ਬਰੇਟਾ ਦੇ ਕਾਰੀਗਰ ਦੇ ਬਣਾਏ ਬੇਲਚਿਆਂ ਨਾਲ ਵਿਸ਼ਵ ਆਗੂਆਂ ਨੇ ਲਗਾਏ ਯਾਦਗਾਰੀ ਬੂਟੇ
ਮਿਸਤਰੀ ਗੁਰਨਾਮ ਸਿੰਘ ਨਾਲ ‘ਅਜੀਤ’ ਦੀ ਵਿਸ਼ੇਸ਼ ਗੱਲਬਾਤ
ਸਵਰਨ ਸਿੰਘ ਰਾਹੀ/ਜੀਵਨ ਸ਼ਰਮਾ
ਬੁਢਲਾਡਾ/ਬਰੇਟਾ, 17 ਸਤੰਬਰ - ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਰੇਟਾ ਦੇ ਰਹਿਣ ਵਾਲੇ ਮਿਸਤਰੀ ਗੁਰਨਾਮ ਸਿੰਘ ਨੂੰ ਨਹੀਂ ਪਤਾ ਸੀ ਕਿ ਉਸ ਦੇ ਬਣਾਏ ਹੋਏ ਬੇਲਚਿਆਂ ਦੀ ਮੰਗ ਰਾਤੋਂ-ਰਾਤ ਅੰਤਰਰਾਸ਼ਟਰੀ ਮੰਚ ਤੱਕ ਪਹੁੰਚ ਜਾਵੇਗੀ । ਸਾਧਾਰਨ ਮਿਹਨਤਕਸ਼ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਿਤ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਲੱਕੜ ਤੇ ਪਿੱਤਲ ਦੀਆਂ ਬਣੀਆਂ ਤੁਰਨ ਵਾਲੀਆਂ ਛੜੀਆਂ ਹੀ ਬਣਾ ਕੇ ਵੇਚਦੇ ਸਨ ਤੇ ਸੋਸ਼ਲ ਮੀਡੀਆ ਨੇ ਵੀ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ’ਚ ਕਾਫ਼ੀ ਮਦਦ ਕੀਤੀ ।
ਬ
ਬਰੇਟਾ ਵਿਖੇ ਵਰਕਸ਼ਾਪ ’ਚ ਆਪਣੇ ਪੁੱਤਰ ਤੇ ਭਤੀਜਿਆਂ ਨਾਲ ਮਿਸਤਰੀ ਗੁਰਨਾਮ ਸਿੰਘ । ਤਸਵੀਰ : ਟੋਨੀ ਬੁਢਲਾਡਾ
18-09-2026
ਬੁਢਲਾਡਾ/ਬਰੇਟਾ, 17 ਸਤੰਬਰ - ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਰੇਟਾ ਦੇ ਰਹਿਣ ਵਾਲੇ ਮਿਸਤਰੀ ਗੁਰਨਾਮ ਸਿੰਘ ਨੂੰ ਨਹੀਂ ਪਤਾ ਸੀ ਕਿ ਉਸ ਦੇ ਬਣਾਏ ਹੋਏ ਬੇਲਚਿਆਂ ਦੀ ਮੰਗ ਰਾਤੋਂ-ਰਾਤ ਅੰਤਰਰਾਸ਼ਟਰੀ ਮੰਚ ਤੱਕ ਪਹੁੰਚ ਜਾਵੇਗੀ । ਸਾਧਾਰਨ ਮਿਹਨਤਕਸ਼ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਿਤ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਲੱਕੜ ਤੇ ਪਿੱਤਲ ਦੀਆਂ ਬਣੀਆਂ ਤੁਰਨ ਵਾਲੀਆਂ ਛੜੀਆਂ ਹੀ ਬਣਾ ਕੇ ਵੇਚਦੇ ਸਨ ਤੇ ਸੋਸ਼ਲ ਮੀਡੀਆ ਨੇ ਵੀ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ’ਚ ਕਾਫ਼ੀ ਮਦਦ ਕੀਤੀ । ਉਨ੍ਹਾਂ ਦੱਸਿਆ ਕਿ ‘ਬ੍ਰਿਕਸ’ ਸੰਮੇਲਨ ਤੱਕ ਉਨ੍ਹਾਂ ਦੇ ਬੇਲਚੇ ਪਹੁੰਚਣ ਦਾ ਸਬੱਬ ਵੀ ਸੋਸ਼ਲ ਮੀਡੀਆ ਹੀ ਹੈ ਕਿਉਂਕਿ ਸੋਸ਼ਲ ਮੀਡੀਆ ’ ਤੇ ਕਿਸੇ ਅਧਿਕਾਰੀ ਵਲੋਂ ਆਰਡਰ ਹੋਈ ਇੱਕ ਛੜੀ ਉਨ੍ਹਾਂ ਨੇ ਕਿਸੇ ਹੋਰ ਉੱਚ ਅਫ਼ਸਰ ਨੂੰ ਭੇਟ ਕੀਤੀ ਸੀ, ਜਿਨ੍ਹਾਂ ਨੇ ਆਪਸੀ ਸਲਾਹ ਨਾਲ ਇਸ ਛੜੀ ਦੇ ਅੱਗੇ ਇੱਕ ਬੇਲਚਾ ਲਗਾ ਕੇ ‘ਬ੍ਰਿਕਸ’ ਸਮਾਗਮ ਦੌਰਾਨ ਆਉਣ ਵਾਲੇ ਅਨੇਕਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਲਗਾਏ ਜਾਣ ਵਾਲੇ ਬੂਟਿਆਂ ਲਈ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ, ਜਿਸਨੂੰ ਕਿ ਸੰਮੇਲਨ ਦੀ ਕਮੇਟੀ ਨੇ ਪ੍ਰਵਾਨ ਕਰ ਲਿਆ ਤੇ ਮਿਸਤਰੀ ਗੁਰਨਾਮ ਸਿੰਘ ਨੂੰ 12 ਬੇਲਚੇ ਬਣਾ ਕੇ ਭੇਜਣ ਲਈ ਆਖਿਆ ਗਿਆ । ਆਖ਼ਰਕਾਰ ਲੰਘੀ 12 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋਏ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਨ੍ਹਾਂ ਬੇਲਚਿਆਂ ਨਾਲ ਕੈਂਪਸ ਵਿਖੇ ਬੋਹੜ ਦਾ ਯਾਦਗਾਰੀ ਬੂਟਾ ਲਗਾਇਆ । ਮਿਸਤਰੀ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਕਰ ਕੇ ਉਨ੍ਹਾਂ ਦੀਆਂ ਹੱਥੀਂ ਬਣਾਈਆਂ ਵਸਤਾਂ ਦੀ ਮੰਗ ਇੰਨੀ ਵਧ ਗਈ ਹੈ ਕਿ ਪਰਿਵਾਰ ਦੇ ਇੰਸਟਾਗ੍ਰਾਮ ਪੇਜ ’ਤੇ ਗਾਹਕਾਂ ਨੂੰ ਉਡੀਕ ਤੇ ਦੇਰੀ ਲਈ ਮੁਆਫ਼ੀ ਮੰਗਣ ਦੇ ਨਾਲ-ਨਾਲ ਸਬਰ ਰੱਖਣ ਦੀ ਬੇਨਤੀ ਵੀ ਕਰਨੀ ਪੈਂਦੀ ਹੈ । ਉਨ੍ਹਾਂ ਦੱਸਿਆ ਕਿ ਤੁਰਨ ਵਾਲੀਆ ਕੋਕੇ ਜੜੀਆਂ ਛੜੀਆਂ ਤੇ ਖੂੰਡਿਆਂ ਦੇ ਜ਼ਿਆਦਾਤਰ ਆਰਡਰ ਭਾਰਤ ਤੋਂ ਬਾਹਰੋਂ ਹੀ ਆਉਂਦੇ ਹਨ । ਗੁਰਨਾਮ ਸਿੰਘ ਦੇ ਪੁੱਤਰਾਂ ਦਾ ਕਹਿਣਾ ਹੈ ਉਨ੍ਹਾਂ ਦੇ ਪਿਤਾ ਵਲੋਂ ਬਰੇਟਾ ਮੰਡੀ ਸਥਿਤ ਆਪਣੀ ਛੋਟੀ ਜਿਹੀ ਵਰਕਸ਼ਾਪ ’ਚ ਤਿਆਰ ਕੀਤੇ ਬੇਲਚੇ ਅੰਤਰਰਾਸ਼ਟਰੀ ਨੇਤਾਵਾਂ ਦੇ ਹੱਥਾਂ ’ਚ ਦੇਖ ਕੇ ਬਹੁਤ ਜ਼ਿਆਦਾ ਫ਼ਖਰ ਤੇ ਮਾਣ ਮਹਿਸੂਸ ਹੋਇਆ।