23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਾਏਕੋਟ ਸ਼ਹਿਰ ’ਚ ਰਾਮਲੀਲ੍ਹਾ ਦਾ ਮੰਚਨ ਨਾ ਹੋਣਾ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਤੋਂ ਕਰ ਸਕਦਾ ਹੈ ਦੂਰ

ਰਾਏਕੋਟ, 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਭਾਰਤੀ ਸੱਭਿਆਚਾਰ ਵਿਚ ਰਾਮਲੀਲ੍ਹਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਿਰਫ਼ ਭਗਵਾਨ ਸ਼੍ਰੀ ਰਾਮ ਦੇ ਜੀਵਨ ’ਤੇ ਆਧਾਰਿਤ ਧਾਰਮਿਕ ਨਾਟਕ ਦਾ ਮੰਚਨ ਹੀ ਨਹੀਂ, ਸਗੋਂ ਸਮਾਜ ਨੂੰ ਸੱਚਾਈ, ਧਰਮ, ਮਰਿਯਾਦਾ, ਤਿਆਗ, ਭਾਈਚਾਰੇ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣ ਵਾਲੀ ਸਦੀਆਂ ਪੁਰਾਣੀ ਪਰੰਪਰਾ ਹੈ, ਪਰ ਰਾਏਕੋਟ ਸ਼ਹਿਰ ਵਿਚ ਰਾਮਲੀਲਾ ਦਾ ਆਯੋਜਨ ਅਤੇ ਮੰਚਨ ਨਾ ਹੋਣ ਕਾਰਨ ਇਹ ਵਿਚਾਰ ਕਰਨਾ ਜ਼ਰੂਰੀ ਹੋ ਗਿਆ ਹੈ ਕਿ ਇਸ ਦਾ ਨਵੀਂ ਪੀੜ੍ਹੀ ਦੇ ਸੱਭਿਆਚਾਰਕ ਗਿਆਨ ਅਤੇ ਸੰਸਕਾਰਾਂ ’ਤੇ ਕੀ ਪ੍ਰਭਾਵ ਪੈ ਸਕਦਾ ਹੈ।

ਅਜੀਤ ਡੈਸਕ 23-10-2026
ਰਾਏਕੋਟ, 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਭਾਰਤੀ ਸੱਭਿਆਚਾਰ ਵਿਚ ਰਾਮਲੀਲ੍ਹਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਿਰਫ਼ ਭਗਵਾਨ ਸ਼੍ਰੀ ਰਾਮ ਦੇ ਜੀਵਨ ’ਤੇ ਆਧਾਰਿਤ ਧਾਰਮਿਕ ਨਾਟਕ ਦਾ ਮੰਚਨ ਹੀ ਨਹੀਂ, ਸਗੋਂ ਸਮਾਜ ਨੂੰ ਸੱਚਾਈ, ਧਰਮ, ਮਰਿਯਾਦਾ, ਤਿਆਗ, ਭਾਈਚਾਰੇ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣ ਵਾਲੀ ਸਦੀਆਂ ਪੁਰਾਣੀ ਪਰੰਪਰਾ ਹੈ, ਪਰ ਰਾਏਕੋਟ ਸ਼ਹਿਰ ਵਿਚ ਰਾਮਲੀਲਾ ਦਾ ਆਯੋਜਨ ਅਤੇ ਮੰਚਨ ਨਾ ਹੋਣ ਕਾਰਨ ਇਹ ਵਿਚਾਰ ਕਰਨਾ ਜ਼ਰੂਰੀ ਹੋ ਗਿਆ ਹੈ ਕਿ ਇਸ ਦਾ ਨਵੀਂ ਪੀੜ੍ਹੀ ਦੇ ਸੱਭਿਆਚਾਰਕ ਗਿਆਨ ਅਤੇ ਸੰਸਕਾਰਾਂ ’ਤੇ ਕੀ ਪ੍ਰਭਾਵ ਪੈ ਸਕਦਾ ਹੈ। ਰਾਮਲੀਲਾ ਦੇ ਮੰਚਨ ਦੌਰਾਨ ਬੱਚੇ ਅਤੇ ਨੌਜਵਾਨ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ ਅਤੇ ਰਾਵਣ ਵਰਗੇ ਪਾਤਰਾਂ ਰਾਹੀਂ ਰਾਮਾਇਣ ਦੀਆਂ ਕਥਾਵਾਂ ਨੂੰ ਨੇੜਿਓਂ ਸਮਝਦੇ ਹਨ। ਮੰਚ ’ਤੇ ਪੇਸ਼ ਕੀਤੇ ਜਾਂਦੇ ਸੰਵਾਦ, ਪਾਤਰਾਂ ਦੀ ਅਦਾਕਾਰੀ ਅਤੇ ਵੱਖ-ਵੱਖ ਘਟਨਾਵਾਂ ਦਾ ਚਿੱਤਰਣ ਬੱਚਿਆਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਉਨ੍ਹਾਂ ਨੂੰ ਨਾ ਸਿਰਫ਼ ਧਾਰਮਿਕ ਕਥਾਵਾਂ ਦੀ ਜਾਣਕਾਰੀ ਮਿਲਦੀ ਹੈ, ਸਗੋਂ ਪਰਿਵਾਰ, ਸਮਾਜ ਅਤੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਵੀ ਮਿਲਦਾ ਹੈ ਮੋਬਾਈਲ ਦੇ ਦੌਰ ’ਚ ਸੱਭਿਆਚਾਰਕ ਸਮਾਗਮਾਂ ਦੀ ਅਹਿਮੀਅਤ- ਅੱਜ ਦੇ ਡਿਜੀਟਲ ਯੁੱਗ ਵਿਚ ਬੱਚਿਆਂ ਅਤੇ ਨੌਜਵਾਨਾਂ ਦਾ ਕਾਫ਼ੀ ਸਮਾਂ ਮੋਬਾਈਲ ਫੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਬੀਤਦਾ ਹੈ। ਅਜਿਹੇ ਸਮੇਂ ਵਿਚ ਰਾਮਲੀਲਾ ਵਰਗੇ ਸੱਭਿਆਚਾਰਕ ਸਮਾਗਮ ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਨਾਲ ਜੁੜ੍ਹਨ ਦਾ ਮੌਕਾ ਦਿੰਦੇ ਹਨ।ਰਾਮਲੀਲਾ ਦੇਖਣ ਲਈ ਮਾਪੇ, ਦਾਦਾ-ਦਾਦੀ ਅਤੇ ਬੱਚੇ ਇਕੱਠੇ ਪਹੁੰਚਦੇ ਹਨ।ਇਸ ਦੌਰਾਨ ਬਜ਼ੁਰਗ ਨਵੀਂ ਪੀੜ੍ਹੀ ਨੂੰ ਰਾਮਾਇਣ ਦੀਆਂ ਕਹਾਣੀਆਂ ਸੁਣਾਉਂਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੰਦੇ ਹਨ। ਜੇਕਰ ਸਥਾਨਕ ਪੱਧਰ ‘’ਤੇ ਅਜਿਹੇ ਸਮਾਗਮਾਂ ਦੀ ਪਰੰਪਰਾ ਕਮਜ਼ੋਰ ਪੈਂਦੀ ਹੈ ਤਾਂ ਬੱਚਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਸਿੱਧੇ ਤੌਰ ’ਤੇ ਜੁੜ੍ਹਨ ਦੇ ਮੌਕੇ ਵੀ ਘੱਟ ਸਕਦੇ ਹਨ। ਹਾਲਾਂਕਿ, ਇਸ ਦਾ ਅਰਥ ਇਹ ਨਹੀਂ ਕਿ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ, ਪਰ ਸੱਭਿਆਚਾਰਕ ਸਮਾਗਮਾਂ ਦੀ ਘਾਟ ਉਨ੍ਹਾਂ ਦੇ ਤਜਰਬਿਆਂ ਨੂੰ ਸੀਮਿਤ ਕਰ ਸਕਦੀ ਹੈ। ਰਾਮਲੀਲਾ ਤੋਂ ਮਿਲਦੇ ਹਨ ਜੀਵਨ ਦੇ ਮਹੱਤਵਪੂਰਨ ਸੰਦੇਸ਼- ਰਾਮਲੀਲਾ ਰਾਹੀਂ ਬੱਚਿਆਂ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਆਦਰਸ਼ ਜੀਵਨ, ਭਰਾ ਲਕਸ਼ਮਣ ਦੇ ਸਮਰਪਣ, ਭਰਤ ਦੇ ਤਿਆਗ, ਹਨੂੰਮਾਨ ਦੀ ਭਗਤੀ ਅਤੇ ਮਾਤਾ ਸੀਤਾ ਦੇ ਸਬਰ ਵਰਗੇ ਪ੍ਰਸੰਗਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।ਦੂਜੇ ਪਾਸੇ, ਰਾਵਣ ਦੇ ਪਾਤਰ ਰਾਹੀਂ ਹੰਕਾਰ ਅਤੇ ਗ਼ਲਤ ਆਚਰਨ ਦੇ ਨਤੀਜਿਆਂ ਨੂੰ ਵੀ ਦਰਸਾਇਆ ਜਾਂਦਾ ਹੈ।ਇੰਨ੍ਹਾਂ ਪ੍ਰਸੰਗਾਂ ਰਾਹੀਂ ਬੱਚਿਆਂ ਨੂੰ ਇਹ ਸਮਝਾਉਣ ਵਿਚ ਮੱਦਦ ਮਿਲਦੀ ਹੈ ਕਿ ਜੀਵਨ ਵਿਚ ਸੱਚਾਈ, ਇਮਾਨਦਾਰੀ, ਬਜ਼ੁਰਗਾਂ ਦਾ ਸਤਿਕਾਰ, ਫ਼ਰਜ਼ਾਂ ਦੀ ਪਾਲਣਾ ਅਤੇ ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਕਿੰਨਾ ਮਹੱਤਵ ਹੈ।ਰਾਮਲੀਲਾ ਦਾ ਮੰਚਨ ਇਨ੍ਹਾਂ ਕਦਰਾਂ-ਕੀਮਤਾਂ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਅਹਿਮ ਮਾਧਿਅਮ ਰਿਹਾ ਹੈ। ਸਥਾਨਕ ਸੰਸਥਾਵਾਂ ਅਤੇ ਸਮਾਜ ਦੀ ਭੂਮਿਕਾ ਅਹਿਮ:- ਰਾਏਕੋਟ ਵਿਚ ਰਾਮਲੀਲਾ ਵਰਗੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਲਈ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ, ਵਪਾਰਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੀ ਸਮੂਹਿਕ ਭਾਗੀਦਾਰੀ ਮਹੱਤਵਪੂਰਨ ਹੋ ਸਕਦੀ ਹੈ।ਜੇਕਰ ਕਿਸੇ ਕਾਰਨ ਵੱਡੇ ਪੱਧਰ ’ਤੇ ਸਮਾਗਮ ਕਰਵਾਉਣਾ ਸੰਭਵ ਨਹੀਂ ਹੈ ਤਾਂ ਛੋਟੇ ਪੱਧਰ ’ਤੇ ਰਾਮਲੀਲਾ ਦਾ ਮੰਚਨ, ਰਾਮਾਇਣ ’ਤੇ ਆਧਾਰਿਤ ਨਾਟਕ, ਬੱਚਿਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਧਾਰਮਿਕ ਸੱਭਿਆਚਾਰਕ ਸਮਾਗਮ ਕਰਵਾਏ ਜਾ ਸਕਦੇ ਹਨ। ਸਕੂਲਾਂ ਅਤੇ ਸਮਾਜਿਕ ਸੰਸਥਾਵਾਂ ਰਾਹੀਂ ਵੀ ਬੱਚਿਆਂ ਨੂੰ ਰਾਮਾਇਣ ਦੇ ਪ੍ਰਸੰਗਾਂ ਨਾਲ ਜਾਣੂੰ ਕਰਵਾਇਆ ਜਾ ਸਕਦਾ ਹੈ। ਇਸਦੇ ਨਾਲ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝਣ ਦਾ ਮੌਕਾ ਮਿਲੇਗਾ। ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ:-ਰਾਮਲੀਲਾ ਦਾ ਮੰਚਨ ਸਿਰਫ਼ ਇੱਕ ਧਾਰਮਿਕ ਸਮਾਗਮ ਤੱਕ ਸੀਮਤ ਨਹੀਂ ਹੈ, ਸਗੋਂ ਇਹ ਵੱਖ-ਵੱਖ ਪੀੜ੍ਹੀਆਂ ਨੂੰ ਜੋੜ੍ਹਨ ਵਾਲੀ ਸੱਭਿਆਚਾਰਕ ਕੜੀ ਵੀ ਹੈ।ਰਾਏਕੋਟ ਵਿਚ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਜਾਣਨ ਅਤੇ ਸਮਝਣ ਦੇ ਮੌਕੇ ਮਿਲਦੇ ਰਹਿਣ। ਸ਼ਹਿਰ ਦੀ ਸੱਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਪੁਰਾਣੀਆਂ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਨਾਲ ਜੋੜ੍ਹਿਆ ਜਾਵੇ। ਰਾਮਲੀਲਾ ਦਾ ਮੰਚਨ ਇਸ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ, ਕਿਉਂਕਿ ਸੱਭਿਆਚਾਰ ਸਿਰਫ਼ ਕਿਤਾਬਾਂ ਵਿਚ ਪੜ੍ਹ ਕੇ ਹੀ ਨਹੀਂ, ਸਗੋਂ ਉਸ ਨੂੰ ਦੇਖ ਕੇ, ਸਮਝ ਕੇ ਅਤੇ ਉਸ ਵਿਚ ਭਾਗ ਲੈ ਕੇ ਵੀ ਸਿੱਖਿਆ ਜਾਂਦਾ ਹੈ।
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕੌਨਵੈਂਟ ਸਕੂਲ ਚਕਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਦਰ ਪੁਲਿਸ ਰਾਏਕੋਟ ਵਲੋਂ ਪਿਛਲੇ 8 ਸਾਲਾਂ ਤੋਂ ਭਗੌੜਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।