ਹਰਸਿਮਰਤ ਕੌਰ ਬਾਦਲ ਵਲੋਂ ਰੱਖੀ ‘ਮਾਂਵਾਂ ਧੀਆਂ ਦੀ ਲਲਕਾਰ’ ਰੈਲੀ ’ਚ ਉਮੜਿਆ ਬੀਬੀਆਂ ਦਾ ਭਾਰੀ ਇਕੱਠ
ਤਲਵੰਡੀ ਸਾਬੋ, 30 ਅਕਤੂਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਅਰੰਭੀਆਂ ‘ਮਾਂਵਾ ਧੀਆਂ ਦੀ ਲਲਕਾਰ’ ਰੈਲੀਆਂ ਦੀ ਲੜੀ ‘ਚ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਕੀਤੀ ਰੈਲੀ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਰੈਲੀ ‘ਚ ਉਮੜੇ ਬੀਬੀਆਂ ਦੇ ਭਾਰੀ ਇਕੱਠ ਨੇ ਰੈਲੀ ਨੂੰ ਜਿੱਥੇ ਬੇਮਿਸਾਲ ਬਣਾ ਦਿੱਤਾ ਉੱਥੇ ਰੈਲੀ ‘ਚ ਇਕੱਤਰ ਬੀਬੀਆਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਪ੍ਰਣ ਵੀ ਲਿਆ। ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਬੀਬੀਆਂ ਨੂੰ ਲਾਮਬੰਦ ਕਰਨ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ।
ਤਲਵੰਡੀ ਸਾਬੋ, 30 ਅਕਤੂਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਅਰੰਭੀਆਂ ‘ਮਾਂਵਾ ਧੀਆਂ ਦੀ ਲਲਕਾਰ’ ਰੈਲੀਆਂ ਦੀ ਲੜੀ ‘ਚ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਕੀਤੀ ਰੈਲੀ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਰੈਲੀ ‘ਚ ਉਮੜੇ ਬੀਬੀਆਂ ਦੇ ਭਾਰੀ ਇਕੱਠ ਨੇ ਰੈਲੀ ਨੂੰ ਜਿੱਥੇ ਬੇਮਿਸਾਲ ਬਣਾ ਦਿੱਤਾ ਉੱਥੇ ਰੈਲੀ ‘ਚ ਇਕੱਤਰ ਬੀਬੀਆਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਪ੍ਰਣ ਵੀ ਲਿਆ। ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਬੀਬੀਆਂ ਨੂੰ ਲਾਮਬੰਦ ਕਰਨ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ’ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਰੱਜ ਕੇ ਹੱਲੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੌਣੇ ਪੰਜ ਸਾਲ੍ਹਾਂ ਦੇ ਕਾਰਜਕਾਲ ਦੌਰਾਨ ਨਸ਼ੇ ਨੇ ਇੰਨੇ ਪੈਰ ਪਸਾਰ ਲਏ ਹਨ ਕਿ ਅੱਜ ਮਿੱਠੀਆਂ ਗੋਲੀਆਂ ਵਾਂਗ ਨਸ਼ਾ ਗਲੀ ਗਲੀ ਵਿਕ ਰਿਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਕਈ ਪਿੰਡਾਂ ਦੀਆਂ ਕੰਧਾਂ ’ਤੇ ਇਹ ਲਿਖਿਆ ਮਿਲਿਐ ਕਿ ‘ਚਿੱਟਾ’ ਇੱਥੇ ਮਿਲਦਾ ਹੈ, ਬਾਵਜੂਦ ਇਸ ਦੇ ਸਰਕਾਰ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਪਰ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਹੈ ਜਿਸ ਦੀ ਮਿਸਾਲ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਤੂੜਬੰਜਾਰਾ ਨਾਲ ਵਾਪਰੀਆਂ ਘਟਨਾਵਾਂ ਤੋਂ ਮਿਲਦੀ ਹੈ।ਉਨ੍ਹਾਂ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਗੁਲਜ਼ਾਰ ਸਿੰਘ ਵਲੋਂ ਮਸਲਾ ਉਠਾਏ ਜਾਣ ’ਤੇ ਵੀ ਉਨ੍ਹਾਂ ਨੇ ਨਸ਼ਾ ਬੰਦ ਕਰਵਾਉਣ ਲਈ ਠੋਸ ਕਦਮ ਕਿਉਂ ਨਹੀ ਚੁੱਕੇ। ਪਰਵਿੰਦਰ ਸਿੰਘ ਝੋਟਾ ਕਤਲਕਾਂਡ ’ਤੇ ਵੀ ਸਰਕਾਰ ਨੂੰ ਘੇਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ ‘ਚ ਇਕ ਨੌਜਵਾਨ ਨੂੰ ਜਾਨ ਗਵਾਉਣੀ ਪਈ ਤੇ ਹੁਣ ਇਨਸਾਫ਼ ਦੀ ਲੜਾਈ ਲੜ ਰਹੇ ਉਸ ਦੇ ਪਰਿਵਾਰ ਨਾਲ ਮੁੱਖ ਮੰਤਰੀ ਨੇ ਅਜੇ ਤੱਕ ਮੁਲਾਕਾਤ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਸ਼ਾ ਮਾਫ਼ੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਕਰਨ ‘ਚ ਅਸਫਲ ਸਾਬਿਤ ਹੋਏ ਹਨ। ਬੀਬਾ ਬਾਦਲ ਨੇ ਇਸ ਮੌਕੇ ਵਾਇਦਾ ਕੀਤਾ ਕਿ ਸੂਬੇ ‘ਚ ਅਕਾਲੀ ਸਰਕਾਰ ਬਣਨ ‘ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲੈਣ ਤੇ ਆਪਣੇ ਘਰ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ੁਦ ਲੜਾਈ ਲੜਨ ਲਈ ਲਾਮਬੰਦ ਹੋਣ। ਰੈਲੀ ‘ਚ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਪਤਨੀ ਰੀਤਿਕਾ ਸਿੱਧੂ ਸਮੇਤ ਵੱਡੀ ਗਿਣਤੀ ਬੀਬੀਆਂ ਮੌਜੂਦ ਸਨ ਜਦੋਂਕਿ ਸਟੇਜ ਦੀ ਕਾਰਵਾਈ ਸਰਕਲ ਪ੍ਰਧਾਨ ਸੰਦੀਪ ਕੌਰ ਪੱਕਾ ਨੇ ਨਿਭਾਈ।