26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਸਤੂਆਣਾ ਸਾਹਿਬ ਵਿਖੇ 48ਵੀਂ ਜੂਨੀਅਰ ਗਰਲਜ਼ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼

ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਨੂੰ ਸਮਰਪਿਤ 48ਵੀਂ ਜੂਨੀਅਰ ਗਰਲਜ਼ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਦਾ ਅੱਜ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਸੁਖਦੇਵ ਸਿੰਘ ਢੀਂਡਸਾ ਯਾਦਗਾਰੀ ਫਾਊਂਡੇਸ਼ਨ ਸੰਗਰੂਰ ਦੇ ਸਾਂਝੇ ਪ੍ਰਬੰਧਾਂ ਹੇਠ ਸ਼ਾਨਦਾਰ ਆਗਾਜ਼ ਹੋਇਆ। ਪੰਜ ਦਿਨ ਚੱਲਣ ਵਾਲੀ ਇਸ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਦੇਸ਼ ਦੇ 28 ਰਾਜਾਂ ਦੀਆਂ ਲਗਭਗ 550 ਖਿਡਾਰਨਾਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।

ਅਜੀਤ ਡੈਸਕ 26-11-2026
ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਨੂੰ ਸਮਰਪਿਤ 48ਵੀਂ ਜੂਨੀਅਰ ਗਰਲਜ਼ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਦਾ ਅੱਜ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਸੁਖਦੇਵ ਸਿੰਘ ਢੀਂਡਸਾ ਯਾਦਗਾਰੀ ਫਾਊਂਡੇਸ਼ਨ ਸੰਗਰੂਰ ਦੇ ਸਾਂਝੇ ਪ੍ਰਬੰਧਾਂ ਹੇਠ ਸ਼ਾਨਦਾਰ ਆਗਾਜ਼ ਹੋਇਆ। ਪੰਜ ਦਿਨ ਚੱਲਣ ਵਾਲੀ ਇਸ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਦੇਸ਼ ਦੇ 28 ਰਾਜਾਂ ਦੀਆਂ ਲਗਭਗ 550 ਖਿਡਾਰਨਾਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਜਸਵਿੰਦਰ ਮੀਨੂੰ ਬੈਨੀਵਾਲ ਨੇ ਕੀਤਾ, ਜਦਕਿ ਸਮਾਗਮ ਦੀ ਪ੍ਰਧਾਨਗੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸੁਖਦੇਵ ਸਿੰਘ ਢੀਂਡਸਾ ਯਾਦਗਾਰੀ ਫਾਊਂਡੇਸ਼ਨ ਦੇ ਬੁਲਾਰੇ ਮਨੂੰ ਬਡਰੁੱਖਾਂ, ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ ਅਤੇ ਮਨਜੀਤ ਸਿੰਘ ਬਾਲੀਆਂ, ਹੈਂਡਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ. ਪ੍ਰਿਤਪਾਲ ਸਿੰਘ ਸਲੂਜਾ ਅਤੇ ਖਜ਼ਾਨਚੀ ਗੁਰਚਰਨ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਖਿਡਾਰਨਾਂ ਨੇ ਖੇਡ ਭਾਵਨਾ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸਹੁੰ ਚੁੱਕੀ। ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਕੈਪਟਨ ਜਸਵਿੰਦਰ ਮੀਨੂੰ ਬੈਨੀਵਾਲ ਨੇ ਕਿਹਾ ਕਿ ਸੰਤ ਅਤਰ ਸਿੰਘ ਦੀ ਵਰੋਸਾਈ ਪਵਿੱਤਰ ਧਰਤੀ ’ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਦਾ ਸੁਚੱਜਾ ਪ੍ਰਬੰਧ ਕਰਨਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਅਕਾਲ ਕੌਂਸਲ ਅਤੇ ਯਾਦਗਾਰੀ ਫਾਊਂਡੇਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਕੀਤੇ ਗਏ ਬਿਹਤਰ ਪ੍ਰਬੰਧਾਂ ਨੂੰ ਦੇਖਦਿਆਂ ਭਵਿੱਖ ਵਿੱਚ ਸੀਨੀਅਰ ਮਹਿਲਾ ਨੈਸ਼ਨਲ ਚੈਂਪੀਅਨਸ਼ਿਪ ਵੀ ਇਸ ਪਵਿੱਤਰ ਧਰਤੀ ’ਤੇ ਕਰਵਾਈ ਜਾਵੇਗੀ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਪਹੁੰਚੀਆਂ ਖਿਡਾਰਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਾਮ ਨੂੰ ਪੰਜਾਬ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਵਿਚਕਾਰ ਉਦਘਾਟਨੀ ਮੈਚ ਖੇਡਿਆ ਗਿਆ, ਜਿਸ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਵਿਜੇ ਪਲਾਹਾ, ਡਾ. ਜਤਿੰਦਰ ਦੇਵ, ਪ੍ਰੋ. ਸੁਖਵਿੰਦਰ ਸਿੰਘ ਮਾਨ, ਪ੍ਰੋ. ਰਣਧੀਰ ਸ਼ਰਮਾ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਡਰੱਗ ਫਾਰਮਿੰਗ ਅਤੇ ਸਾਈਕਿਆਟ੍ਰਿਕ ਦਵਾਈਆਂ ਦੀ ਵਿੱਕਰੀ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।