04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੈਕਟਰ-17 ਪਲਾਜ਼ਾ ਵਿਚ ਸਚਿਨ ਪਾਇਲਟ ਨੇ ਆਈ. ਡੀ. ਬੀ. ਆਈ. ਬੈਂਕ ਮੁਲਾਜ਼ਮਾਂ ਦੀ ਹੜਤਾਲ ਨੂੰ ਦਿੱਤਾ ਸਮਰਥਨ

ਚੰਡੀਗੜ੍ਹ, 3 ਨਵੰਬਰ (ਪ੍ਰੋ਼. ਅਵਤਾਰ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਨੇ ਆਈ.

ਅਜੀਤ ਡੈਸਕ 04-11-2026
ਚੰਡੀਗੜ੍ਹ, 3 ਨਵੰਬਰ (ਪ੍ਰੋ਼. ਅਵਤਾਰ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਨੇ ਆਈ. ਡੀ. ਬੀ. ਆਈ. ਬੈਂਕ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ਵਿਚ ਬੈਂਕ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਸਮਰਥਨ ਦਿੱਤਾ। ਮੰਗਲਵਾਰ ਨੂੰ ਸੈਕਟਰ-17 ਪਲਾਜ਼ਾ, ਚੰਡੀਗੜ੍ਹ ਵਿਚ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਰਮਿਆਨ ਪਹੁੰਚੇ ਪਾਇਲਟ ਨੇ ਨਿੱਜੀਕਰਨ ਦੇ ਫੈਸਲੇ ’ਤੇ ਸਵਾਲ ਚੁੱਕੇ। ਇਸ ਦੌਰਾਨ ਸੈਂਕੜੇ ਬੈਂਕ ਮੁਲਾਜ਼ਮਾਂ ਨੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੋਂ ਨਿੱਜੀਕਰਨ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਪ੍ਰਸਤਾਵਿਤ ਸੌਦੇ ਦੀ ਵਾਜਬੀਅਤ ’ਤੇ ਸਵਾਲ ਉਠਾਏ। ਪਾਇਲਟ ਨੇ ਕਿਹਾ ਕਿ ਜੇਕਰ ਸਰਕਾਰ ਇਸ ਅਹਿਮ ਸੰਸਥਾ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਇਕ ਢੁੱਕਵੀਂ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਸੰਸਦ ਨੂੰ ਭਰੋਸੇ ਵਿਚ ਲੈਣਾ ਜ਼ਰੂਰੀ ਹੈ। ਉਨ੍ਹਾਂ ਬੈਂਕ ਮੁਲਾਜ਼ਮਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਬੈਂਕ ਦੇ ਭਵਿੱਖ ਅਤੇ ਆਪਣੇ ਹਿੱਤਾਂ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਯੂਨਾਈਟਿਡ ਫੋਰਮ ਆਫ਼ ਆਈ.ਡੀ.ਬੀ.ਆਈ ਅਫ਼ਸਰਜ਼ ਐਂਡ ਇੰਪਲਾਈਜ਼ ਦੇ ਸੱਦੇ ’ਤੇ 2 ਤੇ 3 ਨਵੰਬਰ ਨੂੰ ਕੀਤੀ ਗਈ ਇਸ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਵਿਚ ਦੇਸ਼ ਭਰ ਦੀਆਂ 2,000 ਤੋਂ ਵੱਧ ਸ਼ਾਖਾਵਾਂ ਵਿਚ ਕੰਮ ਕਰਦੇ 10,000 ਤੋਂ ਵੱਧ ਮੁਲਾਜ਼ਮ ਹਿੱਸਾ ਲੈ ਰਹੇ ਹਨ। ਇਸ ਮੌਕੇ ਆਲ ਇੰਡੀਆ ਆਈ. ਡੀ. ਬੀ. ਆਈ. ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੋਰਮ ਦੇ ਅਧਿਕਾਰਤ ਬੁਲਾਰੇ ਸੌਰਵ ਕੁਮਾਰ ਨੇ ਕਿਹਾ ਕਿ IDBI ਬੈਂਕ ਨੂੰ ਮੁੜ ਮਜ਼ਬੂਤ ਬਣਾਉਣ ਵਿਚ ਕੇਂਦਰ ਸਰਕਾਰ, ਭਾਰਤੀ ਜੀਵਨ ਬੀਮਾ ਨਿਗਮ ਅਤੇ ਬੈਂਕ ਮੁਲਾਜ਼ਮਾਂ ਦਾ ਸਾਂਝਾ ਯੋਗਦਾਨ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਸ ਬੈਂਕ ਨੂੰ ਲੋਕਾਂ ਦੇ ਪੈਸੇ ਨਾਲ ਮੁੜ ਖੜ੍ਹਾ ਕੀਤਾ ਗਿਆ, ਉਸ ਨੂੰ ਨਿੱਜੀ ਹੱਥਾਂ ਵਿਚ ਸੌਂਪਣਾ ਕਿੰਨਾ ਕੁ ਜਾਇਜ਼ ਹੈ।
ਪਿਛਲੀ ਖ਼ਬਰ ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 11 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।