ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਵਿਖੇ ਚੌਥੀ ਕੌਮਾਂਤਰੀ ਨਦੀਨ ਕਾਨਫਰੰਸ ਭਾਗੀਦਾਰਾਂ ਦੀ ਭਰਵੀਂ ਹਾਜ਼ਰੀ ਵਿਚ ਆਰੰਭ ਹੋਈ| ਇਸ ਕਾਨਫਰੰਸ ਦਾ ਉਦੇਸ਼ ਨਦੀਨਾਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਖੇਤੀ ਭੋਜਨ ਪ੍ਰਬੰਧਾਂ ਦੀ ਸਥਿਰਤਾ ਰੱਖਿਆ ਗਿਆ ਹੈ| ਚਾਰ ਦਿਨਾਂ ਤੱਕ ਚੱਲਣ ਵਾਲੀ ਇਹ ਕਾਨਫਰੰਸ ਨਦੀਨ ਵਿਗਿਆਨ ਬਾਰੇ ਭਾਰਤੀ ਸੁਸਾਇਟੀ, ਆਈ ਸੀ ਏ ਆਰ ਨਦੀਨ ਖੋਜ ਡਾਇਰੈਕਟੋਰੇਟ ਜਬਲਪੁਰ ਅਤੇ ਆਈ. ਸੀ. ਏ. ਆਰ. ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ| ਆਰੰਭਕ ਸ਼ੈਸਨ ਵਿਚ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਡਾ. ਧਾਲੀਵਾਲ ਨੇ ਕਿਹਾ ਕਿ ਖੇਤੀ ਵਿਚ ਭੋਜਨ ਸੁਰੱਖਿਆ ਲਈ ਉਤਪਾਦਨ ਦਾ ਬਰਕਰਾਰ ਰਹਿਣਾ ਬੇਹੱਦ ਲਾਜ਼ਮੀ ਹੈ| ਡਾ. ਧਾਲੀਵਾਲ ਨੇ ਕਿਹਾ ਕਿ ਨਦੀਨਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਸਰਵਪੱਖੀ ਨਦੀਨ ਪ੍ਰਬੰਧ ਵੱਲ ਵਧਣਾ ਹੀ ਪਵੇਗਾ ਤਾਂ ਜੋ ਖੇਤੀ ਵਿਚ ਰਸਾਇਣਾਂ ਦੀ ਵਰਤੋਂ ਨੂੰ ਸੀਮਤ ਕੀਤਾ ਜਾ ਸਕੇ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਜ਼ਰਾਇਲ ਦੀ ਹਿਬਰੂ ਯੂਨੀਵਰਸਿਟੀ ਯੇਰੂਸ਼ਲਮ ਤੋਂ ਆਏ ਪ੍ਰੋ. ਬਰੂਚ ਰੂਬਿਨ ਨੇ ਨਦੀਨਾਂ ਦੀ ਰੋਕਥਾਮ ਬਾਰੇ ਬਹੁਤ ਸਾਰੀਆਂ ਤਕਨੀਕਾਂ ਅਤੇ ਵਿਧੀਆਂ ਸਾਂਝੀਆਂ ਕੀਤੀਆਂ| ਨਦੀਨ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਦੇ ਪ੍ਰਧਾਨ ਡਾ. ਟੀ ਕੇ ਦਾਸ ਨੇ 2026 ਦੀ ਡੀ ਡਬਯਲੂ ਆਰ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਰਤ ਨਦੀਨਾਂ ਕਾਰਨ ਸਲਾਨਾ 12.6 ਬਿਲੀਅਨ ਡਾਲਰ ਦਾ ਨੁਕਸਾਨ ਸਹਿ ਰਿਹਾ ਹੈ| ਸਵਾਗਤ ਦੇ ਸ਼ਬਦ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਵਲੋਂ ਨਦੀਨ ਰੋਕਥਾਮ ਬਾਰੇ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ| ਅੰਤ ਵਿਚ ਜਬਲਪੁਰ ਕੇਂਦਰ ਦੇ ਨਦੀਨ ਮਾਹਿਰ ਤੇ ਕਾਨਫਰੰਸ ਦੇ ਇੰਤਜ਼ਾਮ ਸਕੱਤਰ ਡਾ. ਵੀਕੇ ਚੌਧਰੀ ਨੇ ਸਭ ਦਾ ਧੰਨਵਾਦ ਕੀਤਾ| ਕਾਨਫਰੰਸ ਦੌਰਾਨ ਵਿਸ਼ੇ ਨਾਲ ਸੰਬੰਧਤ ਪ੍ਰਕਾਸ਼ਨਾਵਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਏਸ਼ੀਆ ਅਤੇ ਅਫਰੀਕਾ ਵਿਚ ਨਦੀਨਾਂ ਦੀ ਰੋਕਥਾਮ ਅਤੇ ਪੀ.ਏ.ਯੂ. ਵਿਚ ਨਦੀਨਾਂ ਦੀ ਰੋਕਥਾਮ ਦੇ 57 ਵਰ੍ਹੇ ਨਾਮੀ ਕਿਤਾਬਚੇ ਸ਼ਾਮਿਲ ਹਨ|