ਖੇਡਾਂ ਵਤਨ ਪੰਜਾਬ ਦੀਆਂ-2026 ਦੇ ਦੂਜੇ ਪੜਾਅ ਦੀਆਂ ਬਲਾਕ ਪੱਧਰੀ ਖੇਡਾਂ ਦਾ ਆਗਾਜ਼
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੀਆਂ ਖੇਡਾਂ ਦਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਉਤਸ਼ਾਹ ਨਾਲ ਆਗਾਜ਼ ਹੋਇਆ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਤਹਿਤ ਅਥਲੈਟਿਕਸ, ਖੋ-ਖੋ, ਕਬੱਡੀ (ਸਰਕਲ ਸਟਾਈਲ), ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੀਆਂ ਖੇਡਾਂ ਦਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਉਤਸ਼ਾਹ ਨਾਲ ਆਗਾਜ਼ ਹੋਇਆ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਤਹਿਤ ਅਥਲੈਟਿਕਸ, ਖੋ-ਖੋ, ਕਬੱਡੀ (ਸਰਕਲ ਸਟਾਈਲ), ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿਚ ਲਗਪਗ 2500 ਖਿਡਾਰੀਆਂ ਨੇ ਭਾਗ ਲਿਆ ਹੈ ਅਤੇ ਮੁਕਾਬਲੇ 12 ਸਤੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੇ ਮੁਕਾਬਲੇ ਲਾਜਵੰਤੀ ਆਊਟਡੋਰ ਸਟੇਡੀਅਮ ਵਿਚ ਕਰਵਾਏ ਗਏ। ਅਥਲੈਟਿਕਸ ਦੇ ਅੰਡਰ-17 ਲੜਕੀਆਂ ਦੇ 400 ਮੀਟਰ ਦੌੜ ਮੁਕਾਬਲੇ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਰਜਨੀ ਨੇ ਦੂਜਾ ਤੇ ਜੈਸਮੀਨ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕਿਆਂ ਦੇ 400 ਮੀਟਰ ਦੌੜ ਮੁਕਾਬਲੇ ’ਚ ਕਿਰਨਵੀਰ ਸਿੰਘ ਨੇ ਪਹਿਲਾ, ਅਮਨਦੀਪ ਨੇ ਦੂਜਾ ਤੇ ਹਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਮਾਹਿਲਪੁਰ ਦੀਆਂ ਖੇਡ ਪ੍ਰਤੀਯੋਗਤਾਵਾਂ ’ਚ ਫੁੱਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿਚ ਪੀ. ਆਈ. ਐੱਸ. ਮਾਹਿਲਪੁਰ ਨੇ ਦੋਆਬਾ ਸਕੂਲ ਦੇਹਲਰਾਂ ਨੂੰ 2-0 ਨਾਲ ਹਰਾਇਆ, ਜਦਕਿ ਪਾਲਦੀ ਫੁੱਟਬਾਲ ਅਕੈਡਮੀ ਨੇ ਬੰਬੇਲੀ ਸਕੂਲ ਦੀ ਟੀਮ ਨੂੰ 1-0 ਨਾਲ ਮਾਤ ਦਿੱਤੀ। ਬਲਾਕ ਭੂੰਗਾ ਦੇ ਮੁਕਾਬਲੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਰਵਾਏ ਗਏ। ਇਨ੍ਹਾਂ ਦਾ ਉਦਘਾਟਨ ਵਿਧਾਇਕ ਟਾਂਡਾ ਜਸਬੀਰ ਸਿੰਘ ਰਾਜਾ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਅੰਡਰ-17 ਲੜਕਿਆਂ ਦੀ 300 ਮੀਟਰ ਦੌੜ ਵਿਚ ਪੱਪੂ ਨੇ ਪਹਿਲਾ, ਆਕਾਸ਼ ਨੇ ਦੂਜਾ ਤੇ ਪੰਕਜ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 30 ਸਾਲ ਉਮਰ ਵਰਗ ਦੀ ਦੌੜ ਵਿਚ ਵੰਸ਼ ਨੇ ਪਹਿਲਾ, ਅਰਮਾਨ ਕੁਮਾਰ ਨੇ ਦੂਜਾ ਤੇ ਲਖਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖਿਡਾਰੀਆਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਪ੍ਰਤੀਯੋਗਤਾਵਾਂ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦਿਆਂ ਸਿਹਤਮੰਦ ਤੇ ਸਕਾਰਾਤਮਿਕ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ।