ਨਵੀਂ ਦਿੱਲੀ, 16 ਅਕਤੂਬਰ (ਪੀ.ਟੀ.ਆਈ.)-ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਖੇਤਰ ਵਿਚ ਤਣਾਅ ਵਧਣ ਅਤੇ ਹੂਤੀਆਂ ਵਲੋਂ ਖਾੜੀ ਦੇਸ਼ ’ਤੇ ਕੀਤੇ ਗਏ ਹਮਲਿਆਂ ਕਾਰਨ ਸਾਊਦੀ ਅਰਬ ਲਈ ਉਡਾਣਾਂ ਰੱਦ ਕਰਨ ਦੀ ਮਿਆਦ 20 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ, ਏਅਰਲਾਈਨ ਦੇ ਨਾਲ-ਨਾਲ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਸਾਊਦੀ ਅਰਬ ਲਈ ਉਡਾਣਾਂ 17 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਸਨ।
ਏਅਰ ਇੰਡੀਆ ਨੇ ਐਕਸ ’ਤੇ ਇੱਕ ਪੋਸਟ ਵਿਚ ਕਿਹਾ, ‘ਸਾਊਦੀ ਅਰਬ ਵਿਚ ਬਦਲਦੀ ਸਥਿਤੀ ਨੂੰ ਦੇਖਦੇ ਹੋਏ, ਰਿਆਧ, ਦਮਾਮ ਅਤੇ ਜੇੱਦਾ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ 20 ਅਕਤੂਬਰ 2026 ਤੱਕ ਰੱਦ ਰਹਿਣਗੀਆਂ।’ ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਸੰਚਾਲਨ ਨੂੰ ਸੁਰੱਖਿਅਤ ਢੰਗ ਨਾਲ ਮੁੜ ਸ਼ੁਰੂ ਕਰਨਾ ਯਕੀਨੀ ਬਣਾਉਣ ਲਈ ਸਥਿਤੀ ਦਾ ਲਗਾਤਾਰ ਮੁਲਾਂਕਣ ਕਰ ਰਹੀ ਹੈ।