18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦੇ 8 ਸਾਲ ਪੁਰਾਣੇ ਮਾਮਲੇ ‘ਚ ਲੜਕੀ ਸਮੇਤ ਦੋ ਬਰੀ

ਐੱਸ. ਏ.

ਅਜੀਤ ਡੈਸਕ 18-11-2026
ਐੱਸ. ਏ. ਐੱਸ. ਨਗਰ, 17 ਨਵੰਬਰ (ਕਪਿਲ ਵਧਵਾ)-ਮੁਹਾਲੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਦੇ ਕਰੀਬ 8 ਸਾਲ ਪੁਰਾਣੇ ਮਾਮਲੇ ‘ਚ ਨਾਮਜ਼ਦ ਦੋ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਸੁਣਵਾਈ ਦੌਰਾਨ ਪਾਇਆ ਕਿ ਸਰਕਾਰੀ ਪੱਖ ਦੋਵਾਂ ਵਿਰੁੱਧ ਦੋਸ਼ ਸਾਬਿਤ ਕਰਨ ਲਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕਿਆ। ਮਾਮਲਾ ਥਾਣਾ ਮਟੌਰ ‘ਚ 27 ਜੁਲਾਈ 2018 ਨੂੰ ਦਰਜ ਐੱਫ. ਆਈ. ਆਰ. ਨਾਲ ਸੰਬੰਧਿਤ ਹੈ। ਸ਼ਿਕਾਇਤਕਰਤਾ ਅਸ਼ੋਕ ਕੁਮਾਰ ਆਰੀਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਪੁੱਤਰ ਨਿਖਿਲ ਆਰੀਆ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਨੇ ਉਸ ਨੂੰ ਖਰੜ ਦੇ ਨਸ਼ਾ ਮੁਕਤੀ ਕੇਂਦਰ ‘ਚ ਵੀ ਦਾਖ਼ਲ ਕਰਵਾਇਆ ਸੀ। ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦੀ ਦੋਸਤ ਸ਼ਿਵਾਨੀ ਅਤੇ ਸੁਨੀਲ ਕੁਮਾਰ ਉਸ ਨੂੰ ਨਸ਼ਾ ਮੁਹੱਈਆ ਕਰਵਾਉਂਦੇ ਹਨ। ਸ਼ਿਕਾਇਤ ਅਨੁਸਾਰ 26 ਜੁਲਾਈ 2018 ਨੂੰ ਨਿਖਿਲ ਘਰੋਂ ਚਲਾ ਗਿਆ ਸੀ ਅਤੇ ਬਾਅਦ ‘ਚ ਸ਼ਿਵਾਨੀ ਨੇ ਪਰਿਵਾਰ ਨੂੰ ਫ਼ੋਨ ਕਰਕੇ ਉਸ ਦੀ ਤਬੀਅਤ ਖ਼ਰਾਬ ਹੋਣ ਅਤੇ ਨਿੱਜੀ ਹਸਪਤਾਲ ‘ਚ ਦਾਖ਼ਲ ਹੋਣ ਬਾਰੇ ਦੱਸਿਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ‘ਚ ਪੁਲਿਸ ਨੇ ਦੋਵਾਂ ਵਿਰੁੱਧ ਗ਼ੈਰ-ਇਰਾਦਤਨ ਕਤਲ ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। ਸੁਣਵਾਈ ਦੌਰਾਨ ਸੁਨੀਲ ਕੁਮਾਰ ਨੇ ਬਠਿੰਡਾ ਦੀਆਂ ਅਦਾਲਤਾਂ ਦੇ ਦਸਤਾਵੇਜ਼ ਪੇਸ਼ ਕਰਕੇ ਸਾਬਿਤ ਕੀਤਾ ਕਿ ਘਟਨਾ ਵਾਲੇ ਦਿਨ ਉਹ ਮੁਹਾਲੀ ਤੋਂ ਕਰੀਬ 280 ਕਿੱਲੋਮੀਟਰ ਦੂਰ ਬਠਿੰਡਾ ‘ਚ ਦੋ ਵੱਖ-ਵੱਖ ਮਾਮਲਿਆਂ ‘ਚ ਪੇਸ਼ੀ ਭੁਗਤ ਰਿਹਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਜਾਂਚ ‘ਚ ਕਈ ਖਾਮੀਆਂ ਵੀ ਨੋਟ ਕੀਤੀਆਂ। ਘਟਨਾ ਸਥਾਨ ਤੋਂ ਮਿਲੀ ਸਰਿੰਜ, ਲਾਈਟਰ ਤੇ ਚਮਚੇ ਦੀ ਫੋਰੈਂਸਿਕ ਜਾਂਚ ਨਹੀਂ ਕਰਵਾਈ ਗਈ ਅਤੇ ਨਾ ਹੀ ਉਨ੍ਹਾਂ ‘ਤੇ ਊਂਗਲੀਆਂ ਦੇ ਨਿਸ਼ਾਨ ਲਏ ਗਏ। ਸਰਿੰਜ ਨੂੰ ਮ੍ਰਿਤਕ ਦੇ ਖ਼ੂਨ ਨਾਲ ਮਿਲਾਉਣ ਲਈ ਡੀ. ਐੱਨ. ਏ. ਜਾਂਚ ਵੀ ਨਹੀਂ ਕਰਵਾਈ ਗਈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਮੇਂ ਕੋਈ ਨਸ਼ੀਲਾ ਪਦਾਰਥ ਵੀ ਬਰਾਮਦ ਨਹੀਂ ਹੋਇਆ ਸੀ ਅਤੇ ਗਵਾਹਾਂ ਦੇ ਬਿਆਨਾਂ ‘ਚ ਵੀ ਖਾਮੀਆਂ ਸਨ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਸ਼ਿਵਾਨੀ ਖੋਸਲਾ ਉਰਫ਼ ਆਸ਼ੂ ਤੇ ਸੁਨੀਲ ਕੁਮਾਰ ਨੂੰ ਸ਼ੱਕ ਦਾ ਲਾਭ ਦਿੰਦਿਆਂ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਪਿਛਲੀ ਖ਼ਬਰ 70 ਵੀਂ ਰਾਸ਼ਟਰੀ ਸਕੂਲ ਸਾਫਟਬਾਲ ਚੈਂਪੀਅਨਸ਼ਿਪ ਚੰਡੀਗੜ੍ਹ ਵਿਚ ਅੱਜ ਤੋਂ ਅਗਲੀ ਖ਼ਬਰ ਸ਼ੌਕ ਨਾਲ ਖਰੀਦੀ ਟਿਕਟ ਨੇ ਬਦਲੀ ਕਿਸਮਤ, ਜ਼ੀਰਕਪੁਰ ਦੇ ਜਤਿੰਦਰ ਨੇ ਜਿੱਤੇ 50 ਲੱਖ ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।