![]()
ਮਟਰ ਫਲ਼ੀਦਾਰ ਫ਼ਸਲਾਂ ਦੀ ਇਕ ਮੁੱਖ ਸਬਜ਼ੀ ਹੈ | ਮਟਰ ਇਕ ਫਲੀਦਾਰ ਫ਼ਸਲ ਹੋਣ ਕਰਕੇ ਆਪਣੀਆਂ ਜੜ੍ਹਾਂ 'ਤੇ ਨੋਡਿਊਲ ਬਣਾਉਂਦੀ ਹੈ, ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਬੈਕਟੀਰੀਆ ਦੀ ਮਦਦ ਨਾਲ ਜੋੜ ਕੇ ਪੌਦੇ ਦੀ ਲੋੜ ਨੂੰ ਪੂਰਾ ਕਰਦੀ ਹੈ | ਮਟਰਾਂ ਦੀ ਕਾਸ਼ਤ ਨਾਲ ਮਿੱਟੀ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ ਹੈ ਅਤੇ ਅਗਲੀ ਫ਼ਸਲ ਨੂੰ ਨਾਈਟ੍ਰੋਜਨ ਮੁਹੱਈਆ ਕਰਾਉਂਦੀ ਹੈ | ਮਟਰ ਨੂੰ ਇਸਦੀ ਘੱਟ ਖ਼ੁਰਾਕੀ ਲੋੜਾਂ ਤੇ ਵਾਤਾਵਰਨ ਪੱਖੀ ਦੇ ਨਾਲ-ਨਾਲ ਆਰਥਿਕ ਪੱਖੋਂ ਵੀ ਕਿਸਾਨਾਂ ਲਈ ਲਾਹੇਵੰਦ ਹੋਣ ਲਈ ਮਾਨਤਾ ਪ੍ਰਾਪਤ ਹੈ | ਇਸ ਲੇਖ ਵਿਚ ਰਵਾਇਤੀ ਤੇ ਜੈਵਿਕ ਖੇਤੀ ਅਧੀਨ ਮਟਰ ਦੀ ਕਾਸ਼ਤ ਲਈ ਸੁਝਾਅ ਦਿੱਤੇ ਗਏ ਹਨ |
ਮਟਰ ਠੰਢੇ ਮੌਸਮ ਦੀ ਫ਼ਸਲ ਹੈ | ਇਹ 4 ਤੋਂ 5 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ ਵੀ ਉਗਾਈ ਜਾ ਸਕਦੀ ਹੈ ਅਤੇ ਕੋਰਾ ਵੀ ਸਹਿਣ ਕਰ ਸਕਦੀ ਹੈ | ਮਟਰਾਂ ਦੀ ਫ਼ਸਲ ਉਸ ਇਲਾਕੇ 'ਚ ਹੀ ਚੰਗੀ ਹੋ ਸਕਦੀ ਹੈ, ਜਿੱਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ | ਮਟਰਾਂ ਦੀ ਫ਼ਸਲ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਚੰਗੇ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ | ਮਟਰ ਦੀ ਫ਼ਸਲ ਲਈ ਮੁੱਖ ਮੌਸਮ ਲਈ ਪੰਜਾਬ 89 ਕਿਸਮ ਬੀਜੋ | ਇਸਦੇ ਬੂਟੇ ਦਰਮਿਆਨੇ ਬੌਣੇ, ਨਰੋਏ ਤੇ ਸਿੱਧੇ ਹੁੰਦੇ ਹਨ | ਇਸ ਦੀਆਂ ਫ਼ਲੀਆਂ ਦਿਲ ਖਿੱਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਤੇ ਹਰ ਫਲੀ ਵਿਚ 9-10 ਦਾਣੇ ਹੁੰਦੇ ਹਨ | ਫ਼ਲੀਆਂ ਜੋੜੀਆਂ 'ਚ ਲੱਗਦੀਆਂ ਹਨ | ਇਹ ਕਿਸਮ 90 ਦਿਨਾਂ ਵਿਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ | ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ | ਮੁੱਖ ਮੌਸਮ ਦੀ ਇਕ ਹੋਰ ਕਿਸਮ ਮਿੱਠੀ ਫ਼ਲੀ ਜਿਸ ਦੀਆਂ ਫ਼ਲੀਆਂ ਖਾਣ ਯੋਗ ਹੁੰਦੀਆਂ ਹਨ | ਫ਼ਲੀਆਂ ਦਾ ਰੰਗ ਹਲਕਾ ਹਰਾ, ਲੰਬਾਈ 12-13 ਸੈਂਟੀਮੀਟਰ, ਦਾਣੇ ਕੱਢਣ ਦੀ ਲੋੜ ਨਹੀਂ ਅਤੇ ਸਾਬਤ ਫ਼ਲੀ ਖਾਣ ਯੋਗ ਹੈ | ਇਹ ਪ੍ਰੋਟੀਨ ਅਤੇ ਮਿਠਾਸ ਨਾਲ ਭਰਪੂਰ ਹੈ | ਫ਼ਲੀਆਂ ਦਾ ਔਸਤ ਝਾੜ 47 ਕੁਇੰਟਲ ਪ੍ਰਤੀ ਏਕੜ ਹੈ |
ਬਿਜਾਈ, ਬੀਜ ਦੀ ਮਾਤਰਾ ਤੇ ਜੀਵਾਣੁ ਖਾਦ-ਮੈਦਾਨੀ ਇਲਾਕਿਆਂ ਵਿਚ ਬਿਜਾਈ ਕਰਨ ਲਈ ਸਭ ਤੋਂ ਉੱਤਮ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ | ਮੁੱਖ ਸਮੇਂ ਦੀਆਂ ਕਿਸਮਾਂ ਲਈ ਬੀਜ 30 ਕਿੱਲੋ ਪ੍ਰਤੀ ਏਕੜ ਤੇ ਫ਼ਾਸਲਾ 30&10 ਸੈਂਟੀਮੀਟਰ ਰੱਖਣ ਦੀ ਲੋੜ ਹੈ | ਮਟਰਾਂ ਦੀ ਬਿਜਾਈ ਬੀਜ ਖਾਦ ਡਰਿੱਲ ਨਾਲ 60 ਸੈਂਟੀਮੀਟਰ ਵਾਲੀਆਂ ਵੱਟਾਂ 'ਤੇ ਵੀ ਕੀਤੀ ਜਾ ਸਕਦੀ ਹੈ | ਇਹ ਡਰਿੱਲ ਹਰ ਵੱਟ 'ਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿਚ ਬਿਜਾਈ ਕਰ ਦਿੰਦੀ ਹੈ | ਬੀਜਣ ਵੇਲੇ ਇਕ ਏਕੜ ਦੇ ਬੀਜ ਨੂੰ ਅੱਧਾ ਲਿਟਰ ਪਾਣੀ ਨਾਲ ਗਿੱਲਾ ਕਰੋ ਅਤੇ ਇਸਨੂੰ ਸਿਫ਼ਾਰਸ਼ ਕੀਤੇ ਰਾਈਜ਼ੋਬੀਅਮ ਕਲਚਰ/ਟੀਕਾ ਦੇ ਇਕ ਪੈਕਟ ਨਾਲ ਚੰਗੀ ਤਰ੍ਹਾਂ ਮਿਲਾਓ | ਇਸ ਨੂੰ ਛਾਵੇਂ ਪੱਕੇ ਫ਼ਰਸ਼ 'ਤੇ ਖਿਲਾਰ ਕੇ ਸੁਕਾ ਲਓ ਅਤੇ ਬੀਜ ਨੂੰ ਸੋਧਣ ਦੇ ਇਕ ਘੰਟੇ ਦੇ ਅੰਦਰ ਬੀਜ ਦਿਓ | ਮਟਰ ਨੂੰ ਰਾਈਜ਼ੋਬੀਅਮ ਦਾ ਟੀਕਾ ਲਾਉਣ ਨਾਲ ਝਾੜ ਵਧ ਜਾਂਦਾ ਹੈ | ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ 'ਚੋਂ ਮਿਲਦਾ ਹੈ |
ਖਾਦਾਂ-ਮਟਰ ਦੀ ਫ਼ਸਲ ਲਈ 8.0 ਟਨ ਗਲੀ ਸੜੀ ਰੂੜੀ, 45 ਕਿੱਲੋ ਯੂਰੀਆ ਅਤੇ 25 ਕਿੱਲੋ ਫ਼ਾਸਫ਼ੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾਓ | ਇਸੇ ਤਰ੍ਹਾਂ ਹੀ ਜੈਵਿਕ ਖੇਤੀ ਲਈ ਖਾਦ ਦੀ ਪੂਰਤੀ ਲਈ ਗਲੀ ਸੜੀ ਸੁੱਕੀ ਰੂੜੀ ਦੀ ਖਾਦ 2.0 ਟਨ (1.0% ਨਾਈਟ੍ਰੋਜਨ) ਪ੍ਰਤੀ ਏਕੜ ਬਿਜਾਈ ਵੇਲੇ ਪਾਓ | ਰੂੜੀ ਖਾਦ ਦੀ ਮਾਤਰਾ ਉਸ ਵਿਚ ਮÏਜੂਦ ਨਾਈਟ੍ਰੋਜਨ ਦੇ ਹਿਸਾਬ ਨਾਲ ਵਧਾਈ ਜਾਂ ਘਟਾਈ ਜਾ ਸਕਦੀ ਹੈ |
ਨਦੀਨਾਂ ਦੀ ਰੋਕਥਾਮ-ਨਦੀਨਾਂ ਦੀ ਰੋਕਥਾਮ ਲਈ ਮਟਰ ਦੀ ਫ਼ਸਲ ਲਈ ਦੋ ਗੋਡੀਆਂ ਕਾਫੀ ਹਨ | ਪਹਿਲੀ ਗੋਡੀ ਬੀਜ ਉੱਗਣ ਤੋਂ 4 ਹਫ਼ਤਿਆਂ ਬਾਅਦ ਅਤੇ ਦੂਜੀ ਗੋਡੀ 8 ਹਫ਼ਤਿਆਂ ਪਿੱਛੋਂ ਕਰੋ | ਜੈਵਿਕ ਖੇਤੀ ਵਿਚ ਨਦੀਨਾਂ ਦੀ ਰੋਕਥਾਮ ਲਈ 40 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਬਿਜਾਈ ਤੋਂ ਬਾਅਦ ਇਕਸਾਰ ਵਿਛਾਓ | ਬਿਜਾਈ ਸਮੇਂ ਝੋਨੇ ਦੀ ਪਰਾਲੀ ਵਿਛਾਉਣ ਨਾਲ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ | ਬਚੇ ਹੋਏ ਨਦੀਨ ਇਕ ਗੋਡੀ ਨਾਲ ਕਾਬੂ ਕੀਤੇ ਜਾ ਸਕਦੇ ਹਨ |
ਸਿੰਚਾਈ-ਠੀਕ ਵੱਤਰ ਵਿਚ ਬਿਜਾਈ ਕਰੋ | ਪਹਿਲਾ ਪਾਣੀ ਬਿਜਾਈ ਤੋਂ 15 ਦਿਨ ਬਾਅਦ, ਦੂਜਾ ਫੁੱਲ ਆਉਣ ਤੇ ਅਤੇ ਫਿਰ ਫ਼ਲ ਪੈਣ 'ਤੇ ਜੇ ਜ਼ਰੂਰਤ ਹੋਵੇ ਤਾਂ ਲਾਓ | ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ | ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ |
ਤੁੜਾਈ-ਖਾਣ ਲਈ ਠੀਕ ਹਾਲਤ ਅਨੁਸਾਰ ਫ਼ਲੀਆਂ ਤੋੜੋ | ਮਟਰ ਦੀ ਫ਼ਲੀ ਪੱਕਣ ਦੇ ਅਨੁਸਾਰ ਤੁੜਾਈ ਕਈ ਵਾਰ ਕਰੋ ਅਤੇ ਫ਼ਲੀਆਂ ਨੂੰ ਜ਼ਿਆਦਾ ਨਾ ਪੱਕਣ ਦਿਓ |
ਕੀੜਿਆਂ ਦੀ ਰੋਕਥਾਮ : ਥਿ੍ੱਪ (ਜੂੰ) ਕੀੜਾ ਰਸ ਚੂਸਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ | ਸੁਰੰਗੀ ਕੀੜੇ ਅਤੇ ਚੇਪਾ ਸੁਰੰਗੀ ਕੀੜੇ ਦੀਆਂ ਸੁੰਡੀਆਂ ਮਟਰਾਂ ਦੇ ਪੱਤਿਆਂ ਵਿਚ ਸੁਰੰਗਾਂ ਬਣਾ ਲੈਂਦੀਆਂ ਹਨ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ | ਦਸੰਬਰ ਤੋਂ ਮਾਰਚ ਦੇ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ | ਚੇਪਾ ਵੀ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ | ਮਟਰ ਦੀ ਫ਼ਸਲ ਨੂੰ ਥਿ੍ੱਪ, ਸੁਰੰਗੀ ਕੀੜੇ ਅਤੇ ਚੇਪਾ ਦੇ ਹਮਲੇ ਤੋਂ ਬਚਾਉਣ ਲਈ ਖਾਦ ਦੀ ਸਿਫ਼ਾਰਸ਼ ਮਾਤਰਾ ਹੀ ਵਰਤੋ ਅਤੇ ਖਾਲਿਆਂ ਦੀ ਵੱਟਾਂ 'ਚੋਂ ਨਦੀਨਾਂ ਨੂੰ ਨਸ਼ਟ ਕਰੋ | ਤਣੇ ਦੀ ਮੱਖੀ ਬੀਜ ਉੱਗਣ ਸਮੇਂ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ | ਕੀੜੇ ਦੇ ਹਮਲੇ ਤੋਂ ਬਚਾਅ ਲਈ ਬਿਜਾਈ ਅਕਤੂਬਰ ਦੇ ਦੂਜੇ ਪੰਦਰ੍ਹਵਾੜੇ 'ਚ ਕਰੋ | ਤਣੇ ਦੀ ਮੱਖੀ ਦੀ ਰੋਕਥਾਮ ਲਈ ਬਿਜਾਈ ਸਮੇਂ ਸਿਆੜਾਂ ਵਿਚ 10 ਕਿੱਲੋ ਫਿਊਰਾਡਾਨ 3 ਜੀ (ਕਾਰਬੋਫੂਰਾਨ) ਦਾਣੇਦਾਰ ਪ੍ਰਤੀ ਏਕੜ ਸਿਆੜਾਂ ਵਿਚ ਪਾਓ |
ਬਿਮਾਰੀਆਂ ਦੀ ਰੋਕਥਾਮ : ਚਿੱਟਾ ਰੋਗ ਦੇ ਹਮਲੇ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਵਾਂ, ਪੱਤਿਆਂ ਅਤੇ ਫ਼ਲੀਆਂ 'ਤੇ ਪੈਦਾ ਹੋ ਜਾਂਦੇ ਹਨ | ਚਿੱਟਾ ਰੋਗ ਦੇ ਹਮਲੇ ਤੋਂ ਬਚਾਅ ਲਈ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ਤੇ ਕਰੋ | ਜੜ੍ਹਾਂ ਤੇ ਗਿੱਚੀ ਦਾ ਗਲਣ ਦੇ ਰੋਗ ਨਾਲ ਮਟਰਾਂ ਦੀ ਫ਼ਸਲ ਦੀਆਂ ਜੜ੍ਹਾਂ ਗਲ ਜਾਂਦੀਆਂ ਹਨ ਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ 'ਚ ਪੌਦਾ ਮਰ ਜਾਂਦਾ ਹੈ | ਗਿੱਚੀ ਵਾਲੇ ਭਾਗ 'ਤੇ ਲਾਲ ਭੂਰੇ ਧੱਬੇ ਪੈਦਾ ਹੋ ਜਾਂਦੇ ਹਨ | ਜਿੱਥੇ ਇਹ ਰੋਗ ਵਧੇਰੇ ਲਗਦਾ ਹੈ, ਉੱਥੇ ਮਟਰ ਦੀ ਫ਼ਸਲ ਅਗੇਤੀ ਨਾ ਬੀਜੋ | ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ | ਕੁੰਗੀ ਦੀ ਬਿਮਾਰੀ ਨਾਲ ਦਸੰਬਰ-ਜਨਵਰੀ ਵਿਚ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਤੇ ਭੂਰੇ ਰੰਗ ਦੇ ਗੋਲ ਉਭਰਵੇਂ ਧੱਬੇ ਪੈਦਾ ਹੋ ਜਾਂਦੇ ਹਨ | ਇਸ ਬਿਮਾਰੀ ਦਾ ਪਛੇਤੀ ਫ਼ਸਲ 'ਤੇ ਹਮਲਾ ਵਧੇਰੇ ਹੁੰਦਾ ਹੈ | ਖੇਤ ਨੂੰ ਰਿਵਾੜੀ ਨਦੀਨ ਤੋਂ ਮੁਕਤ ਰੱਖੋ ਕਿਉਂਕਿ ਇਸ ਤੋਂ ਬਿਮਾਰੀ ਮਟਰ ਦੀ ਫ਼ਸਲ 'ਤੇ ਆ ਸਕਦੀ ਹੈ | ਚਿੱਟੇ ਤੇ ਕੁੰਗੀ ਦੋਹਾਂ ਦੀ ਇਕੱਠਿਆਂ ਰੋਕਥਾਮ ਕਰਨ ਲਈ ਸਲਫੈਕਸ 200 ਗ੍ਰਾਮ ਨੂੰ ਇੰਡੋਫਿਲ ਐਮ-45, 400 ਗ੍ਰਾਮ ਵਿਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ | ਵਾਈਟ ਰਾਟ ਬਿਮਾਰੀ ਫੁੱਲ ਪੈਣ 'ਤੇ ਅਤੇ ਫ਼ਲੀਆਂ ਬਣਨ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ | ਠੰਢੇ ਤੇ ਸਲ੍ਹਾਬ ਵਾਲੇ ਮੌਸਮ ਵਿਚ ਚਿੱਟੇ ਰੰਗ ਦਾ ਮਾਦਾ ਸਖ਼ਤ ਹੋ ਕੇ ਕਾਲੇ ਰੰਗ ਦੀਆਂ ਮਘਰੋੜੀਆਂ (ਸਕਲੋਰਸ਼ੀਆ) ਫ਼ਲੀ ਵਿਚ ਬਣਾ ਦਿੰਦਾ ਹੈ, ਜੋ ਅਸਲ 'ਚ ਉੱਲੀ ਦੇ ਜੀਵਾਣੂ ਹੁੰਦੇ ਹਨ | ਮਟਰ ਦੀ ਫ਼ਸਲ ਨੂੰ ਬਿਮਾਰੀ ਲੱਗਣ ਵਾਲੀਆਂ ਫ਼ਸਲਾਂ ਜਿਵੇਂ ਬੈਂਗਣ, ਗੋਭੀ, ਮਟਰ ਤੇ ਗਾਜਰ ਦੀ ਕਾਸ਼ਤ ਮਟਰ ਤੋਂ ਬਾਅਦ ਨਾ ਕਰੋ | ਪੌਦਿਆਂ ਦੀ ਰਹਿੰਦ-ਖੰੂਹਦ ਨੂੰ ਇਕੱਠਾ ਕਰ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ |
-ਸਕੂਲ ਆਫ ਆਰਗੈਨਿਕ ਫ਼ਾਰਮਿੰਗ, ਪੀ.ਏ.ਯੂ. ਲੁਧਿਆਣਾ–141004.