ਵਾਸ਼ਿੰਗਟਨ, 6 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ’ਚ ਹੋਣ ਵਾਲੇ ਦੀਵਾਲੀ ਦੇ ਜਸ਼ਨ ’ਚ ਸ਼ਾਮਲ ਹੋਣਗੇ। ਇਹ ਸਮਾਗਮ ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਕਰਵਾਇਆ ਜਾਵੇਗਾ। ਇਸ ਦੀ ਸ਼ੁਰੂਆਤ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਦੇ ਸਮੇਂ ਹੋਈ ਸੀ ਅਤੇ ਹੁਣ ਇਹ ਇਕ ਰਵਾਇਤ ਬਣ ਗਈ ਹੈ। ਇਸ ਤੋਂ ਪਹਿਲਾਂ ਦੀਵਾਲੀ ਦੇ ਸਮਾਗਮ ਜ਼ਿਆਦਾਤਰ ਆਈਜ਼ਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ ’ਚ ਕਰਵਾਏ ਜਾਂਦੇ ਸਨ। ਇਨ੍ਹਾਂ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਤੇ ਭਾਰਤੀ ਡਿਪਲੋਮੈਟ ਸ਼ਾਮਲ ਹੁੰਦੇ ਸਨ। ਸਾਲ 2009 ’ਚ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਊਸ ਵਿਚ ਦੀਵਾ ਜਗਾਉਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸਨ। ਇਹ ਸਮਾਗਮ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਹੋਇਆ ਸੀ।