ਬਸੀ ਪਠਾਣਾਂ, 23 ਨਵੰਬਰ (ਰਾਜਿੰਦਰ ਸ਼ਰਮਾ,ਐਚ.ਐਸ.ਗੌਤਮ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ, ਮੁਹੱਲਾ ਸਿੰਘਪੁਰਾ ਵਲੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਦੌਰਾਨ ਸਮੁੱਚਾ ਸ਼ਹਿਰ ਗੁਰਬਾਣੀ ਦੇ ਰਸ, ਧਾਰਮਿਕ ਉਤਸ਼ਾਹ ਅਤੇ ਸਿੱਖੀ ਜਜ਼ਬੇ ਨਾਲ ਗੂੰਜ ਉੱਠਿਆ। ਨਗਰ ਕੀਰਤਨ ਦੌਰਾਨ ਗੁਰੂ ਸਾਹਿਬ ਦੀ ਪਾਵਨ ਸਵਾਰੀ ਅੱਗੇ ਪੰਜ ਪਿਆਰੇ ਸਿੱਖੀ ਸ਼ਾਨ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣ ਕੇ ਅਗਵਾਈ ਕਰ ਰਹੇ ਸਨ। ਨਗਰ ਕੀਰਤਨ ਵਿਚ ਢਾਡੀ ਜੱਥਾ ਭਾਈ ਅਮਰਜੀਤ ਸਿੰਘ ਕੰਵਲ, ਬੀਬੀ ਸਤਿੰਦਰ ਕੌਰ ਬਾਜਵਾ, ਕੀਰਤਨੀ ਜਥਾ ਪ੍ਰੋਫੈਸਰ ਤਰਲੋਚਨ ਸਿੰਘ ਬਲੌਂਗੀ ਵਾਲਿਆਂ ਨੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਮਹਾਨ ਸੰਦੇਸ਼ ਨਾਲ ਸੰਗਤਾਂ ਨੂੰ ਜੋੜਦੇ ਹੋਏ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਪਣਾਉਣ ਦਾ ਸੰਦੇਸ਼ ਦਿੱਤਾ। ਬਾਬਾ ਬੁੱਢਾ ਸਾਹਿਬ ਗਤਕਾ ਅਖਾੜਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਗੱਤਕੇ ਦੇ ਜੌਹਰ ਦਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਨਗਰ ਕੀਰਤਨ ਦਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਰਸਤੇ ਵਿਚ ਮੌਜੂਦ ਸ਼ਰਧਾਲੂਆਂ ਵਲੋਂ ਗੁਰੂ ਸਾਹਿਬ ਦੇ ਸਤਿਕਾਰ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਰਮਨਦੀਪ ਸਿੰਘ, ਡਾ.ਕੁਲਦੀਪ ਸਿੰਘ, ਜਗਮੋਹਨ ਸਿੰਘ,ਗੁਰਮੀਤ ਸਿੰਘ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਨੇ ਸ਼ਰਧਾ ਨਾਲ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।