26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਧਰਤੀ ਦੀ ਤਪਸ਼ ਦਾ ਵਧ ਰਿਹਾ ਪ੍ਰਭਾਵ

ਧਰਤੀ ਦੀ ਤਪਸ਼ ਦਾ ਵਧ ਰਿਹਾ ਪ੍ਰਭਾਵ

ਅਜੀਤ ਡੈਸਕ 26-10-2026

ਵੈਸੇ ਤਾਂ ਵਿਸ਼ਵ ਭਰ ਵਿਚ ਗਰਮੀ ਦਾ ਪ੍ਰਕੋਪ ਹਰ ਸਾਲ ਲਗਾਤਾਰ ਵਧਦਾ ਜਾ ਰਿਹਾ ਹੈ, ਪਰ ਪਿਛਲੇ ਕਰੀਬ ਡੇਢ-ਦੋ ਦਹਾਕਿਆਂ ਤੋਂ ਗਰਮੀ ਵਧਣ ਦੀ ਰਫ਼ਤਾਰ ਪਹਿਲਾਂ ਤੋਂ ਜ਼ਿਆਦਾ ਤੇਜ਼ ਹੋ ਰਹੀ ਹੈ | ਇਸ ਸਬੰਧੀ ਵਿਸ਼ਵ ਦੇ ਵੱਡੇ ਮੌਸਮ ਵਿਗਿਆਨੀ ਵੀ ਚਿਤਾਵਨੀਆਂ ਜਾਰੀ ਕਰਦੇ ਰਹੇ ਹਨ, ਜਿਸ ਦੇ ਬਾਵਜੂਦ ਹੁਣ ਤੱਕ ਨਾ ਤਾਂ ਕਿਸੇ ਦੇਸ਼ ਦਾ ਪ੍ਰਸ਼ਾਸਨਿਕ ਤੰਤਰ ਸਰਗਰਮ ਹੋਇਆ ਤੇ ਨਾ ਹੀ ਵਿਸ਼ਵ ਪੱਧਰੀ ਸੰਗਠਨ ਤੇ ਸੰਸਥਾਵਾਂ ਇਸ ਸਬੰਧੀ ਕੋਈ ਖ਼ਾਸ ਭੂਮਿਕਾ ਅਦਾ ਕਰ ਸਕੀਆਂ | ਭਾਵੇਂ ਦੁਨੀਆ ਭਰ ਦੇ ਬਹੁਤੇ ਦੇਸ਼ ਗਰਮੀ ਨਾਲ ਜੂਝ ਰਹੇ ਹਨ ਤੇ ਭਾਰਤ ਵੀ ਇਸ ਤੋਂ ਬਚਿਆ ਨਹੀਂ ਰਿਹਾ, ਪਰ ਇਸ ਵਾਰ ਜਿਹੜੀ ਗਰਮੀ ਤੇ ਤਪਸ਼ ਯੂਰਪੀ ਦੇਸ਼ਾਂ 'ਚ ਪਈ ਹੈ, ਉਸ ਨੇ ਸਭ ਨੂੰ  ਹੈਰਾਨ-ਪ੍ਰੇਸ਼ਾਨ ਕੀਤਾ ਹੈ | ਬਿਨਾਂ ਸ਼ੱਕ ਇਸ ਸਥਿਤੀ ਲਈ ਵਿਸ਼ਵ ਭਰ ਦੇ ਦੇਸ਼ ਕਿਸੇ ਨਾ ਕਿਸੇ ਹੱਦ ਤੱਕ ਜਵਾਬਦੇਹ ਹਨ, ਹਾਲਾਂਕਿ ਯੂਰਪ ਤੇ ਪੱਛਮੀ ਦੇਸ਼ਾਂ ਦੀਆਂ ਸਰਗਮੀਆਂ ਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ 'ਤੇ ਸਭ ਤੋਂ ਵੱਧ ਉਂਗਲਾਂ ਉੱਠੀਆਂ ਹਨ | ਵਿਸ਼ਵ ਵਿਚ ਵਿਕਾਸ ਅਤੇ ਉੱਨਤੀ ਦੇ ਮੌਜੂਦਾ ਪੜਾਅ 'ਤੇ ਤਕਨੀਕੀ ਉਪਕਰਨਾਂ ਅਤੇ ਆਧੁਨਿਕ ਕਾਢਾਂ ਕਾਰਨ ਕਾਰਬਨ ਤੇ ਗ੍ਰੀਨਹਾਊਸ ਗੈਸਾਂ ਸਮੇਤ ਕਈ ਗੈਸਾਂ ਦਾ ਨਿਕਾਸ ਵਧਿਆ ਹੈ | ਇਸ ਕਾਰਨ ਧਰਤੀ ਤੇ ਆਸਮਾਨ ਵਿਚਕਾਰ ਵਧਦੀ ਗਰਮੀ ਨੇ ਖ਼ਾਸ ਤੌਰ 'ਤੇ ਓਜ਼ੋਨ ਪਰਤ ਨੂੰ  ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਵਾਤਾਵਰਨ ਤੇ ਰੁੱਤਾਂ ਵਿਚ ਪਰਿਵਰਤਨ ਹੋਣ ਲੱਗਾ ਹੈ | ਚਾਲੂ ਸਾਲ ਦੇ ਜੂਨ ਤੋਂ ਅਗਸਤ ਮਹੀਨਿਆਂ ਵਿਚਕਾਰ ਪੂਰੀ ਧਰਤੀ 'ਤੇ ਗਰਮੀ ਦਾ ਭਿਆਨਕ ਪ੍ਰਕੋਪ ਦੇਖਿਆ ਗਿਆ | ਮੌਸਮ ਮਾਹਿਰਾਂ ਵਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਇਸ ਵਧਦੀ ਹੋਈ ਗਰਮੀ ਕਾਰਨ ਜਲਵਾਯੂ ਪਰਿਵਰਤਨ ਦੀ ਰਫ਼ਤਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਗਰਮੀ ਦਾ ਪ੍ਰਕੋਪ ਵਧਣ ਨਾਲ ਵਿਸ਼ਵ ਭਰ ਦੇ ਦੇਸ਼ਾਂ 'ਚ ਗਲੇਸ਼ੀਅਰਾਂ ਦੇ ਪਿਘਲਣ ਦਾ ਅਮਲ ਵੀ ਤੇਜ਼ ਹੋਇਆ ਹੈ, ਜਿਸ ਨਾਲ ਝੀਲਾਂ, ਦਰਿਆਵਾਂ, ਨਦੀਆਂ ਤੇ ਸਮੁੰਦਰਾਂ 'ਚ ਪਾਣੀ ਦਾ ਪੱਧਰ ਵਧਿਆ ਹੈ | ਇਸ ਕਾਰਨ ਇਕ ਪਾਸੇ ਜਿੱਥੇ ਹੜ੍ਹਾਂ ਦਾ ਖ਼ਤਰਾ ਵਧਿਆ ਹੈ, ਉੱਥੇ ਹੀ ਸਮੁੰਦਰਾਂ ਕੰਢੇ ਵਸੇ ਸ਼ਹਿਰਾਂ ਦੇ ਵੱਡੇ ਹਿੱਸੇ ਪਾਣੀ 'ਚ ਡੁੱਬ ਜਾਣ ਦੀ ਸ਼ੰਕਾ ਵੀ ਬਣੀ ਹੋਈ ਹੈ | ਦੂਜੇ ਪਾਸੇ ਹਿਮਾਲਿਆਈ ਖੇਤਰਾਂ ਦੀਆਂ ਝੀਲਾਂ 'ਚ ਪਾਣੀ ਦਾ ਪੱਧਰ ਵਧਣ ਨਾਲ ਇਨ੍ਹਾਂ ਦੇ ਕੰਢੇ ਟੁੱਟਣ ਕਾਰਨ ਅਚਾਨਕ ਹੜ੍ਹ ਵੀ ਆਉਣ ਲੱਗੇ ਹਨ, ਜਿਸ ਨਾਲ ਭਾਰੀ ਨੁਕਸਾਨ ਵੀ ਹੁੰਦਾ ਹੈ |

ਮੌਜੂਦਾ ਗਰਮ ਲਹਿਰਾਂ (ਹੀਟ ਵੇਵ) ਨੂੰ  ਜਾਂਚਣ ਲਈ ਵਿਗਿਆਨੀਆਂ ਨੇ ਯੂਰਪ ਦੇ 854 ਸ਼ਹਿਰਾਂ ਦਾ ਸਰਵੇਖਣ ਕੀਤਾ ਤਾਂ ਵੱਡੇ ਤੇ ਵਾਤਾਵਰਨਿਕ ਚਿੰਤਾਜਨਕ ਅੰਕੜੇ ਸਾਹਮਣੇ ਆਏ, ਜਿਨ੍ਹਾਂ ਅਨੁਸਾਰ ਇਸ ਕਾਲ ਦੌਰਾਨ 50 ਹਜ਼ਾਰ 391 ਲੋਕਾਂ ਦੀ ਮੌਤ ਇਸ ਗਰਮੀ ਦੀ ਲਹਿਰ ਨਾਲ ਹੋਈ ਹੈ | ਇਨ੍ਹਾਂ 'ਚੋਂ 32 ਹਜ਼ਾਰ 619 ਮੌਤਾਂ ਜਲਵਾਯੂ ਪਰਿਵਰਤਨ ਕਰਕੇ ਹੋਈਆਂ ਤੇ ਇਹ ਲੋਕ ਵਧਦੀ ਗਰਮੀ ਨੂੰ  ਸਹਿਣ ਨਹੀਂ ਕਰ ਸਕੇ | ਵਧਦੀ ਗਰਮੀ ਦੇ ਕਹਿਰ ਦਾ ਇਸ ਤੋਂ ਵੀ ਪਤਾ ਲਗਦਾ ਹੈ ਕਿ ਮੌਤਾਂ ਦਾ ਇਹ ਅੰਕੜਾ ਸਾਲ 2020 ਦੇ ਅੰਕੜਿਆਂ ਤੋਂ 71 ਫ਼ੀਸਦੀ ਵੱਧ ਹੈ | ਇਸ ਕਾਰਨ ਕਈ ਦੇਸ਼ਾਂ ਵਲੋਂ ਤਾਂ ਗਰਮੀ ਦੀ ਲਹਿਰ ਸੰਬੰਧੀ ਚਿਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ | ਯੂਰਪੀ ਦੇਸ਼ ਫਰਾਂਸ, ਜਰਮਨੀ, ਸਪੇਨ ਤੇ ਇਟਲੀ 'ਚ ਗਰਮੀ ਦਾ ਕਹਿਰ ਸਭ ਤੋਂ ਵੱਧ ਮਹਿਸੂਸ ਕੀਤਾ ਗਿਆ | ਇਸ ਸਾਲ ਜੂਨ ਤੇ ਜੁਲਾਈ ਦੇ ਅਖੀਰਲੇ ਹਫ਼ਤਿਆਂ 'ਚ ਵੱਧ ਗਰਮੀ ਰਹੀ | ਭਾਰਤ ਦੇ ਕੇਂਦਰੀ ਵਪਾਰ ਮੰਤਰੀ ਪੀਊਸ਼ ਗੋਇਲ ਨੇ ਇਸ ਸੰਕਟ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਯੂਰਪ ਬਾਕੀ ਵਿਸ਼ਵ ਤੋਂ 8 ਗੁਣਾ ਵੱਧ ਕਾਰਬਨ ਗੈਸਾਂ ਪੈਦਾ ਕਰਕੇ ਜਲਵਾਯੂ ਪਰਿਵਰਤਨਾਂ ਨੂੰ  ਪ੍ਰਭਾਵਿਤ ਕਰਦਾ ਹੈ | ਇਸ ਕਾਰਨ ਮੌਸਮ ਦਾ ਸੰਤੁਲਨ ਵਿਗੜਨ ਲਗਦਾ ਹੈ ਅਤੇ ਬੱਦਲਾਂ ਦੇ ਫਟਣ ਤੇ ਹੜ੍ਹਾਂ ਦਾ ਖ਼ਤਰਾ ਵਧ ਜਾਂਦਾ ਹੈ | ਦੁਨੀਆ ਭਰ ਦੇ ਦੇਸ਼ਾਂ ਨੇ ਸਾਲ 2025 'ਚ 58.4 ਅਰਬ ਟਨ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕੀਤਾ | ਇਸ ਦੌਰਾਨ ਕੋਲਾ, ਜੈਵਿਕ ਈਾਧਨ, ਤੇਲ ਤੇ ਹੋਰ ਕਈ ਗੈਸਾਂ ਦੀ ਵਰਤੋਂ ਕਾਰਨ ਕਾਰਬਨ ਨਿਕਾਸੀ ਵਧਦੀ ਗਈ | ਪਿਛਲੇ ਸਾਲ ਵਿਸ਼ਵ ਦੇ ਵੱਡੇ ਦੇਸ਼ਾਂ ਨੇ ਤਾਪਮਾਨ ਨੂੰ  ਵਾਪਸ 1.5 ਡਿਗਰੀ ਤੱਕ ਲਿਆਉਣ ਦਾ ਐਲਾਨ ਕੀਤਾ ਸੀ, ਪਰ ਇਹ ਐਲਾਨ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਰਿਹਾ | ਵਿਗਿਆਨੀਆਂ ਅਨੁਸਾਰ ਨੇੜ ਭਵਿੱਖ 'ਚ ਸਥਿਤੀਆਂ ਸੁਧਰਦੀਆਂ ਨਹੀਂ ਜਾਪਦੀਆਂ ਤੇ ਜੇ ਵਾਅਦੇ ਤੇ ਦਾਅਵੇ ਪੂਰੇ ਵੀ ਹੋ ਜਾਣ ਤਾਂ ਵੀ ਛੇਤੀ ਕਿਤੇ ਹਾਲਾਤ ਸੁਧਰਨ ਦੀ ਕੋਈ ਵੱਡੀ ਸੰਭਾਵਨਾ ਦਿਖਾਈ ਨਹੀਂ ਦਿੰਦੀ | ਇਨ੍ਹਾਂ ਮਾਹਿਰਾਂ ਅਨੁਸਾਰ ਇਸ ਵਧਦੀ ਗਰਮੀ ਦਾ ਵੱਖ-ਵੱਖ ਫ਼ਸਲਾਂ ਦੇ ਉਤਪਾਦਨ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ |
ਬਿਨਾਂ ਸ਼ੱਕ ਅਜਿਹੀ ਸਥਿਤੀ ਮਨੁੱਖਤਾ ਸਮੇਤ ਕਿਸੇ ਵੀ ਜੀਵ ਦੇ ਹਿੱਤ 'ਚ ਨਹੀਂ ਹੈ | ਇਸ ਨੂੰ  ਕਿਸੇ ਵੀ ਤਰ੍ਹਾਂ ਕੰਟਰੋਲ ਵਿਚ ਲਿਆਏ ਜਾਣ ਦੀ ਬਹੁਤ ਲੋੜ ਹੈ | ਹੁਣ ਤੱਕ ਦੀਆਂ ਸਥਿਤੀਆਂ ਅਨੁਸਾਰ ਪੱਛਮੀ ਦੇਸ਼ ਖ਼ੁਦ ਯੂਰਪ ਤੇ ਕੁਝ ਵੱਡੇ ਦੇਸ਼ ਜਲਵਾਯੂ ਪਰਿਵਰਤਨ ਨੂੰ  ਕੰਟਰੋਲ ਕਰਨ ਸੰਬੰਧੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ | ਉਨ੍ਹਾਂ ਨੂੰ  ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ | ਭਾਰਤ ਵਿਚ ਵੀ ਇਸ ਬਾਰੇ ਤੁਰੰਤ ਕਦਮ ਉਠਾਏ ਜਾਣ ਦੀ ਵੱਡੀ ਲੋੜ ਹੈ ਤੇ ਇਹ ਕਦਮ ਜਿੰਨੀ ਜਲਦੀ ਉਠਾਏ ਜਾਣਗੇ, ਉਨਾ ਹੀ ਚੰਗਾ ਹੋਵੇਗਾ |

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਹਵਾਈ ਕੰਪਨੀਆਂ ਨੂੰ ਲੁੱਟ ਦੀ ਛੋਟ ਕਿਉਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।