ਅਧਿਆਪਕ ਦਿਵਸ ਵਾਲੇ ਦਿਨ ਸਕੂਲਾਂ ਦੀ ਥਾਂ ਸੜਕਾਂ ਉੱਪਰ ਆਏ ਪੀੜਤ ਅਧਿਆਪਕ
ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ) - ਅੱਜ ਅਧਿਆਪਕ ਦਿਵਸ ਮੌਕੇ ਸੰਗਰੂਰ ਵਿਖੇ ਰੀਕਾਸਟ ਸੂਚੀਆਂ ਪ੍ਰਭਾਵਿਤ ਫਰੰਟ (ਪੰਜਾਬ) ਦੇ ਸੱਦੇ ਹੇਠ ਅਧਿਆਪਕਾਂ ਵੱਲੋਂ ਵੱਖਰੇ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਗਿਆ। ਰੀਕਾਸਟ ਸੂਚੀਆਂ ਤੋਂ ਪੀੜਤ ਅਧਿਆਪਕਾਂ ਨੇ ਆਪਣਾ ਦੁੱਖ ਜਾਹਰ ਕਰਨ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਸੜਕ ਦੇ ਨਾਲ ਬਣੇ ਹੋਏ ਫੁੱਟਪਾਥ ਉੱਤੇ ਮਨੁੱਖੀ ਚੈਨ ਬਣਾ ਕੇ ਹੱਥਾਂ ਵਿੱਚ ਇਨਸਾਫ ਦੀ ਮੰਗ ਦੀਆਂ ਤਖਤੀਆਂ ਫੜ ਕੇ ਆਪਣਾ ਰੋਸ ਜਾਹਰ ਕੀਤਾ।
ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ) - ਅੱਜ ਅਧਿਆਪਕ ਦਿਵਸ ਮੌਕੇ ਸੰਗਰੂਰ ਵਿਖੇ ਰੀਕਾਸਟ ਸੂਚੀਆਂ ਪ੍ਰਭਾਵਿਤ ਫਰੰਟ (ਪੰਜਾਬ) ਦੇ ਸੱਦੇ ਹੇਠ ਅਧਿਆਪਕਾਂ ਵੱਲੋਂ ਵੱਖਰੇ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਗਿਆ। ਰੀਕਾਸਟ ਸੂਚੀਆਂ ਤੋਂ ਪੀੜਤ ਅਧਿਆਪਕਾਂ ਨੇ ਆਪਣਾ ਦੁੱਖ ਜਾਹਰ ਕਰਨ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਸੜਕ ਦੇ ਨਾਲ ਬਣੇ ਹੋਏ ਫੁੱਟਪਾਥ ਉੱਤੇ ਮਨੁੱਖੀ ਚੈਨ ਬਣਾ ਕੇ ਹੱਥਾਂ ਵਿੱਚ ਇਨਸਾਫ ਦੀ ਮੰਗ ਦੀਆਂ ਤਖਤੀਆਂ ਫੜ ਕੇ ਆਪਣਾ ਰੋਸ ਜਾਹਰ ਕੀਤਾ। ਫ਼ਰੰਟ ਦੇ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲਗਪਗ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਨਲਾਇਕੀਆਂ ਅਤੇ ਦਫ਼ਤਰੀ ਗਲਤੀਆਂ ਕਾਰਨ ਵੱਖ-ਵੱਖ ਭਰਤੀਆਂ ਦੇ ਮੁਕੰਮਲ ਤੌਰ ਤੇ ਯੋਗ ਅਤੇ ਬੇਕਸੂਰ ਅਧਿਆਪਕਾਂ ਨੂੰ ਟਰਮੀਨੇਸ਼ਨ ਸਬੰਧੀ ਸੋ ਕਾਜ ਨੋਟਿਸ ਭੇਜ ਦਿੱਤੇ ਹਨ। ਇਸ ਵਿੱਚ ਮਾਸਟਰ ਕਾਡਰ ਭਰਤੀ 4161 ਦੇ 253 ਅਧਿਆਪਕ , 2392 ਭਰਤੀ ਦੇ 40 ਅਧਿਆਪਕ, ਈਟੀਟੀ ਕੇਡਰ 6635 ਭਰਤੀ ਦੇ 108 ਅਧਿਆਪਕ ਲਗਾਤਾਰ ਆਪਣੀ ਨੌਕਰੀ ਖੁੱਸ ਜਾਣ ਦੇ ਡਰ ਦੀ ਪੀੜਾ ਨੂੰ ਹੰਢਾ ਰਹੇ ਹਨ। ਇਸਦੇ ਚਲਦਿਆਂ ਇਹ ਸਾਰੇ ਪੀੜਤ ਅਧਿਆਪਕ ਸਮਾਜਿਕ ਤੌਰ ਤੇ, ਮਾਨਸਿਕ ਤੌਰ ਤੇ ਅਤੇ ਆਰਥਿਕ ਤੌਰ ਤੇ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਅਧਿਆਪਕਾਂ ਨੂੰ ਟਰਮੀਨੇਸ਼ਨ ਸਬੰਧੀ ਸ਼ੋਕਾਜ ਨੋਟਿਸ ਜਾਰੀ ਕਰਨ ਦਾ ਮੁੱਖ ਆਧਾਰ ਜਾਂ ਤਾਂ ਉੱਤਰ ਕੁੰਜੀ ਦੀ ਤਬਦੀਲੀ ਨੂੰ ਬਣਾਇਆ ਜਾ ਰਿਹਾ ਹੈ। ਜਾਂ ਫਿਰ ਸਿਲੈਕਸ਼ਨ ਸੂਚੀਆਂ ਸਹੀ ਨਾ ਬਣਨ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਜਦੋਂ ਕਿ ਇਹ ਸਾਰੀਆਂ ਗਲਤੀਆਂ ਸਿੱਖਿਆ ਵਿਭਾਗ ਜਾਂ ਭਰਤੀ ਸੈੱਲ ਦੀਆਂ ਦਫਤਰੀ ਪੱਧਰ ਦੀਆਂ ਗਲਤੀਆਂ ਹਨ। ਜਿਨਾਂ ਦਾ ਖਮਿਆਜਾ ਅੱਜ ਇੱਥੇ ਸਾਰੇ ਖੜੇ ਬੇਕਸੂਰ ਅਧਿਆਪਕ ਭੁਗਤ ਰਹੇ ਹਨ। ਫਰੰਟ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਲਗਾਤਾਰ ਅਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਧਰਨੇ ਮੁਜਾਰੇ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸਰਕਾਰ ਵੱਲੋਂ ਮੀਟਿੰਗ ਦੇ ਦਿੱਤੀ ਜਾਂਦੀ ਹੈ ਜੋ ਕੁਝ ਦਿਨਾਂ ਬਾਅਦ ਜਾਂ ਤਾਂ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਜਾਂ ਕੈਂਸਲ ਕਰ ਦਿੱਤੀ ਜਾਂਦੀ ਹੈ। ਜੇ ਉਹ ਮੀਟਿੰਗ ਕਿਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਹੋ ਵੀ ਜਾਂਦੀ ਹੈ ਤਾਂ ਉਹ ਮੀਟਿੰਗ ਇਕ ਮਿੰਟ ਦੇ ਦਰਮਿਆਨ ਖਤਮ ਹੋ ਜਾਂਦੀ ਹੈ ਜਿਸ ਵਿੱਚ ਮਿੱਠੇ ਲਾਰੇ ਤੋਂ ਇਲਾਵਾ ਹੋਰ ਕੋਈ ਸਾਰਥਕ ਹੱਲ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਨਿਰੰਤਰ ਚਾਰ ਪੰਜ ਸਾਲਾਂ ਤੋਂ ਅਧਿਆਪਕ ਇਸੇ ਸੰਤਾਪ ਨੂੰ ਹੰਢਾ ਰਹੇ ਹਨ। ਇਸੇ ਰੋਸ ਵਜੋਂ ਅੱਜ ਸਾਰੇ ਪੀੜਿਤ ਅਧਿਆਪਕ ਸੰਗਰੂਰ ਵਿਖੇ ਇੱਕ ਮਨੁੱਖੀ ਚੈਨ ਬਣਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸਰਕਾਰ ਪਾਸੋਂ ਸਾਡੀ ਮੰਗ ਹੈ ਕਿ ਯੋਗ ਅਤੇ ਬੇਕਸੂਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੀਆਂ ਦਫਤਰੀ ਗਲਤੀਆਂ ਦੀ ਸਜ਼ਾ ਨਾ ਦਿੱਤੀ ਜਾਵੇ। ਨਜਾਇਜ਼ ਰੂਪ ਵਿੱਚ ਭੇਜੇ ਗਏ ਟਰਮੀਨੇਸ਼ਨ ਸਬੰਧੀ ਸ਼ੋਅ ਕਾਜ ਨੋਟਿਸ ਤੁਰੰਤ ਰੱਦ ਕੀਤੇ ਜਾਣ। ਸ਼ੋਕਾਜ ਦੇ ਬਹਾਨੇ ਨਾਲ ਜਿਹੜੇ ਅਧਿਆਪਕਾਂ ਦਾ ਪ੍ਰੋਵੇਸ਼ਨ ਰੋਕ ਲਿਆ ਗਿਆ ਹੈ। ਤੁਰੰਤ ਉਨਾਂ ਅਧਿਆਪਕਾਂ ਦਾ ਪ੍ਰੋਵੇਸ਼ਨ ਪੀਰੀਅਡ ਪਾਸ ਕੀਤਾ ਜਾਵੇ। ਇਨ੍ਹਾਂ ਅਧਿਆਪਕਾਂ ਦੀ ਨੌਕਰੀ ਨਿਰੰਤਰ ਰੂਪ ਵਿੱਚ ਭਵਿੱਖ ਲਈ ਸੁਰੱਖਿਅਤ ਕੀਤੀ ਜਾਵੇ। ਅਧਿਆਪਕਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਸਰਕਾਰ ਕੋਈ ਪੁਖਤਾ ਨੀਤੀ ਬਣਾਵੇ ਜਿਸ ਵਿੱਚ ਦਫਤਰੀ ਜਾਂ ਕਲਰਕਾਂ ਦੀ ਗਲਤੀ ਕਾਰਨ ਨੌਕਰੀ ਵਿੱਚ ਆਏ ਕਿਸੇ ਵੀ ਉਮੀਦਵਾਰ ਨੂੰ ਬੇਕਸੂਰ ਹੁੰਦਿਆਂ ਹੋਇਆਂ ਵੀ ਕੋਈ ਸਜ਼ਾ ਨਾ ਭੁਗਤਣੀ ਪਵੇ। ਰੋਡ ਉੱਪਰ ਆ ਜਾ ਰਹੇ ਆਮ ਲੋਕਾਂ ਵੱਲੋਂ ਉਹਨਾਂ ਦੀ ਹਮਾਇਤ ਕੀਤੀ। ਇਹ ਅਧਿਆਪਕ ਜਿਨਾਂ ਨੂੰ ਇਸ ਸਮੇਂ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ ਉਹ ਆਪਣੇ ਇਨਸਾਫ ਦੀਆਂ ਤਖਤੀਆਂ ਫੜ ਕੇ ਸੜਕ ਉੱਪਰ ਅਧਿਆਪਕ ਦਿਵਸ ਵਾਲੇ ਦਿਨ ਖੜੇ ਸਰਕਾਰ ਪਾਸੋਂ ਇਨਸਾਫ ਦੀ ਮੰਗ ਕਰ ਰਹੇ ਹਨ। ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਸਿੰਘ, ਮੈਡਮ ਗਜ਼ਲ ਪ੍ਰੀਤ ਕੌਰ, ਮੈਡਮ ਨਰਿੰਦਰ ਕੌਰ, ਮਨਪ੍ਰੀਤ ਕੌਰ, ਹਰਪਾਲ ਸਿੰਘ, ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸੰਗੀਤਾ ਰਾਣੀ, ਸ਼ਿੰਗਾਰਾ ਸਿੰਘ ਵੀ ਮੌਜੂਦ ਸਨ ।