ਚੰਡੀਗੜ੍ਹ, 8 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕੀਤੀ ਗਈ। ਇਹ ਹੜਤਾਲ ਚੰਡੀਗੜ੍ਹ ਮੋਹਾਲੀ ਦੇ ਡਾਇਰੈਕੋਟੇਟਾਂ ਅਤੇ ਪੰਜਾਬ ਦੇ ਸਮੂਹ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਜਥੇਬੰਦੀ ਸਾਂਝਾ ਮੁਲਾਜ਼ਮ ਮੰਚ ਵਲੋਂ ਦਿੱਤੇ ਸੱਦੇ ਵਜੋਂ ਕੀਤੀ ਗਈ । ਇਸ ਦੌਰਾਨ ਵੱਖ-ਵੱਖ ਸ਼ਾਖਾਵਾਂ ਦੇ ਮੁਲਾਜ਼ਮ ਨਾਅਰੇਬਾਜ਼ੀ ਕਰਦੇ ਹੋਏ ਪਹਿਲਾਂ ਦੂਜੀ ਮੰਜ਼ਿਲ ’ਤੇ ਮੁੱਖ ਮੰਤਰੀ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਕੇ ਫਿਰ ਸਕੱਤਰੇਤ ਦੇ ਮੇਨ ਗੇਟ ’ਤੇ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ, ਜੋ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲਿਆ। ਅੱਜ ਦੀ ਇਸ ਰੈਲੀ ਵਿਚ ਸਕੱਤਰੇਤ ਦੇ ਸਾਰੇ ਕਾਡਰਾਂ ਦੀਆਂ ਯੂਨੀਅਨਾਂ ਦੇ ਪ੍ਰਧਾਨ ਭੁੱਖ ਹੜਤਾਲ ’ਤੇ ਬੈਠੇ ਜਿਨ੍ਹਾਂ ਵਿਚ ਪੀ.ਐਸ.ਐਸ. ਕਾਡਰ ਵਲੋਂ ਮਨਜੀਤ ਸਿੰਘ ਰੰਧਾਵਾ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫ਼ੌਜੀ, ਸਾਹਿਲ ਸ਼ਰਮਾ, ਪਰਸਨਲ ਸਟਾਫ਼ ਵਲੋਂ ਮਲਕੀਤ ਸਿੰਘ ਔਜਲਾ, ਹਰੀ ਸਿੰਘ, ਵਿੱਤੀ ਕਮਿਸ਼ਨਰਜ਼ ਸਕੱਤਰੇਤ ਵਲੋਂ ਕੁਲਵੰਤ ਸਿੰਘ, ਅਲਕਾ ਚੋਪੜਾ ਅਤੇ ਦਰਜਾ ਚਾਰ ਕਰਮਚਾਰੀਆਂ ਵਲੋਂ ਬਲਰਾਜ ਸਿੰਘ ਦਾਊਂ ਸ਼ਾਮਿਲ ਸਨ । ਇਹ ਭੁੱਖ ਹੜਤਾਲ ਸੰਗਰੂਰ ਵਿਖੇ ਸੰਵਿਧਾਨਕ ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਸਰਕਾਰੀ ਸ਼ਹਿ ’ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਕੀਤੀ ਗਈ । ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਗੰਭੀਰਤਾ ਦਿਖਾਉਣ ਦੀ ਬਜਾਏ ਜਥੇਬੰਦੀਆਂ ਨਾਲ ਮੀਟਿੰਗ ਕਰਨ ਅਤੇ ਮੰਗਾਂ ਦਾ ਨਿਪਟਾਰਾ ਕਰਨ ਤੋਂ ਲਗਾਤਾਰ ਭੱਜ ਰਹੀ ਹੈ। ਸੁਖਚੈਨ ਸਿੰਘ ਖਹਿਰਾ ਅਤੇ ਹਾਲ ਹੀ ਵਿਚ ਪੰਜਾਬ ਸਿਵਲ ਸਕੱਤਰੇਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਫ਼ੌਜੀ ਦੀ ਕੀਤੀ ਗਈ ਬਦਲੀ ਦਾ ਵੀ ਆਗੂਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੀ “ਅਣਅਧਿਕਾਰਤ ਗ਼ੈਰਹਾਜ਼ਰੀ” ਸੰਬੰਧੀ ਜਾਰੀ ਕੀਤਾ ਗਿਆ ਪੱਤਰ ਤੁਰੰਤ ਵਾਪਸ ਲਿਆ ਜਾਵੇ । ਇਸ ਕਲਮ ਛੋੜ ਹੜਤਾਲ ਨੂੰ ਪੰਜਾਬ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ । ਇਸ ਰੋਸ ਰੈਲੀ ਵਿੱਚ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫ਼ੌਜੀ, ਮਲਕੀਤ ਔਜਲਾ, ਬਲਰਾਜ ਸਿੰਘ, ਸ਼ਾਮ ਲਾਲ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਕੁਲਵੰਤ ਸਿੰਘ, ਅਲਕਾ ਚੋਪੜਾ, ਸੰਦੀਪ, ਮਨਵੀਰ ਮਾਨਸਾ, ਮਨਦੀਪ, ਸੰਦੀਪ ਕੌਸ਼ਲ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਪੈਨਸ਼ਨਰਜ਼ ’ਚ ਯੂਨੀਅਨ ਦੇ ਸਾਬਕਾ ਪ੍ਰਧਾਨ ਸ਼ਾਮ ਲਾਲ ਸ਼ਰਮਾ, ਉਮਾ ਕਾਂਤ ਤਿਵਾੜੀ, ਕਰਨੈਲ ਸਿੰਘ ਸੈਣੀ, ਬਲਵੀਰ ਸਿੰਘ ਗਿੱਲ ਤੇ ਪ੍ਰਾਹੁਣਚਾਰੀ ਵਿਭਾਗ ਤੋਂ ਬਜਰੰਗ ਯਾਦਵ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਚੰਡੀਗੜ੍ਹ ’ਚ ਪੰਜਾਬ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਲਮ ਛੋੜ ਹੜਤਾਲ
ਚੰਡੀਗੜ੍ਹ ’ਚ ਪੰਜਾਬ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਲਮ ਛੋੜ ਹੜਤਾਲ
ਅਜੀਤ ਡੈਸਕ
09-09-2026