ਟਰੰਪ ਦੇ ਦਬਾਅ ਮਗਰੋਂ ਜੀ -7 ਦਾ ਵੱਡਾ ਫੈਸਲਾ , 10 ਕਰੋੜ ਬੈਰਲ ਤੇਲ ਤੇ ਡੀਜ਼ਲ ਹੋਵੇਗਾ ਜਾਰੀ
ਨਿਊਯਾਰਕ, 3 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਭਰ ਵਿਚ ਤੇਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਜੀ-7 ਦੇਸ਼ਾਂ ਨੇ ਆਪਣੇ ਐਮਰਜੈਂਸੀ ਭੰਡਾਰਾਂ ਵਿਚੋਂ 10 ਕਰੋੜ ਬੈਰਲ ਤੱਕ ਕੱਚਾ ਤੇਲ ਅਤੇ ਡੀਜ਼ਲ ਬਾਜ਼ਾਰ ਵਿਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੂਰਪੀ ਦੇਸ਼ਾਂ ਉਤੇ ਡੀਜ਼ਲ ਭੰਡਾਰ ਖੋਲ੍ਹਣ ਲਈ ਦਬਾਅ ਵਧਾਉਣ ਅਤੇ ਅਮਰੀਕੀ ਡੀਜ਼ਲ ਦੀ ਬਰਾਮਦ ਰੋਕਣ ਦੀ ਚਿਤਾਵਨੀ ਤੋਂ ਬਾਅਦ ਸਾਹਮਣੇ ਆਇਆ ਹੈ।
ਨਿਊਯਾਰਕ, 3 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਭਰ ਵਿਚ ਤੇਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਜੀ-7 ਦੇਸ਼ਾਂ ਨੇ ਆਪਣੇ ਐਮਰਜੈਂਸੀ ਭੰਡਾਰਾਂ ਵਿਚੋਂ 10 ਕਰੋੜ ਬੈਰਲ ਤੱਕ ਕੱਚਾ ਤੇਲ ਅਤੇ ਡੀਜ਼ਲ ਬਾਜ਼ਾਰ ਵਿਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੂਰਪੀ ਦੇਸ਼ਾਂ ਉਤੇ ਡੀਜ਼ਲ ਭੰਡਾਰ ਖੋਲ੍ਹਣ ਲਈ ਦਬਾਅ ਵਧਾਉਣ ਅਤੇ ਅਮਰੀਕੀ ਡੀਜ਼ਲ ਦੀ ਬਰਾਮਦ ਰੋਕਣ ਦੀ ਚਿਤਾਵਨੀ ਤੋਂ ਬਾਅਦ ਸਾਹਮਣੇ ਆਇਆ ਹੈ।ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਅਗਵਾਈ ਹੇਠ ਹੋਈ ਜੀ-7 ਆਗੂਆਂ ਦੀ ਬੈਠਕ ਵਿਚ ਸਹਿਮਤੀ ਬਣੀ ਕਿ ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਤਾਲਮੇਲ ਹੇਠ ਇਹ ਭੰਡਾਰ ਤੁਰੰਤ ਜਾਰੀ ਕੀਤੇ ਜਾਣਗੇ। ਪਹਿਲੇ 20 ਦਿਨਾਂ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਬਾਜ਼ਾਰ ਵਿਚ ਲਿਆਂਦਾ ਜਾਵੇਗਾ, ਜਦਕਿ ਪੂਰੀ ਪ੍ਰਕਿਰਿਆ ਚਾਰ ਮਹੀਨਿਆਂ ਵਿਚ ਮੁਕੰਮਲ ਹੋਵੇਗੀ।ਜੀ-7 ਦੇਸ਼ਾਂ ਨੇ ਆਪਸ ਵਿਚ ਤੇਲ, ਡੀਜ਼ਲ ਅਤੇ ਹੋਰ ਊਰਜਾ ਉਤਪਾਦਾਂ ਦੀ ਬਰਾਮਦ ਉਤੇ ਪਾਬੰਦੀ ਨਾ ਲਗਾਉਣ ਦਾ ਵੀ ਫੈਸਲਾ ਕੀਤਾ ਹੈ। ਟਰੰਪ ਨੇ ਬਾਅਦ ਵਿਚ ਕਿਹਾ ਕਿ ਅਮਰੀਕਾ ਵਲੋਂ ਡੀਜ਼ਲ ਦੀ ਬਰਾਮਦ ਰੋਕਣ ਦੀ ਯੋਜਨਾ ਅੱਗੇ ਨਹੀਂ ਵਧਾਈ ਜਾਵੇਗੀ।ਡੀਜ਼ਲ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਟਰੱਕਿੰਗ, ਖੇਤੀਬਾੜੀ, ਉਸਾਰੀ ਅਤੇ ਹੋਰ ਕਾਰੋਬਾਰਾਂ ਉਤੇ ਪੈ ਰਿਹਾ ਹੈ। ਅਮਰੀਕਾ ਵਿਚ ਫਰਵਰੀ ਦੇ ਅਖੀਰ ਤੋਂ ਡੀਜ਼ਲ ਦੀ ਔਸਤ ਕੀਮਤ ਕਰੀਬ 70 ਫ਼ੀਸਦੀ ਵਧ ਕੇ 6.37 ਡਾਲਰ ਪ੍ਰਤੀ ਗੈਲਨ ਤੱਕ ਪਹੁੰਚ ਚੁੱਕੀ ਹੈ।ਜੀ-7 ਨੇ ਰਿਫਾਇਨਰੀਆਂ ਦੇ ਰੱਖ-ਰਖਾਅ ਦੇ ਸਮੇਂ ਵਿਚ ਵੀ ਤਾਲਮੇਲ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕਈ ਰਿਫਾਇਨਰੀਆਂ ਇਕੋ ਵੇਲੇ ਬੰਦ ਹੋਣ ਕਾਰਨ ਸਪਲਾਈ ਪ੍ਰਭਾਵਿਤ ਨਾ ਹੋਵੇ। ਇਸ ਕਦਮ ਨਾਲ ਬਾਜ਼ਾਰ ਵਿੱਚ ਤੇਲ ਅਤੇ ਡੀਜ਼ਲ ਦੀ ਉਪਲਬਧਤਾ ਵਧਾ ਕੇ ਕੀਮਤਾਂ ਉੱਤੇ ਬਣੇ ਦਬਾਅ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।