ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ)-ਪਸ਼ੂ ਭਲਾਈ ਤੇ ਬੇਸਹਾਰਾ ਪਸ਼ੂਧਨ ਦੀ ਸੁਚੱਜੀ ਦੇਖਭਾਲ ਯਕੀਨੀ ਬਣਾਉਣ ਲਈ ਇਤਿਹਾਸਕ ਫੈਸਲੇ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਭਰ ਦੀਆਂ 520 ਰਜਿਸਟਰਡ ਗਊਸ਼ਾਲਾਵਾਂ, ਜਿਨ੍ਹਾਂ ’ਚ 500 ਗਊਸ਼ਾਲਾਵਾਂ ਅਤੇ 20 ਸਰਕਾਰੀ ਕੈਟਲ ਪੌਂਡ ਸ਼ਾਮਿਲ ਹਨ, ਲਈ ਇਕੋ ਕਿਸ਼ਤ ’ਚ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਦਯੋਗ ਤੇ ਵਣਜ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਇਹ ਰਾਸ਼ੀ ਅਗਲੇ ਦੋ-ਤਿੰਨ ਦਿਨਾਂ ਦੇ ਅੰਦਰ ਸੰਬੰਧਿਤ ਗਊਸ਼ਾਲਾਵਾਂ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਇਸ ਫੈਸਲੇ ਨੂੰ ਗਊ ਭਗਤਾਂ ਅਤੇ ਪਸ਼ੂ ਭਲਾਈ ਲਈ ਕੰਮ ਕਰਨ ਵਾਲੀਆਂ ਸਮਾਜਿਕ ਸੰਸਥਾਵਾਂ ਦੀ ਚਿਰੋਕਣੀ ਮੰਗ ਦੀ ਪੂਰਤੀ ਵੱਲ ਅਹਿਮ ਕਦਮ ਦੱਸਿਆ। ਮੁੱਖ ਮੰਤਰੀ ਨਾਲ ਹਾਲ ਹੀ ’ਚ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੀਟਿੰਗ ਦੌਰਾਨ ਇਹ ਦੇਖਿਆ ਗਿਆ ਕਿ ਜਿਥੇ ਸ਼ਹਿਰੀ ਗਊਸ਼ਾਲਾਵਾਂ ਨੂੰ ਅਕਸਰ ਭਾਈਚਾਰੇ ਵਲੋਂ ਦਾਨ ਅਤੇ ਚਾਰੇ ਦੀ ਮਦਦ ਮਿਲ ਜਾਂਦੀ ਹੈ, ਉਥੇ ਹੀ ਪੇਂਡੂ ਗਊਸ਼ਾਲਾਵਾਂ ਨੂੰ ਬੇਸਹਾਰਾ ਪਸ਼ੂਧਨ ਦੀ ਸੰਭਾਲ ਸੰਬੰਧੀ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੇ ਇਸ ਅੰਤਰ ਦਾ ਨੋਟਿਸ ਲਿਆ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਵੀ ਰਜਿਸਟਰਡ ਗਊਸ਼ਾਲਾ ਆਪਣੀ ਸਥਿਤੀ ਜਾਂ ਪ੍ਰਬੰਧਨ ਕਾਰਨ ਵਿੱਤੀ ਸਹਾਇਤਾ ਤੋਂ ਵਾਂਝੀ ਨਾ ਰਹੇ। ਕੈਬਨਿਟ ਮੰਤਰੀ ਨੇ ਕਿਹਾ ਕਿ 100 ਕਰੋੜ ਰੁਪਏ ਦੀ ਗ੍ਰਾਂਟ ਨਾਲ ਇਨ੍ਹਾਂ 520 ਗਊਸ਼ਾਲਾਵਾਂ ’ਚ ਰੱਖੇ ਗਏ ਲਗਪਗ 2.20 ਲੱਖ ਪਸ਼ੂਧਨ ਨੂੰ ਸਿੱਧਾ ਲਾਭ ਮਿਲੇਗਾ। ਇਹ ਸਹਾਇਤਾ ਗਊਸ਼ਾਲਾ ਪ੍ਰਬੰਧਕਾਂ ਨੂੰ ਪੌਸ਼ਟਿਕ ਚਾਰੇ, ਪਸ਼ੂਆਂ ਦੀਆਂ ਦਵਾਈਆਂ, ਇਲਾਜ ਅਤੇ ਗਊਸ਼ਾਲਾਵਾਂ ਦੀ ਦੇਖਭਾਲ ਨਾਲ ਸੰਬੰਧਿਤ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ’ਚ ਮਦਦ ਕਰੇਗੀ। ਇਹ ਪਹਿਲ ਭਗਵੰਤ ਮਾਨ ਸਰਕਾਰ ਦੀ ‘ਸਰਬੱਤ ਦੇ ਭਲੇ’ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਹਰੇਕ ਜੀਵ ਪ੍ਰਤੀ ਹਮਦਰਦੀ ਅਤੇ ਭਲਾਈ ’ਤੇ ਆਧਾਰਿਤ ਹੈ।
ਮੁੱਖ ਮੰਤਰੀ ਵਲੋਂ ਪੰਜਾਬ ਦੀਆਂ ਗਊਸ਼ਾਲਾਵਾਂ ਲਈ 100 ਕਰੋੜ ਦੀ ਗ੍ਰਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ)-ਪਸ਼ੂ ਭਲਾਈ ਤੇ ਬੇਸਹਾਰਾ ਪਸ਼ੂਧਨ ਦੀ ਸੁਚੱਜੀ ਦੇਖਭਾਲ ਯਕੀਨੀ ਬਣਾਉਣ ਲਈ ਇਤਿਹਾਸਕ ਫੈਸਲੇ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਭਰ ਦੀਆਂ 520 ਰਜਿਸਟਰਡ ਗਊਸ਼ਾਲਾਵਾਂ, ਜਿਨ੍ਹਾਂ ’ਚ 500 ਗਊਸ਼ਾਲਾਵਾਂ ਅਤੇ 20 ਸਰਕਾਰੀ ...
ਅਜੀਤ ਡੈਸਕ
28-11-2026