ਵਿਆਹੁਤਾ ਨੂੰ ਨਹਿਰ ’ਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਵਿਚ 6 ਖ਼ਿਲਾਫ਼ ਮਾਮਲਾ ਦਰਜ
ਗਿੱਦੜਬਾਹਾ, 8 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਅੰਤਰਜਾਤੀ ਵਿਆਹ ਤੋਂ ਨਾਰਾਜ਼ ਇਕ ਪਰਿਵਾਰ ਵਲੋਂ ਆਪਣੀ ਵਿਆਹੁਤਾ ਲੜਕੀ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਥਾਣਾ ਗਿੱਦੜਬਾਹਾ ਪੁਲਿਸ ਨੇ ਪੀੜਤ ਲੜਕੀ ਦੇ ਪੇਕਾ ਪਰਿਵਾਰ ਦੇ ਮੈਂਬਰਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਪੀੜਤ ਲੜਕੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਅਮਨਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਕੁਰਾਈਵਾਲਾ ਨੇ ਦੱਸਿਆ ਕਿ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਨੇ ਉਸ ਨੇ ਪਿੰਡ ਦੇ ਸਤਨਾਮ ਸਿੰਘ ਪੁੱਤਰ ਕਾਲਾ ਸਿੰਘ ਨਾਲ ਕੋਰਟ ਰਾਹੀਂ ਵਿਆਹ ਕਰਵਾਇਆ ਸੀ।
ਗਿੱਦੜਬਾਹਾ, 8 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਅੰਤਰਜਾਤੀ ਵਿਆਹ ਤੋਂ ਨਾਰਾਜ਼ ਇਕ ਪਰਿਵਾਰ ਵਲੋਂ ਆਪਣੀ ਵਿਆਹੁਤਾ ਲੜਕੀ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਥਾਣਾ ਗਿੱਦੜਬਾਹਾ ਪੁਲਿਸ ਨੇ ਪੀੜਤ ਲੜਕੀ ਦੇ ਪੇਕਾ ਪਰਿਵਾਰ ਦੇ ਮੈਂਬਰਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਪੀੜਤ ਲੜਕੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਅਮਨਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਕੁਰਾਈਵਾਲਾ ਨੇ ਦੱਸਿਆ ਕਿ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਨੇ ਉਸ ਨੇ ਪਿੰਡ ਦੇ ਸਤਨਾਮ ਸਿੰਘ ਪੁੱਤਰ ਕਾਲਾ ਸਿੰਘ ਨਾਲ ਕੋਰਟ ਰਾਹੀਂ ਵਿਆਹ ਕਰਵਾਇਆ ਸੀ। ਬੀਤੀ 6 ਸਤੰਬਰ ਦੀ ਰਾਤ ਕਰੀਬ 9 ਵਜੇ ਉਸ ਦਾ ਪਿਤਾ ਬਲਜੀਤ ਸਿੰਘ, ਭਰਾ ਨੂਰਪ੍ਰੀਤ ਸਿੰਘ ਤੇ ਨੋਵਲਪ੍ਰੀਤ ਸਿੰਘ ਵਾਸੀ ਪਿੰਡ ਕੁਰਾਈਵਾਲਾ, ਲਵਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਵਾਸੀਆਨ ਮਲੋਟ ਅਤੇ ਲਵਿਸ਼ ਉਰਫ਼ ਜਾਨੀ ਵਾਸੀ ਗਿੱਦੜਬਾਹਾ ਉਨ੍ਹਾਂ ਦੇ ਘਰ ਆਏ ਅਤੇ ਕੁੱਟਮਾਰ ਕੀਤੀ। ਉਕਤ ਵਿਅਕਤੀ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਕਾਰ ਵਿਚ ਬਿਠਾ ਕੇ ਲੈ ਗਏ ਅਤੇ 7 ਸਤੰਬਰ ਦੀ ਸਵੇਰ ਕਰੀਬ 7:30 ਵਜੇ ਉਸ ਨੂੰ ਜੌੜੀਆਂ ਨਹਿਰਾਂ ’ਤੇ ਲੈ ਜਾ ਕੇ ਪਿਤਾ ਬਲਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਉਸ ਨੂੰ ਵੱਡੀ ਨਹਿਰ ਵਿਚ ਧੱਕਾ ਦੇ ਦਿੱਤਾ। ਉਕਤ ਵਿਅਕਤੀ ਉਸ ਨੂੰ ਨਹਿਰ ਵਿਚ ਡੁੱਬਦਾ ਦੇਖ ਮੌਕੇ ਤੋਂ ਚਲੇ ਗਏ, ਜਦੋਂਕਿ ਉਹ ਨਹਿਰ ਵਿਚ ਪਏ ਪੌਦਿਆਂ ਦੀ ਮਦਦ ਨਾਲ ਨਹਿਰ ’ਚੋਂ ਬਾਹਰ ਆ ਗਈ। ਇਸੇ ਦੌਰਾਨ ਉਸ ਨੂੰ ਕਿਸੇ ਵਿਅਕਤੀ ਵਲੋਂ ਸਿਵਲ ਹਸਪਤਾਲ ਲੰਬੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਇਲਾਜ ਅਧੀਨ ਹੈ। ਪੁਲਿਸ ਨੇ ਉਕਤ ਮਾਮਲੇ ਵਿਚ ਪੀੜਤ ਅਮਨਪ੍ਰੀਤ ਕੌਰ ਦੇ ਬਿਆਨਾਂ ’ਤੇ ਬਲਜੀਤ ਸਿੰਘ, ਨੂਰਪ੍ਰੀਤ ਸਿੰਘ, ਨੋਵਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਅਤੇ ਲਵਿਸ਼ ਉਰਫ਼ ਜਾਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।