08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਿਆੜਕੀ ਕਾਲਜ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਗੁਰਮਤਿ ਕੈਂਪ ਦੂਸਰੇ ਦਿਨ ਵਿਚ ਦਾਖਲ

ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ‘ਸ਼ਾਂਤੀ ਨਿਕੇਤਨ’ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਚੱਲ ਰਿਹਾ 36ਵਾਂ ਸਾਲਾਨਾ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ ਗੁਰਮਤਿ ਕੈਂਪ ਆਪਣੇ ਦੂਸਰੇ ਦਿਨ ਵਿਚ ਦਾਖਲ ਹੋ ਗਿਆ। ਕੈਂਪ ਦਾ ਉਦਘਾਟਨ ਪਹਿਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕੀਤਾ।

ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਮਤਿ ਕੈਂਪ ਦੌਰਾਨ ਕੀਰਤਨ ਕਰਦਾ ਜਥਾ। ਅਜੀਤ ਤਸਵੀਰ 07-10-2026
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ‘ਸ਼ਾਂਤੀ ਨਿਕੇਤਨ’ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਚੱਲ ਰਿਹਾ 36ਵਾਂ ਸਾਲਾਨਾ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ ਗੁਰਮਤਿ ਕੈਂਪ ਆਪਣੇ ਦੂਸਰੇ ਦਿਨ ਵਿਚ ਦਾਖਲ ਹੋ ਗਿਆ। ਕੈਂਪ ਦਾ ਉਦਘਾਟਨ ਪਹਿਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਜੇ ਸਿੰਘ, ਸਾਬਕਾ ਸਕੱਤਰ ਵਰਿਆਮ ਸਿੰਘ ਅਤੇ ਮਹਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਬੁਰਜ ਸਾਹਿਬ ਤੋਂ ਭਾਈ ਅਮਨਦੀਪ ਸਿੰਘ ਦੇ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਹੋਈ। ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਿਹਾ ਕਿ ਰਿਆੜਕੀ ਕਾਲਜ ਸਚਿਆਰ ਜੀਵਨ ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੰਸਥਾ ਸ਼ਾਇਦ ਹੀ ਕਿਤੇ ਵੇਖਣ ਨੂੰ ਮਿਲਦੀ ਹੈ, ਜਿੱਥੇ ਵਿਦਿਆਰਥੀ ਸਾਦਗੀ ਨਾਲ ਰਹਿੰਦੇ, ਹੱਥੀਂ ਕਿਰਤ ਕਰਦੇ ਅਤੇ ਸੇਵਾ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਾਉਂਦੇ ਹਨ। ਵਿਜੇ ਸਿੰਘ ਨੇ ਕਿਹਾ ਕਿ ਰਿਆੜਕੀ ਕਾਲਜ ਸਿਰਫ਼ ਇਕ ਵਿਦਿਅਕ ਸੰਸਥਾ ਨਹੀਂ, ਸਗੋਂ ਸਿੱਖੀ ਦੇ ਸਿਧਾਂਤਾਂ ਨੂੰ ਅਮਲੀ ਜੀਵਨ ਵਿਚ ਉਤਾਰਨ ਵਾਲੀ ਮਿਸਾਲੀ ਸੰਸਥਾ ਹੈ, ਜਿੱਥੇ ਵਿਦਿਆਰਥੀ ਨਕਲ-ਰਹਿਤ ਅਤੇ ਮੁਫ਼ਤ ਸਿੱਖਿਆ ਪ੍ਰਾਪਤ ਕਰਦੇ ਹੋਏ ਸਾਦਗੀ ਅਤੇ ਹੱਥੀਂ ਕਿਰਤ ਦਾ ਜੀਵਨ ਜਿਉਂਦੇ ਹਨ। ਸਾਬਕਾ ਸਕੱਤਰ ਵਰਿਆਮ ਸਿੰਘ ਨੇ ਗਿਆਨੀ ਮੇਵਾ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗਿਆਨੀ ਜੀ ਨੇਤਰਾਂ ਤੋਂ ਭਾਵੇਂ ਸੂਰਮੇ ਸਨ, ਪਰ ਗਿਆਨ ਦੇ ਪ੍ਰਕਾਸ਼ ਨਾਲ ਭਰਪੂਰ ਵਿਦਵਾਨ ਸਨ, ਜੋ ਧਰਮ ਪ੍ਰਚਾਰ ਦੀ ਵਹੀਰ ਲੈ ਕੇ ਪਿੰਡ-ਪਿੰਡ ਜਾਂਦੇ ਸਨ। ਪਹਿਲੇ ਦਿਨ ਪ੍ਰਚਾਰਕ ਗੁਰਜੀਤ ਸਿੰਘ ਅਤੇ ਗੁਰਨਾਮ ਸਿੰਘ ਨੇ ਸਿੱਖ ਇਤਿਹਾਸ ਸਬੰਧੀ ਵਿਚਾਰ ਸਾਂਝੇ ਕੀਤੇ, ਜਦਕਿ ਦਲਜੀਤ ਸਿੰਘ ਵਿਛੋਆ ਦੇ ਢਾਡੀ ਅਤੇ ਕੁਲਦੀਪ ਸਿੰਘ ਫੌਜੀ ਦੇ ਕਵੀਸ਼ਰੀ ਜਥੇ ਨੇ ਢੱਡ-ਸਰੰਗੀ ਤੇ ਕਵੀਸ਼ਰੀ ਵਾਰਾਂ ਰਾਹੀਂ ਗੁਰੂ ਇਤਿਹਾਸ ਨੂੰ ਜੀਵੰਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸ੍ਰ. ਸਵਰਨ ਸਿੰਘ ਵਿਰਕ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ, ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਦੂਸਰੇ ਦਿਨ ਦੀ ਸ਼ੁਰੂਆਤ ਵੀ ਇਨ੍ਹਾਂ ਪ੍ਰਦਰਸ਼ਨੀਆਂ ਦੇ ਦਰਸ਼ਨਾਂ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਗੁਰਬਾਣੀ, ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖ ਜੀਵਨ-ਜਾਚ ਨਾਲ ਸਬੰਧਤ ਪੁਸਤਕਾਂ ਨੂੰ ਬੜੇ ਉਤਸ਼ਾਹ ਨਾਲ ਵੇਖਿਆ। ਦੂਸਰੇ ਦਿਨ ਦੀ ਕਾਰਵਾਈ ਦੋ ਪੜਾਵਾਂ ਵਿਚ ਹੋਈ। ਪਹਿਲੇ ਪੜਾਅ ਦਾ ਆਰੰਭ ਗੁਰਦੁਆਰਾ ਅੱਚਲ ਸਾਹਿਬ ਦੇ ਭਾਈ ਗੁਰਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਨਾਲ ਹੋਇਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਖੇਤਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ “ਸਫ਼ਲ ਤੇ ਖੁਸ਼ ਇਨਸਾਨ ਕਿਵੇਂ ਬਣੀਏ” ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਨੇ ਆਪਣੀ ਕਵੀਸ਼ਰੀ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਪਨ ਅਤੇ ਮੁੱਢਲੇ ਜੀਵਨ ਨੂੰ ਜੀਵੰਤ ਕੀਤਾ। ਦੂਜੇ ਪੜਾਅ ਵਿਚ ਭਾਈ ਅਮਨਜੀਤ ਸਿੰਘ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਉਨ੍ਹਾਂ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਸੁਰਾਂ ਵਿਚ ਪੇਸ਼ ਕੀਤਾ। ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਕਿਹਾ ਕਿ ਬਾਣੀ ਨੂੰ ਧਿਆਨ, ਇਕਾਗਰਤਾ ਅਤੇ ਇਕਸੁਰਤਾ ਨਾਲ ਪੜ੍ਹ ਕੇ, ਸਮਝ ਕੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ। ਦੂਸਰੇ ਦਿਨ ਦੀ ਕਾਰਵਾਈ ਦਾ ਮੰਚ ਸੰਚਾਲਨ ਪ੍ਰਚਾਰਕ ਭਾਈ ਲਵਪ੍ਰੀਤ ਸਿੰਘ ਨੇ ਬਾਖੂਬੀ ਨਿਭਾਇਆ। ਅਖੀਰ ਵਿਚ ਗਗਨਦੀਪ ਸਿੰਘ ਵਿਰਕ ਨੇ ਸਾਰੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਪਿਛਲੀ ਖ਼ਬਰ ਦੂਲਾਨੰਗਲ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ 9 ਨੂੰ ਅਗਲੀ ਖ਼ਬਰ ਡੀ. ਏ. ਵੀ. ਸਕੂਲ ਦੇ ਚਿਰਾਗ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੋਨ ਤਗਮਾ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।