ਭਾਰਤ - ਚੀਨ ਐਕਿਊਪੰਕਚਰ ਸਹਿਯੋਗ ਨੂੰ ਮਿਲਿਆ ਹੁਲਾਰਾ
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)-ਭਾਰਤ ਅਤੇ ਚੀਨ ਦਰਮਿਆਨ ਰਵਾਇਤੀ ਚੀਨੀ ਚਿਕਿਤਸਾ, ਐਕਿਊਪੰਕਚਰ ਸਿੱਖਿਆ ਅਤੇ ਸੱਭਿਆਚਾਰਕ ਵਟਾਂਦਰੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਹੋਈ।
ਡ
ਡਾ. ਡੀ.ਐਨ. ਕੋਟਨਿਸ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਚਾਈਨੀਜ਼ ਪੀਪਲਜ਼ ਐਸੋਸੀਏਸ਼ਨ ਫਾਰ ਫਰੈਂਡਸ਼ਿਪ ਵਿਦ ਫੋਰਨ ਕੰਟਰੀਜ਼ ਦੇ ਉਪ-ਪ੍ਰਧਾਨ ਸੁਨ ਸ਼ੁਏਕਿੰਗ ਨਾਲ ਮੀਟਿੰਗ ਕਰਦੇ ਹੋਏ। ਅਜੀਤ ਤਸਵੀਰ
26-11-2026
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)-ਭਾਰਤ ਅਤੇ ਚੀਨ ਦਰਮਿਆਨ ਰਵਾਇਤੀ ਚੀਨੀ ਚਿਕਿਤਸਾ, ਐਕਿਊਪੰਕਚਰ ਸਿੱਖਿਆ ਅਤੇ ਸੱਭਿਆਚਾਰਕ ਵਟਾਂਦਰੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਚਾਈਨੀਜ਼ ਪੀਪਲਜ਼ ਐਸੋਸੀਏਸ਼ਨ ਫਾਰ ਫਰੈਂਡਸ਼ਿਪ ਵਿਦ ਫੋਰਨ ਕੰਟਰੀਜ਼ ਦੇ ਉਪ-ਪ੍ਰਧਾਨ ਸੁਨ ਸ਼ੁਏਕਿੰਗ, ਚੀਨੀ ਦੂਤਾਵਾਸ ਦੇ ਮੰਤਰੀ ਕਾਊਂਸਲਰ ਵਾਂਗ ਸ਼ਿਨਮਿੰਗ ਅਤੇ ਗੁਈਝੌ ਮੈਡੀਕਲ ਯੂਨੀਵਰਸਿਟੀ, ਚੀਨ ਦੇ ਟੀਸੀਐਮ, ਐਕਯੂਪੰਕਚਰ ਤੇ ਮੋਕਸੀਬਸ਼ਚਨ ਵਿਭਾਗ ਦੇ ਡਾਇਰੈਕਟਰ ਪ੍ਰੋ. ਯਾਂਗ ਗੁਆਂਗਹੋਂਗ ਸਣੇ ਸੀਨੀਅਰ ਐਕਿਊਪੰਕਚਰ ਮਾਹਿਰ ਹਾਜ਼ਰ ਸਨ। ਮੀਟਿੰਗ ਵਿੱਚ ਲੁਧਿਆਣਾ ਦੇ ਡਾ. ਡੀ. ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਰਿਸਰਚ ਸੈਂਟਰ ਵੱਲੋਂ ਡਾਇਰੈਕਟਰ ਡਾ. ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਡਾ. ਸੰਦੀਪ ਚੋਪੜਾ ਅਤੇ ਡਾ. ਚੇਤਨਾ ਚੋਪੜਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਬਹੁਤ ਹੀ ਨਿੱਘੇ ਅਤੇ ਸੁਹਿਰਦ ਮਾਹੌਲ ਵਿੱਚ ਹੋਈ, ਜੋ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਦੀ ਦੋਸਤੀ ਨੂੰ ਦਰਸਾਉਂਦੀ ਹੈ। ਮੀਟਿੰਗ ਦੇ ਮੁੱਖ ਨੁਕਤਿਆਂ ਵਿੱਚ ਭਾਰਤ ਅਤੇ ਚੀਨ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਐਕਿਊਪੰਕਚਰ ਮਾਹਿਰਾਂ ਲਈ ਸਿੱਖਿਆ ਤੇ ਸਿਖਲਾਈ ਪ੍ਰੋਗਰਾਮ, ਦੋਹਾਂ ਦੇਸ਼ਾਂ ਦੇ ਡਾਕਟਰਾਂ ਅਤੇ ਸੀਨੀਅਰ ਮਾਹਿਰਾਂ ਦੇ ਆਪਸੀ ਦੌਰੇ, ਡਾ. ਕੋਟਨਿਸ ਹਸਪਤਾਲ ਅਤੇ ਗੁਈਝੌ ਮੈਡੀਕਲ ਯੂਨੀਵਰਸਿਟੀ ਵਿਚਾਲੇ ਅਕਾਦਮਿਕ ਸਹਿਯੋਗ, ਸਾਂਝੀ ਖੋਜ, ਸੈਮੀਨਾਰ, ਵਰਕਸ਼ਾਪ ਅਤੇ ਪ੍ਰੋਫੈਸ਼ਨਲ ਸਿਖਲਾਈ ਲੋਕਾਂ ਦਰਮਿਆਨ ਸੱਭਿਆਚਾਰਕ ਪ੍ਰੋਗਰਾਮ ਅਤੇ ਵਿਦਿਅਕ ਦੌਰੇ ਆਦਿ ਸ਼ਾਮਿਲ ਸਨ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੇ 1938 ਵਿੱਚ ਚੀਨ ਗਏ ਭਾਰਤੀ ਮੈਡੀਕਲ ਮਿਸ਼ਨ ਦੇ ਮੈਂਬਰ ਡਾ. ਦਵਾਰਕਾਨਾਥ ਕੋਟਨਿਸ ਅਤੇ ਡਾ. ਬਿਜੋਏ ਕੁਮਾਰ ਬਾਸੂ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ, ਜਿਨ੍ਹਾਂ ਦੀ ਨਿਸ਼ਕਾਮ ਸੇਵਾ ਭਾਰਤ-ਚੀਨ ਮਿੱਤਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਆਪਣੇ ਗੁਰੂ ਡਾ. ਬਿਜੋਏ ਕੁਮਾਰ ਬਾਸੂ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ, ਜੋ ਭਾਰਤ ਵਿੱਚ ਐਕਿਊਪੰਕਚਰ ਦੇ ਮੋਢੀ ਸਨ ਅਤੇ ਜਿਨ੍ਹਾਂ ਦੀ ਅਗਵਾਈ ਹੇਠ ਉਨ੍ਹਾਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸ ਮਹਾਨ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਡਾ. ਇੰਦਰਜੀਤ ਸਿੰਘ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਕਿਊਪੰਕਚਰ ਦੇ ਪ੍ਰਚਾਰ-ਪਸਾਰ ਵਿੱਚ ਲੱਗੇ ਹੋਏ ਹਨ। ਇਸੇ ਯੋਗਦਾਨ ਦੇ ਸਨਮਾਨ ਵਜੋਂ ਚੀਨ ਸਰਕਾਰ ਨੇ ਉਨ੍ਹਾਂ ਨੂੰ ਇਸ ਮਹਾਨ ਵਿਰਾਸਤ ਦੇ ਵਾਰਸ ਵਜੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਮੀਟਿੰਗ ਸਕਾਰਾਤਮਕ ਨੋਟ ‘ਤੇ ਸਮਾਪਤ ਹੋਈ, ਜਿਸ ਵਿੱਚ ਐਕਯੂਪੰਕਚਰ, ਮੈਡੀਕਲ ਸਿੱਖਿਆ ਅਤੇ ਸੱਭਿਆਚਾਰਕ ਵਟਾਂਦਰੇ ਵਿੱਚ ਸਹਿਯੋਗ ਨੂੰ ਨਵੇਂ ਪੱਧਰ ‘ਤੇ ਲਿਜਾਣ ਦੀ ਸਾਂਝੀ ਵਚਨਬੱਧਤਾ ਪ੍ਰਗਟਾਈ।