ਸਿੰਥੈਟਿਕ ਚਾਈਨਾ ਡੋਰ ਦੀ ਖ਼ਰੀਦੋ-ਫ਼ਰੋਖ਼ਤ ਚੋਰੀ-ਛਿਪੇ ਮੁੜ ਤੋਂ ਸ਼ੁਰੂ
ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਮੌਸਮ ’ਚ ਆਏ ਬਦਲਾਅ ਦੇ ਨਾਲ ਹੀ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਬਣ ਚੁੱਕੀ ਪਾਬੰਦੀਸ਼ੁਦਾ ਸਿੰਥੈਟਿਕ ਚਾਈਨਾ ਡੋਰ ਦੀ ਚੋਰੀ-ਛਿਪੇ ਖ਼ਰੀਦੋ-ਫ਼ਰੋਖ਼ਤ ਮੁੜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਘਰਾਂ ਦੀਆਂ ਛੱਤਾਂ ’ਤੇ ਕੰਮ ਕਰਦੇ ਲੋਕਾਂ ਅਤੇ ਖ਼ਾਸ ਕਰਕੇ ਦੋ-ਪਹੀਆ ਵਾਹਨ ਚਾਲਕਾਂ ਲਈ ਜਾਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੁਲਿਸ ਵਿਭਾਗ ਵਲੋਂ ਸ਼ਿਕੰਜਾ ਕੱਸਣ ਦੇ ਬਾਵਜੂਦ ਇਸ ਦੀ ਵਿੱਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ ਹੈ। ਇਸ ਨੂੰ ਲੈ ਕੇ ਸਥਾਨਕ ਰਾਣੀ ਕਾ ਬਾਗ਼ ਆਬਾਦੀ ਵਿਖੇ ਰਹਿੰਦੇ ਸਮਾਜਿਕ ਕਾਰਕੁੰਨ ਨਰੇਸ਼ ਜੌਹਰ ਨੇ ਕਿਹਾ ਕਿ ਸਾਲ 2017 ਤੋਂ ਪਾਬੰਦੀਸ਼ੁਦਾ ਨਾਈਲਨ/ਚਾਈਨੀਜ਼ ਡੋਰ ਦੇ ਮਾਮਲਿਆਂ ’ਤੇ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਵਲੋਂ ਜਾਣਕਾਰੀ ਮੰਗਣ ’ਤੇ ਪੁਲਿਸ ਨੇ ਕੋਈ ਠੋਸ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਮੁਤਾਬਿਕ ਭਾਵੇਂ ਕਿ ਸਾਲ 2017 ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਇਸ ਘਾਤਕ ਡੋਰ ਦੀ ਵਿੱਕਰੀ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਬਾਅਦ ’ਚ ਕਈ ਰਾਜ ਸਰਕਾਰਾਂ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਤਹਿਤ ਇਸ ਨੂੰ ਸਜ਼ਾਯੋਗ ਐਕਟ ਬਣਾਇਆ ਸੀ ਪਰ ਜ਼ਮੀਨੀ ਪੱਧਰ ’ਤੇ 9 ਸਾਲ ਬਾਅਦ ਵੀ ਇਸ ਦੇ ਨਤੀਜੇ ਵਿਖਾਈ ਨਹੀਂ ਦੇ ਰਹੇ ਹਨ। ਨਰੇਸ਼ ਜੌਹਰ ਨੇ ਕਿਹਾ ਕਿ ਉਨ੍ਹਾਂ ਨੇ ਸੂਚਨਾ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਸਾਲ 2017-18 ਤੋਂ ਲੈ ਕੇ 2024-25 ਦੌਰਾਨ ਚਾਈਨੀਜ਼ ਡੋਰ ਵਰਤਣ ਤੇ ਵੇਚਣ ਵਾਲਿਆਂ ਖ਼ਿਲਾਫ਼ ਦਰਜ ਹੋਏ ਕੇਸਾਂ, ਸਜ਼ਾ ਪਾਉਣ ਵਾਲੇ ਵਿਅਕਤੀਆਂ ਅਤੇ ਵਸੂਲੇ ਗਏ ਜੁਰਮਾਨੇ ਦੇ ਵੇਰਵੇ ਮੰਗੇ ਸਨ। ਇਸ ’ਤੇ ਲੋਕ ਸੂਚਨਾ ਅਧਿਕਾਰੀ ਨੇ ਆਪਣੇ ਜਵਾਬ ’ਚ ਪੁਰਾਣੇ ਫ਼ੈਸਲਿਆਂ ਅਤੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਰਜ਼ੀ ਕਰਤਾ ਵਲੋਂ ਮੰਗੀ ਗਈ ਜਾਣਕਾਰੀ ‘ਕਿੰਨੇ ਕੇਸ, ਕਿੰਨੇ ਲੋਕਾਂ ਨੂੰ ਸਜ਼ਾ, ਕਿੰਨਾ ਜੁਰਮਾਨਾ’ ਸਵਾਲੀਆ ਰੂਪ ’ਚ ਹੈ। ਪੁਲਿਸ ਅਨੁਸਾਰ ਆਰ. ਟੀ. ਆਈ. ਐਕਟ ਤਹਿਤ ਸਿਰਫ਼ ਮੌਜੂਦ ਰਿਕਾਰਡ ਹੀ ਮੁਹੱਈਆ ਕਰਵਾਇਆ ਜਾ ਸਕਦਾ ਹੈ, ਕਿਸੇ ਸਵਾਲ ਦਾ ਜਵਾਬ ਤਿਆਰ ਕਰਨਾ ਜਾਂ ਅੰਕੜੇ ਇਕੱਠੇ ਕਰਨਾ ਪੀ. ਆਈ. ਓ. ਦਾ ਕੰਮ ਨਹੀਂ ਹੈ। ਇਸ ਤੋਂ ਬਾਅਦ ਜੌਹਰ ਨੇ ਮੁੱਖ ਸੂਚਨਾ ਕਮਿਸ਼ਨਰ (ਪੰਜਾਬ ਰਾਜ ਸੂਚਨਾ ਕਮਿਸ਼ਨ), ਚੰਡੀਗੜ੍ਹ ਕੋਲ ਦੁਬਾਰਾ ਅਪੀਲ ਦਾਇਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਅਗਾਂਹ ਚਾਈਨਾ ਡੋਰ ਨਾਲ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੋਣ ’ਤੇ ਜਾਂ ਇਸ ਨਾਲ ਜ਼ਖ਼ਮੀ ਹੋਣ ’ਤੇ ਤੁਰੰਤ ਸੰਬੰਧਿਤ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਸ ਬਾਰੇ ਦਲੀਲ ਦਿੱਤੀ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿਲ ਕਾਰਨ ਹੀ ਇਸ ਚਾਈਨਾ ਡੋਰ ਦੀ ਵਿੱਕਰੀ ਹੋ ਰਹੀ ਹੈ ਅਤੇ ਲੋਕ ਬੇਖ਼ੌਫ਼ ਹੋ ਕੇ ਪਤੰਗਬਾਜ਼ੀ ਕਰ ਰਹੇ ਹਨ। ਜੌਹਰ ਨੇ ਉਕਤ ਪੱਤਰ ’ਚ ਚੀਫ਼ ਜਸਟਿਸ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੇ ਗੱਟੂ ਸੂਬੇ ’ਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਸੰਬੰਧਿਤ ਫ਼ੈਕਟਰੀਆਂ ’ਚੋਂ ਟਰਾਂਸਪੋਰਟ ਰਾਹੀਂ ਭੇਜੇ ਜਾ ਰਹੇ ਹਨ, ਇਸ ਲਈ ਸੂਬੇ ਦੇ ਟਰਾਂਸਪੋਰਟ ਵਿਭਾਗ ਦੀ ਵੀ ਇਸ ਕਾਰੋਬਾਰ ਨੂੰ ਰੋਕਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।