ਹੈਰਾਨੀ ਦੀ ਗੱਲ ਹੈ ਕਿ ਇਕ ਹਫ਼ਤਾ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਹ ਹਵਾਈ ਕਿਰਾਏ ਤੈਅ ਕਰਨ ਬਾਰੇ ਨਿਯਮ ਬਣਾ ਰਹੀ ਹੈ ਤੇ ਜਲਦੀ ਹੀ ਇਸ ਨੂੰ ਅਧਿਸੂਚਿਤ ਕੀਤਾ ਜਾਵੇਗਾ | ਦਰਅਸਲ ਸੁਪਰੀਮ ਕੋਰਟ ਨੇ ਕਈ ਮੌਕਿਆਂ 'ਤੇ ਹਵਾਈ ਕਿਰਾਏ ਵਧਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ | ਜਦੋਂ ਸਰਕਾਰ ਨੇ ਅਦਾਲਤ ਨੂੰ ਇਹ ਭਰੋਸਾ ਦਿੱਤਾ ਤਾਂ ਅਜਿਹਾ ਲੱਗ ਰਿਹਾ ਸੀ ਕਿ ਸਰਕਾਰ ਹਵਾਈ ਕਿਰਾਏ ਨੂੰ ਨਿਯਮਿਤ ਕਰਨ ਲਈ ਨਿਯਮ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗੀ | ਪਰ ਹੁਣ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਵਾਈ ਕਿਰਾਏ ਨਿਰਧਾਰਤ ਨਹੀਂ ਕਰੇਗੀ, ਸਗੋਂ ਏਅਰਲਾਈਨਾਂ ਮੰਗ ਤੇ ਸਪਲਾਈ ਦੇ ਆਧਾਰ 'ਤੇ ਹੀ ਹਵਾਈ ਕਿਰਾਏ ਨਿਰਧਾਰਤ ਕਰਨਗੀਆਂ | ਸਰਕਾਰ ਦੇ ਕਥਿਤ ਨਿਯਮਾਂ ਅਨੁਸਾਰ ਸਰਕਾਰ ਸਿਰਫ਼ ਕੁਦਰਤੀ ਜਾਂ ਕਿਸੇ ਹੋਰ ਐਮਰਜੈਂਸੀ ਸਥਿਤੀ ਵਿਚ ਹੀ ਕਿਰਾਏ ਨੂੰ ਨਿਯਮਿਤ ਕਰੇਗੀ | ਪਰ ਸਰਕਾਰ ਅਜਿਹੀ ਸਥਿਤੀ 'ਚ ਵੀ ਕੁਝ ਨਹੀਂ ਕਰ ਪਾਉਂਦੀ, ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਲੈ ਕੇ ਮਹਾਂਕੁੰਭ ਮੇਲੇ ਤੱਕ ਸਰਕਾਰੀ ਨਿਰਦੇਸ਼ਾਂ ਦੇ ਬਾਵਜੂਦ ਏਅਰਲਾਈਨਾਂ ਨੇ ਕਈ ਗੁਣਾ ਵੱਧ ਕਿਰਾਏ ਵਸੂਲੇ ਹਨ | ਦਰਅਸਲ ਸਰਕਾਰ ਨੇ ਆਪਣੀਆਂ ਨੀਤੀਆਂ ਕਾਰਨ ਦੋ ਕੰਪਨੀਆਂ ਲਈ ਏਕਾਧਿਕਾਰ ਬਣਾ ਦਿੱਤਾ ਹੈ | ਪਿਛਲੇ ਇਕ ਸਾਲ ਦੌਰਾਨ ਘਰੇਲੂ ਉਡਾਣਾਂ ਦੇ ਕਿਰਾਏ 35 ਤੋਂ 115 ਫ਼ੀਸਦੀ ਤੱਕ ਵਧ ਚੁੱਕੇ ਹਨ ਅਤੇ ਸਰਕਾਰ ਕੁਝ ਵੀ ਕਰਨ ਵਿਚ ਅਸਮਰੱਥ ਰਹੀ ਹੈ |

ਕੀ ਸਰਜੀਓ ਵਾਇਸਰਾਏ ਹਨ?
ਜਦੋਂ ਸਰਜੀਓ ਗੋਰ ਅਮਰੀਕੀ ਰਾਜਦੂਤ ਵਜੋਂ ਭਾਰਤ ਪਹੁੰਚੇ ਤਾਂ ਉਨ੍ਹਾਂ ਨੂੰ ਲੈ ਕੇ ਦੇਸ਼ ਦੀ ਸੱਤਾਧਾਰੀ ਹਲਕਿਆਂ ਅੰਦਰ ਬਹੁਤ ਉਤਸ਼ਾਹ ਦਾ ਮਾਹੌਲ ਸੀ | ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਹਨ ਤੇ ਉਨ੍ਹਾਂ ਟਰੰਪ ਦੇ ਦੂਜੇ ਕਾਰਜਕਾਲ ਦੀ ਚੋਣ ਮੁਹਿੰਮ 'ਚ ਸਰਗਰਮ ਭੂਮਿਕਾ ਨਿਭਾਈ ਸੀ | ਮੰਨਿਆ ਜਾ ਰਿਹਾ ਸੀ ਕਿ ਗੋਰ ਨੂੰ ਭਾਰਤ 'ਚ ਰਾਜਦੂਤ ਵਜੋਂ ਨਿਯੁਕਤ ਕਰਨ ਨਾਲ ਦੋਵੇਂ ਦੇਸ਼ਾਂ ਦੇ ਸੰਬੰਧ ਹੋਰ ਨਿੱਘੇ ਹੋਣਗੇ, ਪਰ ਇਸ ਦੇ ਉਲਟ ਗੋਰ ਦੇ ਰਾਜਦੂਤ ਬਣਨ ਤੋਂ ਬਾਅਦ ਭਾਰਤ ਤੇ ਅਮਰੀਕਾ ਦੇ ਸਬੰਧ ਤਣਾਅਪੂਰਨ ਹੋ ਗਏ ਹਨ | ਰਾਸ਼ਟਰਪਤੀ ਟਰੰਪ ਲਗਾਤਾਰ ਭਾਰਤ ਨੂੰ ਨਿਸ਼ਾਨਾ ਬਣਾਉਂਦਿਆਂ ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਇਸ ਦÏਰਾਨ ਗੋਰ ਨੂੰ ਲੈ ਕੇ ਇਕ ਨਵੀਂ ਬਹਿਸ ਛਿੜ ਗਈ ਹੈ ਤੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਗੋਰ ਨੂੰ 'ਵਾਇਸਰਾਏ ਗੋਰ' ਕਹਿਣਾ ਸ਼ੁਰੂ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਭਾਰਤ 'ਤੇ ਬਿ੍ਟਿਸ਼ ਹਕੂਮਤ ਦੌਰਾਨ ਵਾਇਸਰਾਏ ਹੀ ਦੇਸ਼ 'ਤੇ ਰਾਜ ਕਰਦੇ ਸਨ ਤੇ ਰਾਜਿਆਂ ਵਾਂਗ ਦੇਸ਼ ਵਿਚ ਘੁੰਮਦੇ ਸਨ | ਗੋਰ ਵੀ ਦੇਸ਼ ਭਰ ਵਿਚ ਯਾਤਰਾ ਕਰਦਿਆਂ ਜੰਮੂ-ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰ ਚੁੱਕੇ ਹਨ | ਬੀਤੇ ਦਿਨੀਂ ਉਹ ਅੰਮਿ੍ਤਸਰ ਪਹੁੰਚੇ ਤਾਂ ਵੱਡੀ ਗਿਣਤੀ 'ਚ ਲੋਕਾਂ ਨੇ ਗੋਰ ਦਾ ਸਵਾਗਤ ਕੀਤਾ | ਇਸ ਦੌਰਾਨ ਕੁਝ ਖ਼ਾਲਿਸਤਾਨੀ ਪੱਖੀ ਲੋਕਾਂ ਵਲੋਂ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ ਗਏ, ਪਰ ਭਾਰਤ ਨੇ ਪਤਾ ਨਹੀਂ ਕਿਉਂ ਅਧਿਕਾਰਤ ਤੌਰ 'ਤੇ ਇਸ ਖ਼ਿਲਾਫ਼ ਵਿਰੋਧ ਦਰਜ ਨਹੀਂ ਕਰਵਾਇਆ |
ਕਿਤਾਬ ਸੱਭਿਆਚਾਰ 'ਤੇ ਹਮਲੇ
ਜਦੋਂ ਮਮਤਾ ਬੈਨਰਜੀ ਭਾਜਪਾ ਨੂੰ ਬਾਹਰੀ ਦੱਸ ਕੇ ਬੰਗਾਲੀ ਸੱਭਿਆਚਾਰ ਲਈ ਖ਼ਤਰਾ ਦਸਦਿਆਂ ਪ੍ਰਚਾਰ ਕਰ ਰਹੀ ਸੀ, ਤਾਂ ਭਾਜਪਾ ਦਾਅਵਾ ਕਰ ਰਹੀ ਸੀ ਕਿ ਉਹ ਬੰਗਾਲੀ ਸੱਭਿਆਚਾਰ 'ਤੇ ਕੋਈ ਆਂਚ ਨਹੀਂ ਆਉਣ ਦੇਵੇਗੀ | ਪਰ ਭਾਜਪਾ ਦੀ ਬੰਗਾਲ 'ਚ ਸਰਕਾਰ ਬਣਨ ਉਪਰੰਤ ਬੰਗਾਲੀ ਲੋਕਾਂ ਦੇ ਖਾਣ-ਪੀਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੜ੍ਹਨ-ਲਿਖਣ ਦੇ ਸੱਭਿਆਚਾਰ 'ਤੇ ਵੀ ਹਮਲੇ ਹੋ ਰਹੇ ਹਨ | ਖੱਬੇ-ਪੱਖੀ ਤੇ ਤਿ੍ਣਮੂਲ ਕਾਂਗਰਸ ਦੇ ਸ਼ਾਸਨ ਦੌਰਾਨ ਵਿਕਸਿਤ ਹੋਇਆ ਰਾਜਨੀਤਿਕ ਸੱਭਿਆਚਾਰ ਨਹੀਂ ਬਦਲਿਆ ਹੈ | ਹੁਣ ਵੀ ਪਹਿਲਾਂ ਵਾਂਗ ਵਿਰੋਧੀ ਧਿਰ ਦੇ ਨੇਤਾਵਾਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਘਰਾਂ 'ਤੇ ਹਮਲੇ ਕੀਤੇ ਜਾ ਰਹੇ ਹਨ | ਇਸ ਸਾਲ ਦੁਰਗਾ ਪੂਜਾ ਦੌਰਾਨ ਜਾਧਵਪੁਰ ਯੂਨੀਵਰਸਿਟੀ ਦੇ ਬਾਹਰ ਸੀ.ਪੀ.ਐਮ. ਦੇ ਕਿਤਾਬਾਂ ਦੇ ਸਟਾਲਾਂ 'ਤੇ ਹਮਲੇ ਹੋਏ ਹਨ | ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਦੁਰਗਾ ਪੂਜਾ ਦੌਰਾਨ ਪੰਡਾਲਾਂ ਦੇ ਬਾਹਰ ਤੇ ਵੱਖ-ਵੱਖ ਥਾਵਾਂ 'ਤੇ ਕਿਤਾਬਾਂ ਦੇ ਸਟਾਲ ਲਗਾਏ ਜਾਂਦੇ ਹਨ | ਰਾਜਨੀਤਿਕ ਪਾਰਟੀਆਂ ਵੀ ਕਿਤਾਬਾਂ ਦੇ ਸਟਾਲ ਲਗਾਉਂਦੀਆਂ ਹਨ ਤੇ ਲੋਕ ਕਿਤਾਬਾਂ ਖਰੀਦਦੇ ਹਨ, ਕਿਉਂਕਿ ਪੜ੍ਹਨਾ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਹੈ | ਕੁਝ ਦਿਨ ਪਹਿਲਾਂ ਲੋਕਾਂ ਨੂੰ ਦੁਰਗਾ ਪੂਜਾ ਦੌਰਾਨ ਮਾਸ ਤੇ ਮੱਛੀ ਖਾਣ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਗਈ ਸੀ, ਜਦੋਂ ਇਸ ਨਾਲ ਵਿਵਾਦ ਪੈਦਾ ਹੋਇਆ ਤਾਂ ਭਾਜਪਾ ਆਗੂ ਮੰਦਰਾਂ ਵਿਚ ਮੱਛੀ ਖਾਂਦੇ ਦੇਖੇ ਗਏ |
ਐਨ.ਡੀ.ਏ. ਨੂੰ ਇਕ-ਇਕ ਸੀਟ ਦੀ ਚਿੰਤਾ
ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਗੱਠਜੋੜ ਲੋਕ ਸਭਾ ਦੀ 1-1 ਸੀਟ ਨੂੰ ਲੈ ਕੇ ਚਿੰਤਤ ਹੈ, ਇਸੇ ਲਈ ਕਈ ਸੰਸਦ ਮੈਂਬਰਾਂ ਵਿਰੁੱਧ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ | ਪੱਛਮੀ ਬੰਗਾਲ ਦੀ ਬਸੀਰਹਾਟ ਲੋਕ ਸਭਾ ਸੀਟ ਪਿਛਲੇ ਦੋ ਸਾਲਾਂ ਤੋਂ ਖਾਲੀ ਹੈ | ਚੋਣ ਕਮਿਸ਼ਨ ਨੇ ਇਸ ਸਾਲ ਮਈ 'ਚ ਖਾਲੀ ਹੋਈ ਅਸਾਮ ਦੀ ਨਾਗਾਓਾ ਸੀਟ ਲਈ ਉਪ-ਚੋਣ ਕਰਵਾ ਲਈ ਹੈ ਪਰ ਬਸੀਰਹਾਟ ਸੀਟ 'ਤੇ ਚੋਣ ਨਹੀਂ ਕਰਵਾਈ | ਸ਼ਾਇਦ ਮੁਸਲਿਮ ਬਹੁਗਿਣਤੀ ਵਾਲੇ ਇਸ ਹਲਕੇ ਤੋਂ ਭਾਜਪਾ ਚੋਣ ਨਾ ਜਿੱਤ ਸਕੇ, ਇਸ ਲਈ ਚੋਣ ਕਮਿਸ਼ਨ ਇੱਥੇ ਵੋਟਾਂ ਨਹੀਂ ਕਰਵਾ ਰਿਹਾ |
ਇਹ ਮਾਮਲਾ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਉਠਾਉਂਦਾ ਹੈ | ਬਿਹਾਰ 'ਚ ਜਨਤਾ ਦਲ-ਯੂ ਦੇ ਕਈ ਸੰਸਦ ਮੈਂਬਰ ਬਾਗੀ ਹੋ ਗਏ ਹਨ | ਬਾਂਕਾ ਦੇ ਸੰਸਦ ਮੈਂਬਰ ਗਿਰਧਾਰੀ ਯਾਦਵ ਨੇ ਆਪਣੇ ਪੁੱਤਰ ਨੂੰ ਆਰ.ਜੇ.ਡੀ. ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਵਾਈ ਅਤੇ ਉਹ ਆਪ ਸੰਸਦ 'ਚ ਵੀ ਸਰਕਾਰ ਵਿਰੁੱਧ ਬੋਲਦਾ ਰਿਹਾ ਹੈ, ਫਿਰ ਵੀ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸੇ ਤਰ੍ਹਾਂ ਭਾਗਲਪੁਰ ਦੇ ਸੰਸਦ ਮੈਂਬਰ ਅਜੇ ਮੰਡਲ ਆਪਣੇ ਵਿਰੋਧੀ ਸ਼ੈਲੇਸ਼ ਕੁਮਾਰ ਨੂੰ ਰਾਜ ਸਰਕਾਰ 'ਚ ਮੰਤਰੀ ਬਣਾਉਣ ਤੋਂ ਨਾਰਾਜ਼ ਹੈ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹਨ | ਸੰਸਦ ਮੈਂਬਰ ਲਵਲੀ ਆਨੰਦ ਦੇ ਪਤੀ ਆਨੰਦ ਮੋਹਨ ਤੇ ਮਧੇਪੁਰਾ ਤੋਂ ਸੰਸਦ ਮੈਂਬਰ ਦਿਨੇਸ਼ ਚੰਦਰ ਯਾਦਵ ਵੀ ਪਾਰਟੀ ਵਿਰੁੱਧ ਕੰਮ ਕਰ ਰਹੇ ਹਨ, ਪਰ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਇਸ ਸਮੇਂ ਐਨ.ਡੀ.ਏ. ਇਕ ਵੀ ਸੰਸਦ ਮੈਂਬਰ ਨੂੰ ਗੁਆਉਣ ਦਾ ਜੋਖ਼ਮ ਨਹੀਂ ਉਠਾ ਸਕਦਾ |
ਭਾਜਪਾ 'ਚ ਖ਼ਤਮ ਹੁੰਦਾ ਅਨੁਸ਼ਾਸਨ
ਭਾਵੇਂ ਭਾਜਪਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਨੂੰ ਚੁਣੌਤੀ ਨਹੀਂ ਦੇ ਸਕਦਾ | ਇਹ ਵੀ ਦੂਰ ਦੀ ਗੱਲ ਹੈ ਕਿ ਮੋਦੀ ਤੇ ਸ਼ਾਹ ਵਿਚਕਾਰ ਅਣਬਣ ਕਾਰਨ ਮੰਤਰੀ-ਮੰਡਲ ਦੇ ਫੇਰਬਦਲ ਵਿਚ ਦੇਰੀ ਹੋ ਰਹੀ ਹੈ | ਮੋਦੀ ਤੇ ਸ਼ਾਹ ਵਿਚਕਾਰ ਕੁਝ ਮੁੱਦਿਆਂ 'ਤੇ ਅਸਹਿਮਤੀ ਹੋ ਸਕਦੀ ਹੈ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਕਾਰਨ ਮੰਤਰੀ-ਮੰਡਲ ਦਾ ਫੇਰਬਦਲ ਨਹੀਂ ਹੋ ਰਿਹਾ ਜਾਂ ਸ਼ਾਹ ਦੇ ਨਜ਼ਦੀਕੀਆਂ ਦੀ ਕੈਬਨਿਟ 'ਚੋਂ ਛੁੱਟੀ ਹੋ ਜਾਵੇਗੀ | ਹਾਲਾਂਕਿ, ਰਾਜਨੀਤੀ ਵਿਚ ਕਿਸੇ ਵੀ ਸਮੇਂ ਕੁਝ ਵੀ ਸੰਭਵ ਹੈ | ਕੇਂਦਰੀ ਮੰਤਰੀ ਐਲ. ਮੁਰੂਗਨ ਅਸਤੀਫ਼ਾ ਦੇ ਚੁੱਕੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕਈ ਮੰਤਰੀ ਅਸਤੀਫ਼ਾ ਦੇਣ ਲਈ ਕਹਿਣ ਦੇ ਬਾਵਜੂਦ ਵੀ ਅਸਤੀਫ਼ਾ ਨਹੀਂ ਦੇ ਰਹੇ ਹਨ | ਕਈ ਮੰਤਰੀਆਂ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਹਟਾਉਣਾ ਹੈ ਤਾਂ ਪ੍ਰਧਾਨ ਮੰਤਰੀ ਖੁਦ ਉਨ੍ਹਾਂ ਨੂੰ ਹਟਾ ਸਕਦੇ ਹਨ | ਜੇਕਰ ਅਜਿਹਾ ਹੈ ਤਾਂ ਇਹ ਪਿਛਲੇ 12 ਸਾਲਾਂ ਵਿਚ ਭਾਜਪਾ ਦੀ ਰਾਜਨੀਤੀ ਵਿਚ ਇਕ ਨਵੀਂ ਚੀਜ਼ ਹੈ, ਇਨ੍ਹਾਂ ਅਟਕਲਾਂ ਵਿਚਕਾਰ ਭਾਜਪਾ ਦੇ ਅੰਦਰ ਅੰਦਰੂਨੀ ਤਣਾਅ ਉੱਭਰ ਰਹੇ ਹਨ | ਦਰਅਸਲ ਕਈ ਪਾਰਟੀ ਨੇਤਾ ਉੱਤਰ ਪ੍ਰਦੇਸ਼ ਦੀਆਂ 8 ਰਾਜ ਸਭਾ ਸੀਟਾਂ ਲਈ ਪੂਰੀ ਤਰ੍ਹਾਂ ਨਵੇਂ ਤੇ ਗੁੰਮਨਾਮ ਉਮੀਦਵਾਰਾਂ ਦੀ ਚੋਣ ਕਰਨ ਤੋਂ ਨਾਖੁਸ਼ ਹਨ | ਦੋ ਵਾਰ ਦੇ ਸੰਸਦ ਮੈਂਬਰ ਤੇ ਉੱਤਰ ਪ੍ਰਦੇਸ਼ ਭਾਜਪਾ ਦਾ ਵੱਡਾ ਦਲਿਤ ਚਿਹਰਾ ਰਹੇ ਧਰਮਿੰਦਰ ਕਸ਼ਯਪ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਓਡੀਸ਼ਾ ਤੋਂ ਪੁਰਾਣੇ ਨੇਤਾ ਤੇ ਕੇਂਦਰੀ ਮੰਤਰੀ ਜੁਆਲ ਓਰਾਂਵ ਨੇ ਬਿਨਾਂ ਕਿਸੇ ਦਾ ਨਾਂਅ ਲਏ ਕਈ ਪਾਰਟੀ ਨੇਤਾਵਾਂ 'ਤੇ ਉਸ ਵਿਰੁੱਧ ਸਾਜਿਸ਼ ਰਚਣ ਦੇ ਦੋਸ਼ ਲਗਾਏ ਹਨ |