15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਅੰਮ੍ਰਿਤਸਰ ਦੀਆਂ 6 ਸੀਟਾਂ ਨੇ ਵਧਾਈ ਆਮ ਆਦਮੀ ਪਾਰਟੀ ਦੀ ਚਿੰਤਾ

ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ, 14 ਨਵੰਬਰ-ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀਆਂ ਗਈਆਂ ਦੋ ਸੂਚੀਆਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ’ਚੋਂ 5 ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ’ਚੋਂ ਬਾਕੀ ਬਚੀਆਂ 6 ਸੀਟਾਂ ’ਤੇ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 6 ਹਲਕਿਆਂ ’ਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੀ 1 ਮੰਤਰੀ ਸਮੇਤ 6 ਵਿਧਾਇਕ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਜੀਵਨਜੋਤ ਕੌਰ, ਜਸਵਿੰਦਰ ਸਿੰਘ ਰਮਦਾਸ, ਦਲਬੀਰ ਸਿੰਘ ਟੌਂਗ, ਡਾ. ਜਸਬੀਰ ਸਿੰਘ ਸੰਧੂ, ਡਾ. ਅਜੇ ਗੁਪਤਾ। 15-11-2026

 2022 ’ਚ ਸਿਆਸਤ ਦੇ ਦਿੱਗਜਾਂ ਨੂੰ ਮਾਤ ਦੇਣ ਵਾਲੇ ਵਿਧਾਇਕਾਂ ਦੇ ਸਾਹ ਸੂਤੇ

ਸੁਰਿੰਦਰਪਾਲ ਸਿੰਘ ਵਰਪਾਲ
ਅੰਮ੍ਰਿਤਸਰ, 14 ਨਵੰਬਰ-ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀਆਂ ਗਈਆਂ ਦੋ ਸੂਚੀਆਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ’ਚੋਂ 5 ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ’ਚੋਂ ਬਾਕੀ ਬਚੀਆਂ 6 ਸੀਟਾਂ ’ਤੇ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 6 ਹਲਕਿਆਂ ’ਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੀ 1 ਮੰਤਰੀ ਸਮੇਤ 6 ਵਿਧਾਇਕ ਹਨ। ਹੁਣ ਤੱਕ ਮਾਝੇ ਅਧੀਨ ਪੈਂਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ ਉੱਤਰੀ ਤੋਂ ਕਰਮਜੀਤ ਸਿੰਘ ਰਿੰਟੂ, ਰਾਜਾਸਾਂਸੀ ਤੋਂ ਸੋਨੀਆ ਮਾਨ, ਮਜੀਠਾ ਤੋਂ ਤਲਬੀਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜ਼ਿਲ੍ਹੇ ਦੀਆਂ ਬਾਕੀ ਬਚੀਆਂ ਕੁੱਲ 6 ਸੀਟਾਂ ’ਚ ਹਲਕਾ ਪੂਰਬੀ, ਪੱਛਮੀ, ਕੇਂਦਰੀ, ਜੰਡਿਆਲਾ, ਅਟਾਰੀ ਅਤੇ ਬਾਬਾ ਬਕਾਲਾ ਸਾਹਿਬ ਸ਼ਾਮਿਲ ਹਨ। ਇਨ੍ਹਾਂ ਸੀਟਾਂ ’ਤੇ 2022 ਵਿਚ ‘ਆਪ’ ਦੇ ਵਿਧਾਇਕ ਜਿੱਤੇ ਸਨ, ਜਿਸ ’ਚ ਜੀਵਨਜੋਤ ਕੌਰ ਨੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਸਿਆਸਤ ਦੇ ਦਿੱਗਜ ਆਗੂਆਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਾਤ ਦਿੱਤੀ ਸੀ। ਇਸ ਪ੍ਰਕਾਰ ਹੀ ਡਾ. ਜਸਬੀਰ ਸਿੰਘ ਸੰਧੂ ਨੇ ਹਲਕਾ ਪੱਛਮੀ ਤੋਂ ਤਤਕਾਲੀ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਡਾ. ਅਜੇ ਗੁਪਤਾ ਨੇ ਹਲਕਾ ਕੇਂਦਰੀ ਤੋਂ ਤਤਕਾਲੀ ਉਪ ਮੁੱਖ ਮੰਤਰੀ ਓ.ਪੀ. ਸੋਨੀ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਲਕਾ ਜੰਡਿਆਲਾ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਜਸਵਿੰਦਰ ਸਿੰਘ ਰਮਦਾਸ ਨੇ ਹਲਕਾ ਅਟਾਰੀ ਤੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਦਲਬੀਰ ਸਿੰਘ ਟੌਂਗ ਨੇ ਹਲਕਾ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਨੂੰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਪਾਰਟੀ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਦੂਜੀ ਸੂਚੀ ਵਿਚ 8 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਤੋਂ ਬਾਅਦ ਅੰਮ੍ਰਿਤਸਰ ਦੇ ਬਾਕੀ ਬਚੇ ਇਨ੍ਹਾਂ 6 ਹਲਕਿਆਂ ਦੇ ਮੌਜੂਦਾ ਵਿਧਾਇਕਾਂ ਬਾਰੇ ਸਿਆਸੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਇਨ੍ਹਾਂ ਵਿਧਾਇਕਾਂ ਵਲੋਂ ਆਪਣੀ ਕਾਰਗੁਜਾਰੀ ਸੰਬੰਧੀ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਮੁੜ ਟਿਕਟ ਮਿਲਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਜਦਕਿ ਦੂਜੇ ਪਾਸੇ ਉਕਤ ਹਲਕਿਆਂ ’ਚ ਪਾਰਟੀ ਵਲੋਂ ਹੋਰ ਆਗੂ ਵੀ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ। ਹੁਣ ਪਾਰਟੀ ਵਲੋਂ ਇਸ ਗੱਲ ’ਤੇ ਚਿੰਤਨ ਮੰਥਨ ਕੀਤਾ ਜਾ ਰਿਹਾ ਹੈ ਕਿ ਜੇਕਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣੀ ਹੈ ਤਾਂ ਫਿਰ ਉਨ੍ਹਾਂ ਨਾਲੋਂ ਹੋਰ ਕਿਹੜਾ ਆਗੂ ਮਜਬੂਤ ਉਮੀਦਵਾਰ ਹੋ ਸਕਦਾ ਹੈ ਅਤੇ ਜਿਸ ਦੀ ਟਿਕਟ ਕੱਟਣੀ ਹੈ ਉਸ ਦੀ ਨਰਾਜ਼ਗੀ ਨਾਲ ਕਿਵੇਂ ਨਜਿੱਠਣਾ ਹੈ। ਦੱਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਅੰਦਰੂਨੀ ਸਰਵੇਖਣਾਂ ਅਤੇ ਜ਼ਮੀਨੀ ਫੀਡਬੈਕ ਦੇ ਆਧਾਰ ’ਤੇ ਉਮੀਦਵਾਰ ਤੈਅ ਕਰਨ ਦਾ ਦਾਅਵਾ ਕਰ ਰਹੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜਿਨ੍ਹਾਂ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਵਿਰੁੱਧ ਸਥਾਨਕ ਪੱਧਰ ’ਤੇ ਨਾਰਾਜ਼ਗੀ ਹੈ ਜਾਂ ਸਰਵੇਖਣਾ ਵਿਚ ਉਨ੍ਹਾਂ ਦੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ, ਉਨ੍ਹਾਂ ਦੀਆਂ ਟਿਕਟਾਂ ਹੋਲਡ ’ਤੇ ਰੱਖੀਆਂ ਗਈਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ‘ਆਪ’ ਵਲੋਂ ਮੌਜੂਦਾ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈ.ਟੀ.ਓ. (ਜੰਡਿਆਲਾ) ਦੀ ਸੀਟ ਨੂੰ ਸਭ ਤੋਂ ਜਿਆਦਾ ਸੁਰੱਖਿਅਤ ਸਮਝਿਆ ਜਾ ਰਿਹਾ ਸੀ, ਹੁਣ ਉਨ੍ਹਾਂ ਸਬੰਧੀ ਵੀ ਚਰਚਾ ਚੱਲ ਰਹੀ ਹੈ ਕਿ ਈ. ਟੀ. ਓ. ਦਾ ਹਲਕਾ ਬਦਲਿਆ ਜਾ ਸਕਦਾ ਹੈ। ਕਿਉਂਕਿ ਦੂਜੀ ਸੂਚੀ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਅੰਮ੍ਰਿਤਸਰ ਦੇ ਇਕਲੌਤੇ ਮੰਤਰੀ ਦੀ ਸੀਟ ’ਤੇ ਟਿਕੀਆਂ ਹੋਈਆਂ ਹਨ ਕਿ ਪਾਰਟੀ ਇਨ੍ਹਾਂ ’ਤੇ ਮੁੜ ਭਰੋਸਾ ਜਤਾਉਂਦੀ ਹੈ ਜਾਂ ਕੋਈ ਬਦਲਾਅ ਕਰਦੀ ਹੈ। ਪਾਰਟੀ ਨੇ ਕਈ ਥਾਵਾਂ ’ਤੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਸ਼ਾਮਲ ਕਰਕੇ ਟਿਕਟਾਂ ਦਿੱਤੀਆਂ ਹਨ। ਇਸ ਲਈ ਨਵੇਂ ਚਿਹਰਿਆਂ ਜਾਂ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਆਗੂਆਂ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਮਝਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਬਾਕੀ ਬਚੇ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਸੰਭਾਲਣ ਅਤੇ ਸੰਭਾਵੀ ਦਲ-ਬਦਲੀ ਨੂੰ ਰੋਕਣ ਲਈ ਬਹੁਤ ਸੋਚ-ਸਮਝ ਕੇ ਅਗਲੀ ਸੂਚੀ ਤਿਆਰ ਕਰ ਰਹੀ ਹੈ, ਜਿਸ ’ਤੇ ਸਭ ਦੀਆਂ ਨਜ਼ਰਾਂ ਟਿੱਕੀਆ ਹੋਈਆਂ ਹਨ।

ਪਿਛਲੀ ਖ਼ਬਰ ਮੌਸਮ ’ਚ ਬਦਲਾਅ ਦੇ ਨਾਲ ਹੀ ਮੁੜ ਸ਼ੁਰੂ ਹੋਇਆ ‘ਮੌਤ ਦਾ ਤਾਂਡਵ’ ਅਗਲੀ ਖ਼ਬਰ ਕੈਨਮ ਕੰਸਲਟੈਂਟਸ ਵਲੋਂ ‘ਲੈਟਸ ਗੋ ਸਟੱਡੀ ਅਬਰੌਡ’ ਐਜੂਕੇਸ਼ਨ ਫੇਅਰ 2026 ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।