ਰਾਜਪੁਰਾ (ਪਟਿਆਲਾ), 23 ਅਕਤੂਬਰ (ਜੀ.ਪੀ. ਸਿੰਘ)- ਪੰਜਾਬ ਵਿਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਕੀਤੀ ਜਾ ਰਹੀ ਹੈ। ਮੰਡੀਆਂ ਵਿਚ ਫ਼ਸਲ ਨੂੰ ਭੰਡਾਰ ਕਰਨ ਲਈ ਲੋੜੀਂਦੀ ਥਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਵਿਚੋਂ ਅਨਾਜ ਦੀ ਚੁਕਾਈ ਲਈ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ ਅਨਾਜ ਮੰਡੀ ’ਚ ਅਚਾਨਕ ਦੌਰਾ ਕਰਕੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਮੰਡੀ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸੰਬੰਧਿਤ ਧਿਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਾਰੀਆਂ ਸੰਬੰਧਿਤ ਧਿਰਾਂ ਵਿਚਕਾਰ ਬਿਹਤਰ ਤਾਲਮੇਲ ਸਦਕਾ ਖ਼ਰੀਦ ਪ੍ਰਕਿਰਿਆ ਨਾਲ ਜੁੜੇ ਮੁੱਖ ਮਸਲੇ ਹੱਲ ਕਰ ਦਿੱਤੇ ਗਏ ਹਨ ਅਤੇ ਕਿਸਾਨਾਂ ਤੇ ਆੜ੍ਹਤੀਆਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਵੀਰਵਾਰ ਤੱਕ ਸੂਬੇ ਦੀਆਂ ਮੰਡੀਆਂ ਵਿਚ 62.07 ਲੱਖ ਮੀਟਰਿਕ ਟਨ ਝੋਨਾ ਪਹੁੰਚ ਚੁੱਕਾ ਹੈ, ਜਿਸ ’ਚੋਂ 60.50 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਹੁਣ ਤੱਕ 12,969 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਝੋਨਾ ਮੰਡੀਆਂ ਵਿਚ ਪਹੁੰਚ ਰਿਹਾ ਹੈ, ਉੱਥੇ ਬਿਨਾਂ ਕਿਸੇ ਦੇਰੀ ਦੇ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਪੰਜਾਬ ਦੇ ਹਰ ਖੇਤ ਤਕ ਨਹਿਰੀ ਪਾਣੀ ਪਹੁੰਚਾਇਆ ਜਾਵੇ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਚੌਲ ਮਿੱਲਰਾਂ ਅਤੇ ਟਰਾਂਸਪੋਰਟਰਾਂ ਲਈ ਖ਼ੁਸ਼ੀਆਂ ਅਤੇ ਖ਼ੁਸ਼ਹਾਲੀ ਲੈ ਕੇ ਆਵੇ। ਇਸ ਮੌਕੇ ਏ.ਡੀ.ਸੀ. ਮੈਡਮ ਜੌਹਲ, ਐੱਸ.ਐੱਸ.ਪੀ. ਪਟਿਆਲਾ ਹਰਮਨਦੀਪ ਹਾਂਸ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਪੰਜਾਬ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਗੁਰਪ੍ਰੀਤ ਸਿੰਘ ਧਮੌਲੀ, ਸ਼ਾਮ ਸੁੰਦਰ ਵਧਵਾ, ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ, ਐਸ.ਡੀ.ਐਮ. ਰਾਜਪੁਰਾ ਰਵਿੰਦਰ ਸਿੰਘ, ਡੀ.ਐੱਸ.ਪੀ. ਮਨਜੀਤ ਸਿੰਘ, ਐੱਸ.ਐੱਚ.ਓ. ਸਦਰ ਇੰਸਪੈਕਟਰ ਕਿਰਪਾਲ ਸਿੰਘ, ਐੱਚ.ਐੱਚ.ਓ. ਸ਼ਹਿਰੀ ਇੰਸਪੈਕਟਰ ਸੁਮਿਤ ਮੋਰ ਆਦਿ ਮੌਜੂਦ ਸਨ।