20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੈਸਰਜ਼ ਅਮਰ ਕਲਰ ਕੈਮ ਇੰਡੀਆ ਦੀ ਸਮੁੱਚੀ ਉਦਯੋਗਿਕ ਇਕਾਈ ਸੀਲ

ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ.

ਅਜੀਤ ਡੈਸਕ 21-11-2026
ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵਲੋਂ ਵਾਤਾਵਰਨ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਮਾਮਲੇ ’ਚ ਮੈਸਰਜ਼ ਅਮਰ ਕਲਰ ਕੈਮ ਇੰਡੀਆ, ਪਲਾਟ ਨੰਬਰ 26, ਓਲਡ ਫੋਕਲ ਪੁਆਇੰਟ ਮਹਿਤਾ ਰੋਡ ਅੰਮ੍ਰਿਤਸਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਮੁੱਚੀ ਫੈਕਟਰੀ ਅਤੇ ਮਸ਼ੀਨਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਉਦਯੋਗਿਕ ਗਤੀਵਿਧੀ ਨੂੰ ਰੋਕਿਆ ਜਾ ਸਕੇ। ਜਾਣਕਾਰੀ ਮੁਤਾਬਕ ਉਕਤ ਉਦਯੋਗਿਕ ਇਕਾਈ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਥੋਂ ਨਿਕਲਣ ਵਾਲੀਆਂ ਤੇਜ਼ ਬਦਬੂਦਾਰ ਗੈਸਾਂ ਕਾਰਨ ਆਸ-ਪਾਸ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫੋਕਲ ਪੁਆਇੰਟ ਇਲਾਕੇ ਦੀ ਮੁੱਖ ਸੀਵਰੇਜ ਲਾਈਨ ’ਚ ਰੰਗਦਾਰ ਅਤੇ ਪ੍ਰਦੂਸ਼ਿਤ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ। ਬੋਰਡ ਵਲੋਂ ਨਿੱਜੀ ਸੁਣਵਾਈਆਂ ਸਮੇਤ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਦਯੋਗ ਵਲੋਂ ਵਾਤਾਵਰਨ ਨਿਯਮਾਂ ਦੀ ਪਾਲਣਾ ਕਰਨ ਲਈ ਕੋਈ ਠੋਸ ਸੁਧਾਰਾਤਮਕ ਕਦਮ ਨਹੀਂ ਚੁੱਕੇ ਗਏ। ਇਸ ਦੇ ਮੱਦੇਨਜ਼ਰ ਬੋਰਡ ਵਲੋਂ ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੀ ਧਾਰਾ 33-ਏ ਅਤੇ ਹਵਾ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1981 ਦੀ ਧਾਰਾ 31-ਏ ਤਹਿਤ ਉਦਯੋਗ ਨੂੰ ਬੰਦ ਕਰਨ, ਬਿਜਲੀ ਸਪਲਾਈ ਕੱਟਣ ਅਤੇ ਡੀ.ਜੀ. ਸੈੱਟ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਬੋਰਡ ਦੇ ਅਧਿਕਾਰੀਆਂ ਵਲੋਂ 19 ਨਵੰਬਰ, 2026 ਨੂੰ ਕੀਤੀ ਗਈ ਜਾਂਚ ਦੌਰਾਨ ਤਿਆਰ ਮਾਲ ਦੀ ਪੈਕਿੰਗ ਦਾ ਕੰਮ ਹੁੰਦਾ ਪਾਇਆ ਗਿਆ ਅਤੇ ਇਕਾਈ ਦੇ ਅੰਦਰ ਮਜ਼ਦੂਰ ਵੀ ਮੌਜੂਦ ਸਨ। ਇਨ੍ਹਾਂ ਲਗਾਤਾਰ ਉਲੰਘਣਾਵਾਂ ਦੇ ਮੱਦੇਨਜ਼ਰ ਬੋਰਡ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਸਬੰਧੀ 19 ਨਵੰਬਰ, 2026 ਨੂੰ ਉਦਯੋਗ ਦੇ ਮਾਲਕ ਵਿਰੁੱਧ ਦੂਜੀ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਚਾਹਲ ਵਾਤਾਵਰਨ ਇੰਜੀਨੀਅਰ ਖੇਤਰੀ ਦਫ਼ਤਰ, ਅੰਮ੍ਰਿਤਸਰ, ਇੰਜੀਨੀਅਰ ਬਚਨ ਪਾਲ ਸਿੰਘ ਵਾਤਾਵਰਨ ਇੰਜੀਨੀਅਰ ਜ਼ੋਨਲ ਦਫ਼ਤਰ ਅੰਮ੍ਰਿਤਸਰ, ਇੰਜੀਨੀਅਰ ਲਖਵਿੰਦਰ ਕੁਮਾਰ, ਏ.ਈ.ਈ. ਅਤੇ ਇੰਜੀਨੀਅਰ ਸੁਖਮਨੀ ਸਿੰਘ, ਏ.ਈ.ਈ. ਦੀ ਟੀਮ ਵਲੋਂ ਸੀਲਿੰਗ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਅਮਨਦੀਪ ਕੌਰ, ਐੱਸ.ਐੱਚ.ਓ., ਥਾਣਾ ਮਕਬੂਲਪੁਰਾ, ਅੰਗਦ ਬਰਾੜ, ਨਾਇਬ ਤਹਿਸੀਲਦਾਰ, ਅੰਮ੍ਰਿਤਸਰ-1, ਬਤੌਰ ਡਿਊਟੀ ਮੈਜਿਸਟਰੇਟ ਅਤੇ ਹੋਰ ਸਹਾਇਕ ਸਟਾਫ਼ ਵੀ ਮੌਜੂਦ ਸੀ। ਲੋੜੀਂਦੀ ਪੁਲਿਸ ਸਹਾਇਤਾ ਨਾਲ ਉਦਯੋਗ ਦੇ ਮਾਲਕ ਰੋਹਿਤ ਹਾਂਡਾ ਦੀ ਮੌਜੂਦਗੀ ’ਚ ਸਮੁੱਚੀ ਫੈਕਟਰੀ ਅਤੇ ਮਸ਼ੀਨਰੀ, ਜਿਸ ’ਚ ਹਿਲਾਏ ਜਾ ਸਕਣ ਵਾਲੇ ਪੁਰਜ਼ੇ, ਡੀ.ਜੀ. ਸੈੱਟ ਅਤੇ ਉਦਯੋਗਿਕ ਇਕਾਈ ਦਾ ਮੁੱਖ ਗੇਟ ਸ਼ਾਮਲ ਹੈ, ਨੂੰ ਸੀਲ ਕਰ ਦਿੱਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਵਾਤਾਵਰਨ ਸਬੰਧੀ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ ਅਤੇ ਬੋਰਡ ਵਲੋਂ ਜਾਰੀ ਕਾਨੂੰਨੀ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ 2 ਰੋਜ਼ਾ ‘ਸ੍ਰਿਸ਼ਟੀ- ਪ੍ਰੋਗਰਾਮ ਦੌਰਾਨ ਕਰਵਾਏ ਮੁਕਾਬਲਿਆਂ ਵਿਚ * ਹਰਕੀਰਤ ਸਿੰਘ, ਯ... ਅਗਲੀ ਖ਼ਬਰ ਆਸਟ੍ਰੇਲੀਆ ਇਕ ਵਾਰ ਫਿਰ ਵਿਦਿਆਰਥੀਆਂ ਦੇ ਸਵਾਗਤ ਲਈ ਹੋਇਆ ਤਿਆਰ, ਫਰਵਰੀ ਇਨਟੇਕ ਵੱਡੇ ਪੱਧਰ ’ਤੇ ਲੱਗਣਗੇ ਵੀਜ਼ੇ- ਕੰਗ/ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।