ਪੰਜਾਬ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਸੰਬੰਧੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਰਹੀਆਂ ਹਨ, ਪਰ ਹੁਣ ਇਹ ਗੱਲ ਕਾਫੀ ਹੱਦ ਤੱਕ ਸਪੱਸ਼ਟ ਹੋ ਗਈ ਹੈ, ਕਿ ਇਨ੍ਹਾਂ ਚੋਣਾਂ ਲਈ ਸਰਗਰਮੀਆਂ ਜਨਵਰੀ ਦੇ ਮਹੀਨੇ ਤੱਕ ਚਲਦੀਆਂ ਰਹਿਣ ਦੀ ਸੰਭਾਵਨਾ ਹੈ | ਮੌਜੂਦਾ ਸਰਕਾਰ ਨੇ 2022 ਵਿਚ 16 ਮਾਰਚ ਨੂੰ ਸਹੁੰ ਚੁੱਕੀ ਸੀ | ਇਸ ਸਮੇਂ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਬਹੁਮਤ ਹੈ | ਦੂਸਰੇ ਨੰਬਰ 'ਤੇ ਕਾਂਗਰਸ ਦੀ ਪ੍ਰਤੀਨਿਧਤਾ ਹੈ | ਬਾਕੀ ਪਾਰਟੀਆਂ ਤਾਂ ਹਾਸ਼ੀਏ 'ਤੇ ਹੀ ਖੜ੍ਹੀਆਂ ਨਜ਼ਰ ਆਉਂਦੀਆਂ ਹਨ | ਇਸ ਤੋਂ ਪਹਿਲਾਂ ਸੂਬੇ ਵਿਚ ਕਾਂਗਰਸ ਦੀ ਹਕੂਮਤ ਸੀ, ਜੋ ਆਖ਼ਰੀ ਸਮੇਂ ਵਿਚ ਧੜੇਬੰਦੀ ਦਾ ਸ਼ਿਕਾਰ ਹੋ ਗਈ ਸੀ | ਇਸ ਦੇ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਪਛੜ ਜਾਣ ਦਾ ਇਕ ਵੱਡਾ ਕਾਰਨ ਪਾਰਟੀ ਅੰਦਰਲੀ ਫੁੱਟ ਹੀ ਕਹੀ ਜਾ ਸਕਦੀ ਹੈ |ਹੁਣ ਜਦੋਂ ਕਿ ਚੋਣਾਂ ਵਿਚ ਮਹਿਜ਼ ਕੁਝ ਮਹੀਨੇ ਹੀ ਰਹਿ ਗਏ ਹਨ ਤਾਂ ਵੀ ਕਾਂਗਰਸ ਦੀ ਅੰਦਰੂਨੀ ਫੁੱਟ ਵਾਰ-ਵਾਰ ਉਜਾਗਰ ਹੋ ਰਹੀ ਹੈ | ਇਸ ਨੇ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਵਿਚ ਇਸ ਦੇ ਪ੍ਰਭਾਵ ਨੂੰ ਵੱਡੀ ਹੱਦ ਤੱਕ ਘਟਾਇਆ ਹੈ | ਪਿਛਲੇ ਸਮੇਂ ਵਿਚ ਪਾਰਟੀ ਹਾਈਕਮਾਨ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ 'ਤੇ ਬਣਾਈ ਰੱਖਣ ਦੇ ਐਲਾਨ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਲੜਾਈ ਹੋਰ ਵੀ ਤੇਜ਼ ਹੋ ਗਈ ਸੀ | ਉਸ ਸਮੇਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਸੂਬਾ ਪਾਰਟੀ ਦੇ ਇੰਚਾਰਜ ਸਨ | ਉਨ੍ਹਾਂ ਨੇ ਇਸ ਫੁੱਟ ਨੂੰ ਖ਼ਤਮ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਸਨ, ਪਰ ਉਹ ਇਸ ਵਿਚ ਸਫ਼ਲ ਨਹੀਂ ਹੋ ਸਕੇ | ਸਗੋਂ ਇਕ ਧੜੇ ਨੇ ਇਹ ਦੋਸ਼ ਵੀ ਲਗਾਇਆ ਕਿ ਉਹ ਦੂਸਰੇ ਧੜੇ ਦੇ ਪੱਖ ਵਿਚ ਵਧੇਰੇ ਭੁਗਤ ਰਹੇ ਹਨ | ਇਸੇ ਲਈ ਹੀ ਭੁਪੇਸ਼ ਬਘੇਲ ਵਲੋਂ ਬੁਲਾਈਆਂ ਗਈਆਂ ਮੀਟਿੰਗਾਂ ਵਿਚ ਇਕ ਧੜਾ ਸ਼ਾਮਿਲ ਨਹੀਂ ਸੀ ਹੁੰਦਾ ਰਿਹਾ | ਇਸ ਦੀ ਬਜਾਏ ਉਸ ਧੜੇ ਵਲੋਂ ਵੱਖਰੀਆਂ ਮੀਟਿੰਗਾਂ ਕਰਕੇ ਬਗ਼ਾਵਤੀ ਸੁਰਾਂ ਵੀ ਅਲਾਪੀਆਂ ਜਾਂਦੀਆਂ ਰਹੀਆਂ | ਹਾਈਕਮਾਨ ਲੰਮੇ ਸਮੇਂ ਤੱਕ ਇਸ ਪਾਟੋ-ਧਾੜ ਦੇ ਦਿ੍ਸ਼ ਨੂੰ ਜ਼ਰੂਰ ਦੇਖਦੀ ਰਹੀ, ਪਰ ਉਸ ਵਲੋਂ ਕੋਈ ਅਜਿਹੇ ਗੰਭੀਰ ਯਤਨ ਨਹੀਂ ਕੀਤੇ ਗਏ, ਕਿ ਉਹ ਪਾਰਟੀ ਵਿਚ ਕੋਈ ਇਕਸੁਰਤਾ ਪੈਦਾ ਕਰ ਸਕੇ | ਇਕ ਪਾਸੇ ਕਾਂਗਰਸੀ ਅਜੇ ਵੀ ਆਪਣੀ ਪਾਟੋ-ਧਾੜ ਵਿਚ ਲੱਗੇ ਹੋਏ ਹਨ, ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਚੋਣਾਂ ਲਈ ਲਗਾਤਾਰ ਆਪਣੀ ਯੋਜਨਾਬੰਦੀ ਕਰ ਰਹੀਆਂ ਹਨ | ਜਿਥੇ ਆਮ ਆਦਮੀ ਪਾਰਟੀ ਲਗਾਤਾਰ ਸੂਬੇ ਭਰ ਵਿਚ ਲਾਮਬੰਦੀ ਕਰਨ ਲਈ ਯਤਨਸ਼ੀਲ ਹੈ, ਉੱਥੇ ਭਾਜਪਾ ਵੀ ਬੂਥ ਪੱਧਰ ਤੱਕ ਆਪਣੇ ਸੰਪਰਕ ਬਣਾਉਣ ਦੇ ਯਤਨ ਕਰ ਰਹੀ ਹੈ |
ਇਨ੍ਹਾਂ ਸਥਿਤੀਆਂ ਵਿਚ ਹੁਣ ਭੁਪੇਸ਼ ਬਘੇਲ ਦੀ ਥਾਂ 'ਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਤੋਂ ਬਾਅਦ ਪਾਇਲਟ ਨੇ ਦਿੱਲੀ ਵਿਚ ਵਿਸ਼ੇਸ਼ ਤੌਰ 'ਤੇ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਨਾਲ ਮੁਲਾਕਾਤਾਂ ਕੀਤੀਆਂ ਹਨ | ਆਉਂਦੇ ਹਫ਼ਤੇ ਉਹ ਪੰਜਾਬ ਦਾ ਦੌਰਾ ਕਰ ਰਹੇ ਹਨ | ਉਸ ਤੋਂ ਬਾਅਦ ਹੀ ਰਾਹੁਲ ਗਾਂਧੀ ਵਲੋਂ ਸੂਬੇ ਵਿਚ ਬਸ ਯਾਤਰਾ ਕਰਨ ਦੀ ਸੰਭਾਵਨਾ ਹੈ, ਪਰ ਇਸ ਸਭ ਕੁਝ ਦੇ ਬਾਵਜੂਦ ਸੂਬਾ ਕਾਂਗਰਸ ਵਿਚ ਸਭ ਕੁਝ ਚੰਗਾ ਦਿਖਾਈ ਨਹੀਂ ਦੇ ਰਿਹਾ | ਵੱਖੋ-ਵੱਖ ਧੜੇ ਆਪੋ-ਆਪਣੀ ਸਰਗਰਮੀ ਕਰਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਹਾਲਾਤ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਹੈ | ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਚ ਆਪਣੇ ਸਾਥੀਆਂ ਦਾ ਇਕੱਠ ਕਰਕੇ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ, ਤਾਂ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਚ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਹ ਪੂਰਨ ਪ੍ਰਦਰਸ਼ਨ ਕੀਤਾ | ਇਨ੍ਹਾਂ ਦੋਹਾਂ ਸਰਗਰਮੀਆਂ ਵਿਚ ਜਾਂ ਤਾਂ ਵੱਡੇ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਨਹੀਂ ਕੀਤੀ ਜਾਂ ਅਜਿਹਾ ਕਰਦਿਆਂ ਉਹ ਵੱਖ-ਵੱਖ ਧੜਿਆਂ ਵਿਚ ਵੰਡੇ ਵਿਖਾਈ ਦਿੰਦੇ ਰਹੇ | ਅਜਿਹੀ ਸੂਰਤ ਵਿਚ ਸਚਿਨ ਪਾਇਲਟ ਇਸ ਪਾਟੋ-ਧਾੜ ਦੀ ਸਥਿਤੀ ਨੂੰ ਕਿਵੇਂ ਠੀਕ ਕਰ ਸਕਣਗੇ ਅਤੇ ਪਾਰਟੀ ਨੂੰ ਆਉਂਦੀਆਂ ਚੋਣਾਂ ਵਿਚ ਕਿਸ ਤਰ੍ਹਾਂ ਮੁਕਾਬਲੇ ਲਈ ਤਿਆਰ ਕਰਨ ਦੇ ਸਮਰੱਥ ਹੋ ਸਕਣਗੇ, ਇਸ ਸਵਾਲ ਦਾ ਜਵਾਬ ਇਸ ਸਮੇਂ ਲੱਭ ਸਕਣਾ ਬੇਹੱਦ ਮੁਸ਼ਕਿਲ ਦਿਖਾਈ ਦਿੰਦਾ ਹੈ |
-ਬਰਜਿੰਦਰ ਸਿੰਘ ਹਮਦਰਦ