅਸਾਮੀਆਂ ਖਾਲੀ ਹਨ । 8 ਸਕੂਲਾਂ ’ਚੋਂ ਸਿਰਫ 2 ਸਕੂਲਾਂ ’ਚ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਹੈ, ਸਰਕਾਰੀ ਹਾਈ ਸਕੂਲ ਦਿਆਲਪੁਰ ’ਚ 13 ਸਾਲ ਬਾਅਦ 3 ਸਤੰਬਰ ਨੂੰ ਹੀ ਮੁੱਖ ਅਧਿਆਪਕ ਦੀ ਨਿਯੁਕਤੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਗੱਲਾਂ ਕਰਨ ਵਾਲੀਆਂ ਸਰਕਾਰਾਂ ਕੋਲ ਆਪਣੇ ਹੀ ਸੂਬੇ ਦੀ ਭਾਸ਼ਾ ਪੰਜਾਬੀ ਵਿਸ਼ੇ ਲਈ ਅਧਿਆਪਕ ਭਰਤੀ ਕਰਨ ਦੀ ਫੁਰਸਤ ਨਹੀਂ ਹੈ। 8 ਸਕੂਲਾਂ ਚੋਂ 6 ਸਕੂਲਾਂ ’ਚ ਪੰਜਾਬੀ ਵਿਸ਼ੇ ਦਾ ਅਧਿਆਪਕ ਨਹੀਂ ਹੈ ਅਤੇ ਕਿਸੇ ਵੀ ਸਕੂਲ ਵਿਚ ਡੀ.ਪੀ.ਈ. ਜਾਂ ਪੀ.ਟੀ.ਆਈ. ਅਧਿਆਪਕ ਨਹੀਂ ਹੈ,ਫਿਰ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਕਿਵੇਂ ਵੱਧ ਸਕਦਾ ਹੈ। ਵਿਸਥਾਰਿਤ ਰਿਪੋਰਟ : (1) ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਜੋ ਕਿ ਬ੍ਰਿਟਿਸ਼ ਸਰਕਾਰ ਵਲੋਂ ਜਲੰਧਰ ਜ਼ਿਲ੍ਹੇ ਦੇ ਚਾਰ ਪਿੰਡਾਂ ’ਚ 1886 ਈਸਵੀ ’ਚ ਬਣਾਏ 4 ਸਕੂਲਾਂ ’ਚੋਂ ਇੱਕ ਹੈ। ਜਲੰਧਰ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਸਕੂਲ ਵਿੱਚ ਅਧਿਆਪਕਾਂ ਦੀਆਂ ਮੁੱਖ ਅਧਿਆਪਕ ਸਮੇਤ ਕੁੱਲ 13 ਅਸਾਮੀਆਂ ਹਨ ਅਤੇ ਪੰਜਾਬੀ ਵਿਸ਼ੇ ਅਤੇ ਸਕੂਲ ਮੁਖੀ ਸਮੇਤ 7 ਅਸਾਮੀਆਂ ਖਾਲੀ ਹਨ। ਜਸਪਾਲ ਸੰਧੂ ਕਾਰਜਕਾਰੀ ਸਕੂਲ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਹਾਜ਼ਰ 6 ਅਧਿਆਪਕਾਂ ’ਚੋਂ 3 ਅਧਿਆਪਕ ਐਸ.ਆਈ.ਆਰ. ਦੀਆਂ ਡਿਊਟੀਆਂ ਨਿਭਾਅ ਰਹੇ ਹਨ । ਨਾਨ ਟੀਚਿੰਗ ਸਟਾਫ ’ਚ ਕਲਰਕ ਤੇ ਸਫਾਈ ਸੇਵਕ ਦੀ ਘਾਟ ਹੈ। ਚੌਕੀਦਾਰ ਵੀ ਅਸਥਾਈ ਸੇਵਾ ’ਤੇ ਹੈ। ਸ.ਹ.ਸ.ਸ. ਅੱਪਰਾ ਦੀ ਬੱਚੀ ਨੇ ਪਿਛਲੇ ਸਾਲਾਂ ’ਚ ਮੈਰਿਟ ਲਿਸਟ ’ਚ ਆਪਣਾ ਨਾਂਅ ਦਰਜ ਕਰਵਾਇਆ ਸੀ। (2) ਸਰਕਾਰੀ ਹਾਈ ਸਕੂਲ ਥਲਾ ਵਿਖੇ ਵੀ 9 ’ਚੋਂ 4 ਅਸਾਮੀਆਂ ਖਾਲੀ ਹਨ। ਮੋਹਨ ਲਾਲ ਕਾਰਜਕਾਰੀ ਸਕੂਲ ਮੁਖੀ ਹਨ। ਇਸ ਸਕੂਲ ਦੇ ਬੱਚੇ ਨੇ ਵੀ ਇਸ ਸਾਲ ਮੈਰਿਟ ਸੂਚੀ ’ਚ ਨਾਂਅ ਦਰਜ ਕਰਵਾਇਆ ਸੀ। ਇਸ ਸਕੂਲ ਦੀ ਵਿਸ਼ੇਸ਼ਤਾ ਹੈ ਕਿ ਸਿਰਫ ਇਸ ਸਕੂਲ ਵਿਖੇ ਹੀ ਇੱਥੇ ਪੰਜਾਬੀ ਅਧਿਆਪਕ ਹੈ ਅਤੇ 63 ਫੀਸਦੀ ਬੱਚੇ ਅੰਗਰੇਜ਼ੀ ਮਾਧਿਅਮ ’ਚ ਵਿੱਦਿਆ ਹਾਸਿਲ ਕਰ ਰਹੇ ਹਨ। ਸੇਵਾਦਾਰ, ਸਫਾਈ ਸੇਵਕ ਅਤੇ ਚੌਕੀਦਾਰ ਦੀ ਤਨਖਾਹ ਦਾਨੀ ਸੱਜਣਾਂ ਵਲੋਂ ਦਿੱਤੀ ਜਾਂਦੀ ਹੈ। (3) ਸਰਕਾਰੀ ਹਾਈ ਸਕੂਲ ਲਾਂਦੜਾ ਦੀ ਹਾਲਤ ਬੇਹੱਦ ਗੰਭੀਰ ਹੈ। ਇਸ ਸਕੂਲ ’ਚ 10 ’ ਚੋਂ 7 ਅਸਾਮੀਆਂ ਖਾਲੀ ਹਨ। 3 ’ਚੋਂ 1 ਅਧਿਆਪਕ ਐਸ. ਆਈ. ਆਰ. ਦੀ ਡਿਊਟੀ ਲਈ ਤਾਇਨਾਤ ਹਨ ਤੇ 1 ਅਧਿਆਪਕਾ 220 ਕਿੱਲੋਮੀਟਰ ਦੂਰ ਮੁਕਤਸਰ ਇਲਾਕੇ ਤੋਂ ਹਨ। ਉਹ ਵੀ 1-2 ਮਹੀਨੇ ’ਚ ਆਪਣੇ ਇਲਾਕੇ ਵਿੱਚ ਬਦਲੀ ਕਰਵਾ ਕੇ ਚਲੇ ਜਾਣਗੇ। ਅਧਿਆਪਕਾਂ ਦੀ ਘਾਟ ਦੇ ਬਾਵਜੂਦ ਇਸ ਸਕੂਲ ਦਾ ਬੱਚਾ ਵੀ ਮੈਰਿਟ ਲਿਸਟ ਵਿੱਚ ਆਇਆ ਸੀ । ਕੁਲਦੀਪ ਕੌਰ ਕਾਰਜਕਾਰੀ ਸਕੂਲ ਮੁਖੀ ਹਨ। (4) ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਲਾਕੇ ਦੀ ਸਭ ਤੋਂ ਸ਼ਾਨਦਾਰ ਇਮਾਰਤ ਵਾਲੇ ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ ਵਿਖੇ 13 ਸਾਲ ਬਾਅਦ 3 ਸਤੰਬਰ ਨੂੰ ਸਕੂਲ ਮੁਖੀ ਦੀ ਨਿਯੁਕਤੀ ਦੀ ਖ਼ਬਰ ਹੈ ਪਰ ਫਿਰ ਵੀ ਇਸ ਸਕੂਲ ਵਿੱਚ 13 ’ਚੋਂ 8 ਅਸਾਮੀਆਂ ਖਾਲੀ ਹਨ। ਸਕੂਲ ਮੁਖੀ ਸਮੇਤ ਸਿਰਫ 5 ਅਧਿਆਪਕ ਹੀ ਹਾਜ਼ਰ ਹਨ ਪਰ 2 ਅਧਿਆਪਕ ਐਸ.ਆਰ.ਆਈ. ਡਿਊਟੀ ਲਈ ਨਿਯੁਕਤ ਹਨ। (5) ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਲਸਾੜਾ ਵਿਖੇ 18 ’ਚੋਂ 13 ਅਸਾਮੀਆਂ ਖਾਲੀ ਹਨ। ਇਸ ਇਤਿਹਾਸਿਕ ਪਿੰਡ ਦੇ ਸਕੂਲ ਦੀ ਖੁਸ਼ਕਿਸਮਤੀ ਹੈ ਕਿ ਸੁਖਵਿੰਦਰ ਲਾਲ ਇਲਾਕੇ ਦੇ 4 ਸੀਨੀ. ਸੈਕੰ. ਸਕੂਲਾਂ ’ਚੋਂ ਇੱਕੋ ਇੱਕ ਪ੍ਰਿੰਸੀਪਲ ਹਨ। ਪਿੰਡ ਵਾਸੀਆਂ ਅਨੁਸਾਰ ਪਿੰਡ ਵਾਸੀਆਂ ਵਲੋਂ ਬਹੁਤ ਹੀ ਮਿਹਨਤ ਨਾਲ ਇਸ ਸਕੂਲ ਵਿੱਚ ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਲਈ ਸਾਇੰਸ ਗਰੁੱਪ ਸ਼ੁਰੂ ਕਰਵਾਇਆ ਗਿਆ ਸੀ ਪਰ ਇਸ ਵੇਲੇ ਸਾਇੰਸ ਦੇ ਲੈਕਚਰਾਰਾਂ ਸਮੇਤ ਲੈਕਚਰਾਰ ਦੀਆਂ 5 ਦੀਆਂ 5 ਅਸਾਮੀਆਂ ਖਾਲੀ ਹਨ। ਮਾਸਟਰ ਕੇਡਰ ਦੀਆਂ ਵੀ 12 ਅਸਾਮੀਆਂ ’ਚੋਂ ਪੰਜਾਬੀ ਅਧਿਆਪਕ ਸਮੇਤ 8 ਅਸਾਮੀਆਂ ਖਾਲੀ ਹਨ। (6) ਸ.ਸ.ਸ.ਸ. ਭਾਰ ਸਿੰਘ ਪੁਰ ਵਿਖੇ ਕੁੱਲ 22 ਅਸਾਮੀਆਂ ਹਨ। ਪਰ ਪ੍ਰਿੰਸੀਪਲ ਅਤੇ ਪੰਜਾਬੀ ਅਧਿਆਪਕ ਸਮੇਤ 17 ਅਸਾਮੀਆਂ ਖਾਲੀ ਹਨ। ਇਹ ਸਕੂਲ ਇਲਾਕੇ ਦਾ ਇੱਕੋ ਇੱਕ ਸਕੂਲ ਹੈ ਜਿੱਥੇ ਕਿੱਤਾ ਮੁਖੀ ਕੋਰਸਾਂ ਲਈ ਲੈਕਚਰਾਰ ਦੀਆਂ 6 ਅਸਾਮੀਆਂ ਹਨ ਤੇ 4 ਅਸਾਮੀਆਂ ਖਾਲੀ ਹਨ। (7) ਸ.ਸ.ਸ.ਸ. ਮੋਰੋਂ ਵਿਖੇ ਕੁੱਲ 12 ਅਸਾਮੀਆਂ ਵਿੱਚੋਂ ਪ੍ਰਿੰਸੀਪਲ, ਪੰਜਾਬੀ ਅਧਿਆਪਕ ਤੇ ਲੈਕਚਰਾਰਾਂ ਸਮੇਤ 7 ਅਸਾਮੀਆਂ ਖਾਲੀ ਹਨ। ਪਿੰਡ ਵਾਸੀਆਂ ਅਨੁਸਾਰ ਇਸ ਸਕੂਲ ਵਿੱਚ ਅੰਗਰੇਜ਼ੀ ਅਧਿਆਪਕ ਅੰਮ੍ਰਿਤਪਾਲ ਸਿੰਘ ਜੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਅੰਗਰੇਜ਼ੀ ਲੈਬ ਸਥਾਪਿਤ ਕੀਤੀ ਗਈ ਹੈ। (8) ਸਰਕਾਰੀ ਸੀਨੀ. ਸੈਕੰ. ਸਕੂਲ ਗੜ੍ਹੀ ਮਹਾ ਸਿੰਘ ਵਿਖੇ ਵੀ ਪਿੰਸੀ. ਅਤੇ ਪੰਜਾਬੀ ਅਧਿਆਪਕ ਸਮੇਤ 17 ਪੋਸਟਾਂ ’ਚੋਂ 6 ਪੋਸਟਾਂ ਖਾਲੀ ਹਨ। ਪਿਛਲੇ 26 ਸਾਲ ਤੋਂ ਸਕੂਲ ਦੇ 16 ਕਮਰੇ, ਸ਼ਾਨਦਾਰ ਰਸੋਈ ਅਤੇ ਬਾਥਰੂਮ ਬਣਾਉਣ ’ਚ ਪਿੰਡ ਦੇ ਦਾਨੀ ਸੱਜਣਾਂ ਦਾ ਵੱਡਾ ਯੋਗਦਾਨ ਹੈ। ਕਰੀਬ ਮਾਸਟਰ ਸੁਰਿੰਦਰ ਪੁਆਰੀ ਅਨੁਸਾਰ ਪਿਛਲੇ 6 ਮਹੀਨੇ ਤੋਂ ਮੈਂਟੀਨੈਂਸ ਫੰਡ ਵੀ ਸਰਕਾਰ ਵਲੋਂ ਜਾਰੀ ਨਹੀਂ ਕੀਤੇ ਗਏ ਹਨ। ਵਿਸ਼ੇਸ਼ ਕਥਨ : ਉੱਘੇ ਸਮਾਜ ਸੇਵਕ ਤੇ ਕਾਂਗਰਸੀ ਆਗੂ ਰਜਿੰਦਰ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਖਾਸ ਕਰਕੇ ਦੁਆਬੇ ’ਚ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ 60 ਤੋਂ 80 ਫੀਸਦੀ ਐਨ. ਆਰ. ਆਈ. ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿਆਰ ਹੋਈਆਂ ਹਨ। ਇਨਵਰਟਰ, ਵਾਟਰ ਕੂਲਰ ਅਤੇ ਪੱਖੇ ਆਦਿ ਦਾਨੀ ਸੱਜਣਾਂ ਦੀ ਹੀ ਦੇਣ ਹੈ। ਸੇਵਾ ਮੁਕਤ ਅਧਿਆਪਕਾਂ ਮਾਸਟਰ ਬਲਵੰਤ ਸਿੰਘ, ਲੈਕਚਰਾਰ ਪਰਦੀਪ ਸਿੰਘ ਰਾਜਪੁਰਾ ਅਤੇ ਮਾਸਟਰ ਅਸ਼ੋਕ ਕੁਮਾਰ ਮਹਿਮੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਮਾਸਟਰ ਕਾਡਰ ਵਿੱਚ ਕੋਈ ਵੀ ਭਰਤੀ ਨਹੀਂ ਕੀਤੀ ਹੈ। ਲੈਕਚਰਾਰਾਂ ਦੀਆਂ ਸਿਰਫ 1013 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਤੋਂ ਦੁਗਣੀਆਂ ਅਸਾਮੀਆਂ ਖਾਲੀ ਹਨ। ਹਜ਼ਾਰਾਂ ਵਿਦਿਆਰਥੀ ਆਪਣੀ ਵਿਦਿਅਕ ਯੋਗਤਾ ਪੂਰੀ ਕਰਕੇ ਅਤੇ ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਕੇ ਬੇਰੁਜ਼ਗਾਰ ਘੁੰਮ ਰਹੇ ਹਨ। ਪੰਜਾਬ ਸਿੱਖਿਆ ਕ੍ਰਾਂਤੀ ਅਧਿਆਪਕਾਂ ਤੋਂ ਬਿਨਾਂ ਕਿਵੇਂ ਕਾਮਯਾਬ ਹੋਵੇਗੀ। ਜਿਹੜੇ ਅਧਿਆਪਕ ਸਕੂਲਾਂ ਵਿੱਚ ਵੀ ਹਨ, ਉਹ ਵੀ ਗੈਰ - ਵਿੱਦਿਅਕ ਕੰਮਾਂ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ। ਅਧਿਆਪਕਾਂ ਨੂੰ ਗੈਰ - ਵਿੱਦਿਅਕ ਕੰਮਾਂ ਤੋਂ ਦੂਰ ਰੱਖਣਾ ਚਾਹੀਦਾ। ਹਜ਼ਾਰਾਂ ਅਧਿਆਪਕ ਚੋਣ ਅਤੇ ਵੋਟ ਡਿਊਟੀਆਂ ਕਾਰਨ ਆਪਣਾ ਸਿਲੇਬਸ ਵੀ ਨਹੀਂ ਕਰਵਾ ਰਹੇ। ਵਿਦਿਆਰਥੀਆਂ ਨੂੰ ਅਸੀਂ ਗੁਣਾਤਮਕ ਸਿੱਖਿਆ ਕਿਵੇਂ ਪ੍ਰਦਾਨ ਕਰਾਂਗੇ।
ਪਿਛਲੀ ਖ਼ਬਰ ਟਕਰਾਅ ਖ਼ਤਮ ਕਰਨ ਲਈ ਯੂਕਰੇਨ ਤੇ ਰੂਸ ਨਾਲ ਲਗਾਤਾਰ ਸੰਪਰਕ ’ਚ ਭਾਰਤ-ਜੈਸ਼ੰਕਰ ਅਗਲੀ ਖ਼ਬਰ ਸਰਕਾਰੀ ਸਕੂਲ ਬਿਨਪਾਲਕੇ ਦੀ ਅਧਿਆਪਕਾ ਗੁਰਪ੍ਰੀਤ ਕੌਰ ਹੋਵੇਗੀ ਸਟੇਟ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।