ਪੂਰਾ ਕਿਰਾਇਆ ਵਸੂਲਣ ਦੇ ਬਾਵਜੂਦ ਯਾਤਰੀਆਂ ਨੂੰ ਮੁਢਲੀਆਂ ਸਹੂਲਤਾਂ ਅਤੇ ਸੁਰੱਖਿਅਤ ਸਫ਼ਰ ਦੇਣ ਵਿਚ ਰੇਲਵੇ ਨਾਕਾਮ-ਆਗੂ ਬਘੌਰਾ
ਫ਼ਿਰੋਜ਼ਪੁਰ,18 ਨਵੰਬਰ (ਕੁਲਬੀਰ ਸਿੰਘ ਸੋਢੀ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਚਲਾਈ ਜਾ ਰਹੀ ਸੱਚਖੰਡ ਐਕਸਪ੍ਰੈੱਸ ਵਿਚ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਗੱਡੀ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ, ਪਖਾਨਿਆਂ ਦੀਆਂ ਫਲੱਸ਼ਾਂ ਬੰਦ ਹੋਣ, ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਢੁਕਵੀਂ ਵਿਵਸਥਾ ਨਾ ਹੋਣ ਦੇ ਨਾਲ-ਨਾਲ ਰੇਲਗੱਡੀ ਦੀ ਦੇਰੀ ਨਾਲ ਆਵਾਜਾਈ ਵੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ।
ਸ
ਸੱਚਖੰਡ ਐਕਸਪ੍ਰੈੱਸ ਦੇ ਕੋਚਾਂ ਵਿਚ ਬੰਦ ਫਲੱਸ਼ਾਂ ਦੀ ਫ਼ੋਟੋ। (ਸੱਜੇ) ਵੀ.ਆਈ.ਪੀ ਕੋਚ ਦੇ ਅੰਦਰਲੇ ਮਾੜੇ ਪ੍ਰਬੰਧਾਂ ਬਾਰੇ ਦੱਸਦੇ ਹੋਏ ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਬਘੌਰਾ। ਅਜੀਤ ਤਸਵੀਰ
19-11-2026
ਫ਼ਿਰੋਜ਼ਪੁਰ,18 ਨਵੰਬਰ (ਕੁਲਬੀਰ ਸਿੰਘ ਸੋਢੀ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਚਲਾਈ ਜਾ ਰਹੀ ਸੱਚਖੰਡ ਐਕਸਪ੍ਰੈੱਸ ਵਿਚ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਗੱਡੀ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ, ਪਖਾਨਿਆਂ ਦੀਆਂ ਫਲੱਸ਼ਾਂ ਬੰਦ ਹੋਣ, ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਢੁਕਵੀਂ ਵਿਵਸਥਾ ਨਾ ਹੋਣ ਦੇ ਨਾਲ-ਨਾਲ ਰੇਲਗੱਡੀ ਦੀ ਦੇਰੀ ਨਾਲ ਆਵਾਜਾਈ ਵੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਬਘੌਰਾ ਨੇ ਰੇਲਵੇ ਵਿਭਾਗ ਦੇ ਪ੍ਰਬੰਧਾਂ ਉੱਪਰ ਸਵਾਲ ਉਠਾਉਂਦਿਆਂ ਕੇਂਦਰੀ ਰੇਲਵੇ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸ. ਬਘੌਰਾ ਨੇ ਕਿਹਾ ਕਿ ਸੱਚਖੰਡ ਐਕਸਪ੍ਰੈੱਸ ਸਿਰਫ਼ ਇਕ ਆਮ ਯਾਤਰੀ ਰੇਲਗੱਡੀ ਹੀ ਨਹੀਂ, ਸਗੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਹਜ਼ਾਰਾਂ ਸੰਗਤਾਂ ਦੇ ਸਫ਼ਰ ਦਾ ਅਹਿਮ ਸਾਧਨ ਹੈ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਇਸ ਰੇਲਗੱਡੀ ਰਾਹੀਂ ਲੰਮਾ ਸਫ਼ਰ ਤੈਅ ਕਰਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਇਨ੍ਹਾਂ ਯਾਤਰੀਆਂ ਵਿਚ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਪਰਿਵਾਰਾਂ ਦੀ ਗਿਣਤੀ ਵੀ ਕਾਫ਼ੀ ਹੁੰਦੀ ਹੈ। ਅਜਿਹੇ ਲੰਮੇ ਸਫ਼ਰ ਦੌਰਾਨ ਜੇਕਰ ਰੇਲਵੇ ਵਲੋਂ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਾ ਕਰਵਾਈਆਂ ਜਾਣ ਤਾਂ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ।ਆਗੂ ਬਘੌਰਾ ਨੇ ਸੁਰੱਖਿਆ ਪ੍ਰਬੰਧਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਰੇਲਗੱਡੀ ਵਿਚ ਆਰ.ਪੀ.ਐੱਫ. ਦੇ ਜਵਾਨਾਂ ਦੀ ਲਗਾਤਾਰ ਅਤੇ ਪ੍ਰਭਾਵਸ਼ਾਲੀ ਗਸ਼ਤ ਹੋਣੀ ਚਾਹੀਦੀ ਹੈ। ਯਾਤਰੀਆਂ ਦੀ ਸ਼ਿਕਾਇਤ ਹੈ ਕਿ ਸੁਰੱਖਿਆ ਕਰਮਚਾਰੀਆਂ ਦੀ ਘੱਟ ਮੌਜੂਦਗੀ ਕਾਰਨ ਉਨ੍ਹਾਂ ਨੂੰ ਸਫ਼ਰ ਦੌਰਾਨ ਆਪਣੇ ਬੈਗਾਂ, ਮੋਬਾਈਲ ਫੋਨਾਂ, ਨਕਦੀ ਅਤੇ ਹੋਰ ਕੀਮਤੀ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਅਤੇ ਲੰਮੇ ਸਫ਼ਰ ਦੌਰਾਨ ਯਾਤਰੀਆਂ ਨੂੰ ਚੋਰੀਆਂ ਦਾ ਡਰ ਸਤਾਉਂਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਨਿਯਮਤ ਗਸ਼ਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦਾ ਮੌਕਾ ਨਾ ਮਿਲੇ ਅਤੇ ਯਾਤਰੀ ਬਿਨਾਂ ਕਿਸੇ ਡਰ ਤੋਂ ਆਪਣਾ ਸਫ਼ਰ ਪੂਰਾ ਕਰ ਸਕਣ। ਉਨ੍ਹਾਂ ਰੇਲਗੱਡੀ ਦੀ ਦੇਰੀ ਸਬੰਧੀ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਆਪਣੀ ਅਗਲੀ ਯਾਤਰਾ ਅਤੇ ਹੋਰ ਜ਼ਰੂਰੀ ਕੰਮਾਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਮਿਕ ਯਾਤਰਾ ਲਈ ਨਿਕਲਣ ਵਾਲੇ ਸ਼ਰਧਾਲੂ ਪਹਿਲਾਂ ਤੋਂ ਹੀ ਆਪਣਾ ਸਮਾਂ ਅਤੇ ਪ੍ਰੋਗਰਾਮ ਤੈਅ ਕਰਕੇ ਚੱਲਦੇ ਹਨ, ਪਰ ਰੇਲਗੱਡੀ ਦੇ ਲੇਟ ਹੋਣ ਕਾਰਨ ਉਨ੍ਹਾਂ ਦੀ ਪੂਰੀ ਯੋਜਨਾ ਪ੍ਰਭਾਵਿਤ ਹੋ ਜਾਂਦੀ ਹੈ। ਇਸ ਲਈ ਰੇਲਵੇ ਵਿਭਾਗ ਨੂੰ ਰੇਲਗੱਡੀ ਦੀ ਸਮੇਂ ਸਿਰ ਆਵਾਜਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਆਗੂ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਜਦੋਂ ਰੇਲਵੇ ਵਿਭਾਗ ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਦਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਸਹੂਲਤਾਂ ਭਰਿਆ ਸਫ਼ਰ ਮੁਹੱਈਆ ਕਰਵਾਉਣਾ ਵੀ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੱਚਖੰਡ ਐਕਸਪ੍ਰੈੱਸ ਦੇ ਸਾਰੇ ਕੋਚਾਂ ਦੀ ਨਿਯਮਤ ਜਾਂਚ ਕੀਤੀ ਜਾਵੇ, ਖ਼ਰਾਬ ਫਲੱਸ਼ਾਂ ਅਤੇ ਪਖਾਨਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੁਧਾਰੇ ਜਾਣ ਅਤੇ ਆਰ.ਪੀ.ਐੱਫ. ਦੇ ਜਵਾਨਾਂ ਦੀ ਗਸ਼ਤ ਵਧਾਈ ਜਾਵੇ । ਉਨ੍ਹਾਂ ਰੇਲਵੇ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਦਫ਼ਤਰੀ ਰਿਪੋਰਟਾਂ ਉੱਪਰ ਨਿਰਭਰ ਰਹਿਣ ਦੀ ਬਜਾਏ ਖ਼ੁਦ ਸੱਚਖੰਡ ਐਕਸਪ੍ਰੈੱਸ ਦਾ ਨਿਰੀਖਣ ਕਰਨ ਅਤੇ ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਅਸਲ ਮੁਸ਼ਕਲਾਂ ਜਾਣਨ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲ ਵਿਭਾਗ ਸੰਗਤਾਂ ਲਈ ਸੁਰੱਖਿਅਤ ਅਤੇ ਸੁਖਦਾਈ ਸਫ਼ਰ ਯਕੀਨੀ ਬਣਾਉਣਾ ਚਾਹੀਦਾ ਹੈ।