ਐੱਸ. ਏ. ਐੱਸ. ਨਗਰ, 2 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਸਥਾਨਕ 9 ਫ਼ੇਜ਼ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਅੱਜ ਖੇਡੇ ਗਏ ਦੋ ਵੱਖ-ਵੱਖ ਮੁਕਾਬਲਿਆਂ ’ਚ ਲੁਧਿਆਣਾ ਤੇ ਅੰਮ੍ਰਿਤਸਰ ਵਲੋਂ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਗਈਆਂ। ਦਿਨ ਦੇ ਖੇਡੇ ਗਏ ਪਹਿਲੇ ਮੁਕਾਬਲੇ ’ਚ ਲੁਧਿਆਣਾ ਲਾਇਨਜ਼ ਨੇ ਮੁਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਲੁਧਿਆਣਾ ਲਾਇਨਜ਼ ਨੇ 102 ਦੌੜਾਂ ਦਾ ਟੀਚਾ ਮਹਿਜ਼ 8.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਇਸ ਤੋਂ ਪਹਿਲਾਂ ਲੁਧਿਆਣਾ ਲਾਇਨਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਕਿੰਗਜ਼ ਦੀ ਪੂਰੀ ਟੀਮ ਨੂੰ 101 ਦੌੜਾਂ ‘ਤੇ ਢੇਰ ਕਰ ਦਿੱਤਾ। ਮੁਹਾਲੀ ਕਿੰਗਜ਼ ਦੀ ਟੀਮ ਇਕ ਸਮੇਂ 43 ਦੌੜਾਂ ‘ਤੇ 6 ਵਿਕਟਾਂ ਗੁਆ ਚੁੱਕੀ ਸੀ। ਇਸ ਦੌਰਾਨ ਸੋਹਰਾਬ ਧਾਲੀਵਾਲ ਨੇ 31 ਗੇਂਦਾਂ ‘ਤੇ 33 ਦੌੜਾਂ ਦੀ ਪਾਰੀ ਖੇਡ ਕੇ ਪਾਰੀ ਨੂੰ ਸੰਭਾਲਣ ਦਾ ਯਤਨ ਕੀਤਾ। ਲੁਧਿਆਣਾ ਵਲੋਂ ਸਾਹਿਲ ਭਾਸਕਰ ਨੇ 3 ਓਵਰਾਂ ਵਿਚ 14 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ। 102 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੁਧਿਆਣਾ ਲਾਇਨਜ਼ ਨੇ ਤੂਫ਼ਾਨੀ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਕਾਰਤਿਕ ਸ਼ਰਮਾ ਅਤੇ ਅਭਿਜੀਤ ਗਰਗ ਨੇ ਪਹਿਲੀ ਵਿਕਟ ਲਈ ਮਹਿਜ਼ 3.5 ਓਵਰਾਂ ਵਿਚ 54 ਦੌੜਾਂ ਜੋੜੀਆਂ। ਕਾਰਤਿਕ ਸ਼ਰਮਾ ਨੇ ਕੇਵਲ 15 ਗੇਂਦਾਂ ‘ਚ 42 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਲੁਧਿਆਣਾ ਨੇ ਇਸ ਤੋਂ ਬਾਅਦ 2 ਹੋਰ ਵਿਕਟਾਂ ਗੁਆਈਆਂ ਪਰ ਸ਼ਲਿਲ ਅਰੋੜਾ ਅਤੇ ਅਰਜੁਨ ਰਾਜਪੂਤ ਨੇ ਸੂਝ-ਬੂਝ ਨਾਲ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੋਵਾਂ ਨੇ 31 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਲਿਲ ਅਰੋੜਾ ਨੇ ਕੇਵਲ 12 ਗੇਂਦਾਂ ‘ਤੇ 35 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਟੀਮ ਨੂੰ 8.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ‘ਤੇ 102 ਦੇ ਸਕੋਰ ‘ਤੇ ਪਹੁੰਚਾ ਕੇ ਜਿੱਤ ਦਿਵਾਈ।ਦਿਨ ਦੇ ਦੂਜੇ ਰੋਮਾਂਚਕ ਮੁਕਾਬਲੇ ਵਿਚ ਅੰਮ੍ਰਿਤਸਰ ਸੂਰਮਾ ਨੇ ਨਮਨ ਧੀਰ ਅਤੇ ਅਭੇ ਚੌਧਰੀ ਦੀਆਂ ਅਜੇਤੂ 88 ਤੇ 58 ਦੌੜਾਂ ਦੀ ਬਦੌਲਤ ਫ਼ਾਜ਼ਿਲਕਾ ਫਾਲਕਨਜ਼ ਨੂੰ 7 ਵਿਕਟਾਂ ਨਾਲ ਹਰਾਇਆ। ਫ਼ਾਜ਼ਿਲਕਾ ਫਾਲਕਨਜ਼ ਵਲੋਂ 182 ਦੌੜਾਂ ਦੇ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾ ਨੇ 17.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਤੇ 186 ਦੌੜਾਂ ਬਣਾਕੇ ਇਹ ਮੈਚ ਜਿੱਤ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਫ਼ਾਜ਼ਿਲਕਾ ਫਾਲਕਨਜ਼ ਦੇ ਗੇਂਦਬਾਜ਼ਾਂ ਜੈਵੀਰ ਸਿੰਘ ਭਿੰਡਰ 10 ਦੌੜਾਂ ਤੇ ਆਂਸਲ ਚੌਧਰੀ 2 ਦੌੜਾਂ ਦੇ ਆਊਟ ਹੋਣ ਤੋਂ ਬਾਅਦ ਵੀਹਾਨ ਮਲਹੋਤਰਾ 60 ਦੌੜਾਂ ਤੇ ਕਪਤਾਨ ਸਨਵੀਰ ਸਿੰਘ 63 ਤੇ ਸਮਝਦਾਰੀ ਨਾਲ ਖੇਡਦਿਆਂ ਤੀਜੇ ਵਿਕਟ ਲਈ 83 ਦੌੜਾਂ ਦੀ ਸਾਂਝੀਦਾਰੀ ਕੀਤੀ। ਅੰਮ੍ਰਿਤਰ ਵਲੋਂ ਨਮਨ ਧੀਰ ਨੇ 48 ਗੇਂਦਾਂ ਵਿਚ 8 ਚੌਕਿਆਂ ਅਤੇ 4 ਛਕਿਆਂ ਦੀ ਮਦਦ ਨਾਲ ਅਜੇਤੂ 88 ਦੌੜਾਂ ਤੇ ਅਭੇ ਚੌਧਰੀ 35 ਗੇਂਦਾਂ ਵਿਚ 7 ਚੌਕਿਆਂ ਅਤੇ 1 ਛਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ।