17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਇਕ ਪਰਿਵਾਰ ਨੂੰ ਇਕ ਤੋਂ ਵੱਧ ਟਿਕਟਾਂ ਦੇਣ ਦੇ ਮੁੱਦੇ ਨੇ ਗਰਮਾਈ ਪੰਜਾਬ ਕਾਂਗਰਸ ਵਿਚਲੀ ਸਿਆਸਤ ਰਾਜਾ ਵੜਿੰਗ ਦੇ ਇਕ ਪਰਿਵਾਰ, ਇਕ ਟਿਕਟ ਵਾਲੇ ਸਟੈਂਡ ਤੋਂ ਹੋਰਨਾਂ ਆਗੂਆਂ ਦੇ ਵੱਖਰੇ ਸੁਰਾਂ ਨੇ ਛੇੜਿਆ ਨਵਾਂ ਵਿਵਾਦ ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 17 ਨਵੰਬਰ-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਘਮਸਾਣ ਛਿੱਡ਼ਣ ਦੇ ਸੰਕੇਤ ਮਿਲਣ ਲੱਗੇ ਹਨ। ਅਜੇ ਚੋਣਾਂ ’ਚ ਕਾਫ਼ੀ ਸਮਾਂ ਬਾਕੀ ਹੈ ਪਰ ਇਕ ਪਰਿਵਾਰ ਨੂੰ ਇਕ ਤੋਂ ਵੱਧ ਟਿਕਟਾਂ ਦੇਣ ਜਾਂ ਨਾ ਦੇਣ ਦਾ ਮੁੱਦਾ ਆਉਂਦੇ ਸਮੇਂ ’ਚ ਪਾਰਟੀ ਅੰਦਰ ਨਵੀਂ ਸਿਆਸੀ ਜੰਗ ਦਾ ਕਾਰਨ ਬਣਦਾ ਦਿਖਾਈ ਦੇ ਰਿਹਾ ਹੈ।

ਅਜੀਤ ਡੈਸਕ 18-11-2026
ਚੰਡੀਗੜ੍ਹ, 17 ਨਵੰਬਰ-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਘਮਸਾਣ ਛਿੱਡ਼ਣ ਦੇ ਸੰਕੇਤ ਮਿਲਣ ਲੱਗੇ ਹਨ। ਅਜੇ ਚੋਣਾਂ ’ਚ ਕਾਫ਼ੀ ਸਮਾਂ ਬਾਕੀ ਹੈ ਪਰ ਇਕ ਪਰਿਵਾਰ ਨੂੰ ਇਕ ਤੋਂ ਵੱਧ ਟਿਕਟਾਂ ਦੇਣ ਜਾਂ ਨਾ ਦੇਣ ਦਾ ਮੁੱਦਾ ਆਉਂਦੇ ਸਮੇਂ ’ਚ ਪਾਰਟੀ ਅੰਦਰ ਨਵੀਂ ਸਿਆਸੀ ਜੰਗ ਦਾ ਕਾਰਨ ਬਣਦਾ ਦਿਖਾਈ ਦੇ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮੁੱਦੇ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਆਪੋ-ਆਪਣੇ ਤਰਕ ਹਨ ਅਤੇ ਕੋਈ ਵੀ ਧਿਰ ਆਪਣੇ ਸਟੈਂਡ ਤੋਂ ਪਿੱਛੇ ਹਟਣ ਲਈ ਤਿਆਰ ਦਿਖਾਈ ਨਹੀਂ ਦੇ ਰਹੀ। ਉੱਧਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਖਾਸ ਸਿਆਸੀ ਪਰਿਵਾਰਾਂ ਨੂੰ ਇਕ ਤੋਂ ਵੱਧ ਟਿਕਟਾਂ ਮਿਲਦੀਆਂ ਹਨ ਤਾਂ ਜ਼ਮੀਨੀ ਪੱਧਰ ’ਤੇ ਲੰਬੇ ਸਮੇਂ ਤੋਂ ਹਲਕਿਆਂ ਵਿਚ ਸਰਗਰਮ ਆਗੂਆਂ ਅਤੇ ਵਰਕਰਾਂ ਦੀ ਨਾਰਾਜ਼ਗੀ ਬਗਾਵਤ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਇਸ ਪੂਰੇ ਵਿਵਾਦ ਦੀ ਇਕ ਅਹਿਮ ਕੜੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਇਕ ਸਿਆਸੀ ਸਮਾਗਮ ਵਿਚ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਇਕ ਪਰਿਵਾਰ ’ਚੋਂ ਸਿਰਫ਼ ਇਕ ਹੀ ਵਿਅਕਤੀ ਨੂੰ ਟਿਕਟ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਉਨ੍ਹਾਂ ਦੇ ਰਹਿੰਦੇ ਕਿਸੇ ਵੀ ਪਰਿਵਾਰ ਨੂੰ ਦੋ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ। ਹਾਲਾਂਕਿ ਵੜਿੰਗ ਦੇ ਇਸ ਸਟੈਂਡ ਨਾਲ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਹਿਮਤ ਨਹੀਂ ਸਨ। ਉਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਮੁੱਦੇ ’ਤੇ ਵੱਖਰਾ ਪੱਖ ਰੱਖਿਆ ਹੈ। ਇਨ੍ਹਾਂ ਆਗੂਆਂ ਨੇ ਰਲੀ ਮਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਪਰਿਵਾਰ ਵਿਚ ਚੋਣ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਆਗੂ ਮੌਜੂਦ ਹਨ ਤਾਂ ਉਸ ਪਰਿਵਾਰ ਨੂੰ ਦੋ ਟਿਕਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਹਾਲਾਂਕਿ ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ ਕਾਂਗਰਸ ਹਾਈ ਕਮਾਨ ਨੇ ਹੀ ਕਰਨਾ ਹੈ ਤੇ ਜੋ ਵੀ ਹਾਈਕਮਾਨ ਵਲੋਂ ਫੈਸਲਾ ਹੋਵੇਗਾ ਸਾਰਿਆਂ ਨੂੰ ਮਨਜ਼ੂਰ ਕਰਨਾ ਪਵੇਗਾ । ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਵਲੋਂ ਇਸ ਮੁੱਦੇ ’ਤੇ ਦਿੱਤੇ ਬਿਆਨ ਨੇ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਰਗਟ ਸਿੰਘ ਨੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਕਿਸੇ ਪਰਿਵਾਰ ਦੇ ਆਧਾਰ ’ਤੇ ਨਹੀਂ, ਬਲਕਿ ਸੰਬੰਧਿਤ ਆਗੂ ਦੀ ਚੋਣ ਜਿੱਤਣ ਦੀ ਸਮਰੱਥਾ ਅਤੇ ਲੋਕਾਂ ਵਿਚ ਉਸ ਦੀ ਪਕੜ ਦੇਖ ਕੇ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਜੇਕਰ ਇੱਕੋ ਪਰਿਵਾਰ ਦੇ ਦੋ ਵਿਅਕਤੀ ਚੋਣ ਜਿੱਤਣ ਦੀ ਸਮਰੱਥਾ ਰੱਖਦੇ ਹਨ ਤਾਂ ਦੋਵਾਂ ਨੂੰ ਟਿਕਟ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਰਿਟ ਦੇ ਆਧਾਰ ’ਤੇ ਦੋ ਮੈਂਬਰ ਉਮੀਦਵਾਰ ਬਣ ਸਕਦੇ ਹਨ। ਇਸ ਪੂਰੇ ਘਟਨਾਕ੍ਰਮ ਨੇ ਕਾਂਗਰਸ ਅੰਦਰ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਰ ਪਾਰਟੀ 2027 ਦੀਆਂ ਚੋਣਾਂ ਵਿਚ ਕਿਹੜੀ ਨੀਤੀ ਅਪਣਾਏਗੀ? ਕੀ ਨਵੇਂ ਅਤੇ ਨੌਜਵਾਨ ਆਗੂਆਂ ਨੂੰ ਮੌਕਾ ਦੇਣ ਲਈ ਇਕ ਪਰਿਵਾਰ, ਇਕ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ ਜਾਂ ਫਿਰ ਜਿੱਤਣ ਦੀ ਸਮਰੱਥਾ ਨੂੰ ਹੀ ਟਿਕਟ ਦਾ ਇਕਲੌਤਾ ਪੈਮਾਨਾ ਬਣਾਇਆ ਜਾਵੇਗਾ? ਇੱਥੇ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਪੰਜਾਬ ਕਾਂਗਰਸ ਵਿਚ ਕਈ ਅਜਿਹੇ ਆਗੂ ਹਨ ਜੋ ਸਾਲਾਂ ਤੋਂ ਆਪਣੇ ਹਲਕਿਆਂ ਵਿਚ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਦੀ ਉਮੀਦ ਲਗਾਈ ਬੈਠੇ ਹਨ। ਜੇਕਰ ਕਿਸੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਦੇ ਦੋ ਜਾਂ ਇਸ ਤੋਂ ਵੱਧ ਮੈਂਬਰਾਂ ਨੂੰ ਟਿਕਟਾਂ ਮਿਲਦੀਆਂ ਹਨ ਤਾਂ ਅਜਿਹੇ ਆਗੂਆਂ ਵਿਚ ਨਾਰਾਜ਼ਗੀ ਪੈਦਾ ਹੋਣੀ ਸੁਭਾਵਿਕ ਹੈ। ਸਿਆਸੀ ਤੌਰ ’ਤੇ ਦੇਖਿਆ ਜਾਵੇ ਤਾਂ ਇਹ ਵਿਵਾਦ ਸਿਰਫ਼ ਦੋ ਟਿਕਟਾਂ ਦੇਣ ਜਾਂ ਨਾ ਦੇਣ ਤੱਕ ਸੀਮਤ ਨਹੀਂ ਰਹਿਣ ਵਾਲਾ, ਬਲਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਅਤੇ ਟਿਕਟਾਂ ਦੀ ਵੰਡ ਦੀ ਰਣਨੀਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪਾਰਟੀ ਹਾਈਕਮਾਨ ਲਈ ਵੀ ਇਹ ਚੁਣੌਤੀ ਹੋਵੇਗੀ ਕਿ ਉਹ ਜਿੱਤਣ ਦੀ ਸਮਰੱਥਾ ਅਤੇ ਪਾਰਟੀ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਗੂਆਂ ਦੀਆਂ ਉਮੀਦਾਂ ਵਿਚਾਲੇ ਸੰਤੁਲਨ ਕਿਵੇਂ ਬਣਾਉਂਦੀ ਹੈ। ਫਿਲਹਾਲ ਵੱਖ-ਵੱਖ ਆਗੂਆਂ ਦੇ ਬਿਆਨਾਂ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਵਿਚ ‘ਇਕ ਪਰਿਵਾਰ, ਇਕ ਟਿਕਟ’ ਦਾ ਮੁੱਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਇੱਕ ਵੱਡੀ ਸਿਆਸੀ ਚਰਚਾ ਦਾ ਰੂਪ ਧਾਰ ਚੁੱਕਾ ਹੈ।
ਪਿਛਲੀ ਖ਼ਬਰ ਗਾਜ਼ਾ ਵਿਚ ਮਨੁੱਖੀ ਸੰਕਟ ਹੋਇਆ ਹੋਰ ਗੰਭੀਰ, 17 ਲੱਖ ਤੋਂ ਵੱਧ ਲੋਕ ਬੇਘਰ ਅਗਲੀ ਖ਼ਬਰ ਭਾਜਪਾ ਵਲੋਂ ਜੌਨ ਮਸੀਹ ਨੂੰ ਮਿਲੀ ਘੱਟ ਗਿਣਤੀ ਮੋਰਚਾ ਦੇ ਪੰਜਾਬ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸਨਅਤ, ਮਜ਼ਦੂਰ, ਮੈਡੀਕਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।