26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

‘ ਪੋਸਟਰ ਜੰਗ’ ਕਾਰਨ ਹਲਕਾ ਬਸੀ ਪਠਾਣਾਂ ਦਾ ਸਿਆਸੀ ਮਾਹੌਲ ਗਰਮਾਇਆ

ਸੰਘੋਲ, 25 ਸਤੰਬਰ (ਪਰਮਵੀਰ ਸਿੰਘ ਧਨੋਆ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ (ਰਾਖਵਾਂ) ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ‘ਪੋਸਟਰ ਜੰਗ’ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਹਾਲੇ ਬਾਕੀ ਹੈ ਲੇਕਿਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਸੰਭਾਵੀ ਦਾਅਵੇਦਾਰਾਂ ਵਲੋਂ ਹਲਕੇ ਵਿਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।

ਅਜੀਤ ਡੈਸਕ 26-09-2026
ਸੰਘੋਲ, 25 ਸਤੰਬਰ (ਪਰਮਵੀਰ ਸਿੰਘ ਧਨੋਆ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ (ਰਾਖਵਾਂ) ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ‘ਪੋਸਟਰ ਜੰਗ’ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਹਾਲੇ ਬਾਕੀ ਹੈ ਲੇਕਿਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਸੰਭਾਵੀ ਦਾਅਵੇਦਾਰਾਂ ਵਲੋਂ ਹਲਕੇ ਵਿਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਹਰ ਗਲੀ, ਮੋੜ, ਸੜਕ, ਪੋਲ, ਦਰਖ਼ਤ ’ਤੇ ਪੋਸਟਰ ਵੇਖਣ ਨੂੰ ਮਿਲ ਰਹੇ ਹਨ। ਇਸ ਪੋਸਟਰ ਬਾਜ਼ੀ ਨੂੰ ਲੈ ਕੇ ਹਲਕੇ ਦੇ ਕਈ ਲੋਕਾਂ ਵਿਚ ਨਾਰਾਜ਼ਗੀ ਵੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਘਰਾਂ ਅਤੇ ਦੁਕਾਨਾਂ ਦੀਆਂ ਦੀਵਾਰਾਂ ’ਤੇ ਰੰਗ-ਰੋਗਨ ਕਰਵਾਇਆ ਸੀ, ਪਰ ਪੋਸਟਰਾਂ ਕਾਰਨ ਦੀਵਾਰਾਂ ਦੀ ਦਿੱਖ ਖ਼ਰਾਬ ਹੋ ਰਹੀ ਹੈ। ਹਲਕੇ ਵਿਚ ਲੱਗੇ ਪੋਸਟਰਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਵਾਰਿਸ ਪੰਜਾਬ ਦੇ, ਭਾਜਪਾ, ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਨਾਲ ਜੁੜੇ ਆਗੂਆਂ ਅਤੇ ਸੰਭਾਵੀ ਦਾਅਵੇਦਾਰਾਂ ਦੇ ਨਾਮ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਮੌਜੂਦਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਆਮ ਆਦਮੀ ਪਾਰਟੀ ਦੇ ਐੱਸ.ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਪ੍ਰਮੁੱਖ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਡਾ. ਮਨੋਹਰ ਸਿੰਘ, ਬੀਬੀ ਅਮਨਦੀਪ ਕੌਰ ਢੋਲੇਵਾਲ, ਐਡਵੋਕੇਟ ਗੁਰਜੀਤ ਸਿੰਘ ਮਾਰਬਾ, ਡਾ. ਨਰੇਸ਼ ਚੌਹਾਨ ਆਦਿ ਤੋਂ ਇਲਾਵਾ ਭਾਜਪਾ ਦੇ ਕੁਲਦੀਪ ਸਿੰਘ ਸਿੱਧੂਪੁਰ ਸਮੇਤ ਹੋਰਨਾਂ ਕਈ ਸਿਆਸੀ ਧਿਰਾਂ ਨਾਲ ਜੁੜੇ ਦਾਅਵੇਦਾਰ ਵੀ ਸਰਗਰਮ ਦਿਖਾਈ ਦੇ ਰਹੇ ਹਨ। ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਭ ਤੋਂ ਵੱਧ ਸਿਆਸੀ ਸਰਗਰਮੀ ਆਮ ਆਦਮੀ ਪਾਰਟੀ ਵਿਚ ਨਜ਼ਰ ਆ ਰਹੀ ਹੈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਹਲਕੇ ਵਿਚ ਲਗਾਤਾਰ ਮੀਟਿੰਗਾਂ ਅਤੇ ਹੋਰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਦੂਜੇ ਪਾਸੇ ਗੁਰਪ੍ਰੀਤ ਸਿੰਘ ਜੀ.ਪੀ ਵਲੋਂ ਹਲਕੇ ਦੇ ਵੱਡੇ ਕਸਬਿਆਂ ਵਿਚ ਘੁੰਮਣ ਬ੍ਰਦਰਜ਼ ਸਮੇਤ ਕਈ ਪ੍ਰਮੁੱਖ ਚਿਹਰਿਆਂ ਨਾਲ ਵੱਡੇ ਇਕੱਠ ਕੀਤੇ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਇਨ੍ਹਾਂ ਦਾਅਵੇਦਾਰਾਂ ਦੀਆਂ ਸਰਗਰਮੀਆਂ ਦੌਰਾਨ ਇਕ-ਦੂਜੇ ’ਤੇ ਸਿੱਧੇ ਨਿੱਜੀ ਹਮਲਿਆਂ ਦੀ ਬਜਾਏ ਸਰਕਾਰ ਅਤੇ ਪਾਰਟੀ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਉੱਧਰ ਕਾਂਗਰਸ ਵਿਚ ਵੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਰਗਰਮੀਆਂ ਜਾਰੀ ਹਨ। ਡਾ. ਮਨੋਹਰ ਸਿੰਘ ਆਪਣੀ ਹੀ ਪਾਰਟੀ ਦੀ ਆਗੂ ਬੀਬੀ ਅਮਨਦੀਪ ਕੌਰ ਢੋਲੇਵਾਲ ਵਲੋਂ ਕੀਤੀ ਗਈ ਇਕ ਟਿੱਪਣੀ ਦਾ ਮਾਮਲਾ ਚਰਚਾ ਵਿਚ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮਸਲਾ ਅਦਾਲਤ ਦੀਆਂ ਬਰੂਹਾਂ ’ਤੇ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਕੁਝ ਆਗੂਆਂ ਵਲੋਂ ਡਾ. ਮਨੋਹਰ ਸਿੰਘ ਦੀਆਂ ਹਲਕੇ ਵਿਚ ਚੱਲ ਰਹੀਆਂ ਗਤੀਵਿਧੀਆਂ ਤੋਂ ਦੂਰੀ ਬਣਾਏ ਜਾਣ ਦੀ ਗੱਲ ਵੀ ਲੋਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਡਾ. ਮਨੋਹਰ ਸਿੰਘ ਦੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਨਹੀਂ ਕਰਨਗੇ। ਫ਼ਿਲਹਾਲ ਮਨੋਹਰ ਸਿੰਘ ਆਪਣੇ ਬਲਬੂਤੇ ਮੈਦਾਨ ’ਚ ਡਟੇ ਹੋਏ ਹਨ ਅਤੇ ਸਿਆਸੀ ਵਿਰੋਧੀਆਂ ਲਈ ਸਿਰਦਰਦੀ ਪੈਦਾ ਹੋ ਚੁੱਕੀ ਹੈ। ਦੂਜੇ ਪਾਸੇ ਵਾਰਿਸ ਪੰਜਾਬ ਦੇ ਵਲੋਂ ਸ਼ਹੀਦ ਭਾਈ ਕੇਹਰ ਸਿੰਘ, ਪੁੱਤਰ ਸ਼ਹੀਦ ਭਾਈ ਸਤਵੰਤ ਸਿੰਘ ਖ਼ਾਲਸਾ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ ਦੇ ਆਜ਼ਾਦ ਤੌਰ ’ਤੇ ਚੋਣ ਲੜਨ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਨੇ ਬਸੀ ਪਠਾਣਾਂ ਹਲਕੇ ਤੋਂ ਆਪਣੇ ਉਮੀਦਵਾਰ ਦਾ ਅਧਿਕਾਰਤ ਐਲਾਨ ਨਹੀਂ ਕੀਤਾ, ਪਰ ਸੰਭਾਵੀ ਦਾਅਵੇਦਾਰਾਂ ਦੀਆਂ ਸਰਗਰਮੀਆਂ ਅਤੇ ਪੋਸਟਰਾਂ ਨੇ ਹਲਕੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਹੋਈ ਇਹ ‘ਪੋਸਟਰ ਜੰਗ’ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਹੋਣ ਦੇ ਆਸਾਰ ਹਨ।
ਪਿਛਲੀ ਖ਼ਬਰ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਵਿਕਾਸ ਕਾਰਜ ਤੇ ਆਮ ਲੋਕਾਂ ਦੇ ਕੰੰਮ ਕ... ਅਗਲੀ ਖ਼ਬਰ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਰ ਯਤਨ ਕੀਤਾ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।