22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਭਲਕੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਨਾਭਾ ਦੇ ਦਫ਼ਤਰਾਂ ਅੱਗੇ ਲਗਾਇਆ ਜਾਵੇਗਾ ਧਰਨਾ

ਨਾਭਾ, 21 ਨਵੰਬਰ (ਵਰਿੰਦਰ ਵਰਮਾ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਢੀਂਗੀ ਦੇ ਦਲਿਤ ਮਜ਼ਦੂਰਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਆਉਂਦੀ 23 ਨਵੰਬਰ ਨੂੰ ਐਸ. ਡੀ.

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਧਰਮਵੀਰ ਹਰੀਗੜ੍ਹ ਅਤੇ ਬਲਾਕ ਪ੍ਰਧਾਨ ਜਗਰੂਪ ਢੀਂਗੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਵਰਿੰਦਰ ਵਰਮਾ 22-11-2026
ਨਾਭਾ, 21 ਨਵੰਬਰ (ਵਰਿੰਦਰ ਵਰਮਾ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਢੀਂਗੀ ਦੇ ਦਲਿਤ ਮਜ਼ਦੂਰਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਆਉਂਦੀ 23 ਨਵੰਬਰ ਨੂੰ ਐਸ.ਡੀ.ਐਮ. ਅਤੇ ਡੀ.ਐਸ.ਪੀ. ਨਾਭਾ ਦੇ ਦਫ਼ਤਰਾਂ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਧਰਮਵੀਰ ਹਰੀਗੜ੍ਹ ਅਤੇ ਬਲਾਕ ਪ੍ਰਧਾਨ ਜਗਰੂਪ ਢੀਂਗੀ ਨੇ ਦੱਸਿਆ ਕਿ ਬੋਲੀ ਵੇਲੇ ਤੋਂ ਚੱਲਦੇ ਆ ਰਹੇ ਸ਼ਾਮਲਾਤ ਜ਼ਮੀਨ ਦੇ ਵਿਵਾਦ ਨੂੰ ਹੱਲ ਕਰਨ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਪ੍ਰਸ਼ਾਸਨਿਕ ਬੇਰੁਖ਼ੀ ਤੋਂ ਤੰਗ ਆ ਕੇ ਪਿੰਡ ਢੀਂਗੀ ਦੇ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਪੂਰੀ ਕਰਵਾਉਣ, ਖੇਤ ਨੂੰ ਜਾਂਦੇ ਰਸਤੇ ਦਾ ਪ੍ਰਬੰਧ ਕਰਵਾਉਣ ਅਤੇ ਰੱਦ ਕੀਤੀ ਗਈ ਬੋਲੀ ਮੁੜ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਮੀਨ ਵਿਚ ਪੱਕਾ ਮੋਰਚਾ ਲਗਾਇਆ ਗਿਆ ਸੀ। ਆਗੂਆਂ ਨੇ ਅੱਗੇ ਦੱਸਿਆ ਕਿ ਮੋਰਚੇ ਦੌਰਾਨ ਜਦੋਂ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਮਜ਼ਦੂਰਾਂ ਵੱਲੋਂ ਆਪਣੀ ਮਿਹਨਤ ਨਾਲ ਉਸ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਬੀਜ ਦਿੱਤੀ ਗਈ। ਇਸ ਦੇ ਉਲਟ, ਪੁਲਿਸ ਪ੍ਰਸ਼ਾਸਨ ਨੇ ਬੀ.ਡੀ.ਪੀ.ਓ. ਦੀ ਸ਼ਹਿ ‘ਤੇ ਪਿੰਡ ਢੀਂਗੀ ਦੇ ਦਲਿਤਾਂ ਉੱਤੇ ਹੀ ਨਾਜਾਇਜ਼ ਕਬਜ਼ੇ ਦਾ ਝੂਠਾ ਪਰਚਾ ਦਰਜ ਕਰ ਦਿੱਤਾ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਨਾ ਤਾਂ ਜ਼ਮੀਨ ਪੂਰੀ ਕਰਵਾਈ ਗਈ ਨਾ ਰਸਤਾ ਕਢਵਾਇਆ ਗਿਆ ਅਤੇ ਨਾ ਹੀ ਦੁਬਾਰਾ ਬੋਲੀ ਕਰਵਾਈ ਗਈ, ਜਦਕਿ ਮਜ਼ਦੂਰ ਲਗਾਤਾਰ ਆਪਣੀ ਫ਼ਸਲ ਨੂੰ ਪਾਲਦੇ ਰਹੇ। ਕਮੇਟੀ ਆਗੂਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਮਜ਼ਦੂਰਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਪੱਕ ਕੇ ਵੱਢਣ ਯੋਗ ਹੋਈ ਤਾਂ ਪੁਲਿਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਕਥਿਤ ਸ਼ਹਿ ‘ਤੇ ਪਿੰਡ ਦੇ ਧਨਾਢ ਚੌਧਰੀਆਂ ਵੱਲੋਂ ਮਜ਼ਦੂਰਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਦੀ ਫ਼ਸਲ ਜ਼ਬਰੀ ਵੱਢ ਲਈ ਗਈ। ਇਸ ਸਬੰਧੀ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਮਿਲੀਭੁਗਤ ਕਾਰਨ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਦੀ ਲੁੱਟੀ ਗਈ ਫ਼ਸਲ ਵਾਪਸ ਕਰਵਾਉਣ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਧਨਾਢ ਚੌਧਰੀਆਂ ਸਮੇਤ ਸਬੰਧਤ ਕੰਬਾਈਨ ਤੇ ਟਰੈਕਟਰ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਪਰਚਾ ਦਰਜ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਜਿਸ ਤਹਿਤ 23 ਨਵੰਬਰ ਨੂੰ ਐਸ.ਡੀ.ਐਮ. ਅਤੇ ਡੀ.ਐਸ.ਪੀ. ਦਫ਼ਤਰਾਂ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਦੀਪ ਸਿੰਘ ਹਰੀਗੜ੍ਹ, ਗੁਰਮੀਤ ਕੌਰ ਹਰੀਗੜ੍ਹ, ਲਖਬੀਰ ਸਿੰਘ ਮੰਡੌੜ ਅਤੇ ਮਨੀ ਮੱਲੇਵਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਚੋਣਾਂ ਤੋਂ ਪਹਿਲਾਂ ਪਟਿਆਲਾ ’ਚ ਸਿਆਸੀ ਰੰਜਿਸ਼ ਨੇ ਧਾਰਿਆ ਹਿੰਸਕ ਰੂਪ ਭਾਜਪਾ ਤੇ ‘ਆਪ’ ਵਰਕਰਾਂ ਵਿਚਾਲੇ ਖੂਨੀ ਝੜਪ, ਦੋ... ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਚਾਰ ਦਿਨਾਂ ਰਾਜ ਪੱਧਰੀ ਅੰਤਰ-’ਵਰਸਿਟੀ ਯੁਵਕ ਮੇਲਾ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।