28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰੇਲਵੇ ਨੇ ਹਜ਼ਾਰਾਂ ਗੱਡੀਆਂ ਤੇ ਸਟੇਸ਼ਨਾਂ ਦਾ ਕੂੜਾ ਪ੍ਰਬੰਧਨ ਨਗਰ ਨਿਗਮਾਂ ਦੇ ਸਿਰ ਮੜ੍ਹਿਆ

ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ, 27 ਨਵੰਬਰ-ਭਾਰਤੀ ਰੇਲਵੇ ਵਲੋਂ ਸਫ਼ਾਈ ਤੇ ਆਧੁਨਿਕ ਕੂੜਾ ਪ੍ਰਬੰਧਨ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। 24 ਜੁਲਾਈ 2026 ਨੂੰ ਜਾਰੀ ਅੰਕੜੇ ਕਈ ਗੰਭੀਰ ਪ੍ਰਸ਼ਾਸਨਿਕ ਕਮੀਆਂ ਅਤੇ ਵਿਰੋਧਾਭਾਸਾਂ ਵੱਲ ਇਸ਼ਾਰਾ ਕਰਦੇ ਹਨ।...

ਅਜੀਤ ਡੈਸਕ 28-11-2026

ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 27 ਨਵੰਬਰ-ਭਾਰਤੀ ਰੇਲਵੇ ਵਲੋਂ ਸਫ਼ਾਈ ਤੇ ਆਧੁਨਿਕ ਕੂੜਾ ਪ੍ਰਬੰਧਨ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। 24 ਜੁਲਾਈ 2026 ਨੂੰ ਜਾਰੀ ਅੰਕੜੇ ਕਈ ਗੰਭੀਰ ਪ੍ਰਸ਼ਾਸਨਿਕ ਕਮੀਆਂ ਅਤੇ ਵਿਰੋਧਾਭਾਸਾਂ ਵੱਲ ਇਸ਼ਾਰਾ ਕਰਦੇ ਹਨ। ਜਿਥੇ ਇਕ ਪਾਸੇ ਮੰਤਰਾਲੇ ਨੇ ਬਾਇਓ-ਟਾਇਲਟਾਂ ਵਿਚ 38 ਗੁਣਾ ਵਾਧੇ ਦੀ ਪ੍ਰਾਪਤੀ ਗਿਣਾਈ ਹੈ, ਉਥੇ ਦੂਜੇ ਪਾਸੇ ਰੇਲਵੇ ਕੋਲ ਅੱਜ ਤੱਕ ਇਸ ਗੱਲ ਦਾ ਕੋਈ ਠੋਸ ਅੰਕੜਾ ਹੀ ਨਹੀਂ ਕਿ ਉਸ ਦੀਆਂ ਗੱਡੀਆਂ, ਸਟੇਸ਼ਨਾਂ ਅਤੇ ਹੋਰ ਅਦਾਰਿਆਂ ਵਿਚ ਰੋਜ਼ਾਨਾ ਕੁੱਲ ਕਿੰਨਾ ਕੂੜਾ ਪੈਦਾ ਹੁੰਦਾ ਹੈ। ਦਸਤਾਵੇਜ਼ਾਂ ਦੀ ਘੋਖ ਕਰਨ ’ਤੇ ਸਭ ਤੋਂ ਵੱਡਾ ਸਵਾਲ ਜਵਾਬ ਦੀ ਪਾਰਦਰਸ਼ਤਾ ’ਤੇ ਖੜ੍ਹਾ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਮੰਤਰਾਲੇ ਨੇ ਆਪਣੇ ਲਿਖਤੀ ਬਿਆਨ ਵਿਚ ਪਲਾਂਟਾਂ ਦੀ ਸਿਰਫ਼ ਕੌਮੀ ਪੱਧਰ ਦੀ ਕੁੱਲ ਗਿਣਤੀ ਦਿੱਤੀ ਹੈ ਅਤੇ ਜ਼ੋਨ-ਵਾਰ ਵੇਰਵਾ ਗ਼ਾਇਬ ਹੈ। ਇਸੇ ਤਰ੍ਹਾਂ ਕਿਸੇ ਵੀ ਪੱਧਰ ਦੇ ਜ਼ਿੰਮੇਵਾਰ ਅਧਿਕਾਰੀ ਦਾ ਸਪੱਸ਼ਟ ਅਹੁਦਾ ਦੱਸਣ ਦੀ ਬਜਾਏ ਸਿਰਫ਼ ਵਿਭਾਗਾਂ ਅਤੇ ਨੋਡਲ ਅਫ਼ਸਰਾਂ ਦਾ ਆਮ ਜ਼ਿਕਰ ਕਰਕੇ ਡੰਗ ਸਾਰ ਦਿੱਤਾ ਗਿਆ ਹੈ।
ਕੁੱਲ ਕੂੜਾ ਕਿੰਨਾ, ਰੇਲਵੇ ਨੂੰ ਖ਼ੁਦ ਨਹੀਂ ਪਤਾ : ਸਰਕਾਰੀ ਬਿਆਨ ਦਾ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਜੁਲਾਈ 2026 ਵਿਚ ਵੀ ਭਾਰਤੀ ਰੇਲਵੇ ਕੋਲ ਆਪਣੇ ਕੁੱਲ ਕੂੜੇ ਦੀ ਮਾਤਰਾ ਅਤੇ ਕਿਸਮ ਬਾਰੇ ਵਿਗਿਆਨਕ ਅੰਕੜਾ ਮੌਜੂਦ ਨਹੀਂ ਹੈ। ਮੰਤਰਾਲੇ ਨੇ ਖ਼ੁਦ ਮੰਨਿਆ ਹੈ ਕਿ ਰੇਲਵੇ ਦੇ ਸਾਰੇ ਅਦਾਰਿਆਂ ਅਤੇ ਗੱਡੀਆਂ ’ਚ ਪੈਦਾ ਹੋਣ ਵਾਲੇ ਮੌਜੂਦਾ ਕੂੜੇ ਦਾ ਮੁਲਾਂਕਣ ਕਰਨ ਲਈ ਹੁਣ ਇਕ ‘ਐਜ਼-ਇਜ਼ ਵੇਸਟ ਕਰੈਕਟਰਾਈਜ਼ੇਸ਼ਨ ਐਂਡ ਕੁਆਂਟੀਫਿਕੇਸ਼ਨ ਸਟੱਡੀ’ ਦੀ ਯੋਜਨਾ ਬਣਾਈ ਗਈ ਹੈ। ਮਾਹਿਰਾਂ ਅਨੁਸਾਰ ਜਦੋਂ ਤੱਕ ਕਿਸੇ ਸੰਸਥਾ ਨੂੰ ਇਹੀ ਨਹੀਂ ਪਤਾ ਕਿ ਰੋਜ਼ਾਨਾ ਕਿੰਨੇ ਟਨ ਕੂੜਾ ਪੈਦਾ ਹੋ ਰਿਹਾ ਹੈ, ਉਦੋਂ ਤੱਕ ਉਸ ਦੇ ਨਿਪਟਾਰੇ ਲਈ ਬਣਾਏ ਗਏ ਪਲਾਂਟਾਂ ਦੀ ਲੋੜ ਅਤੇ ਪ੍ਰਭਾਵਸ਼ੀਲਤਾ ਦਾ ਅੰਦਾਜ਼ਾ ਲਾਉਣਾ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੁੰਦਾ। ਮੰਤਰਾਲੇ ਵਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿਚ ਭਾਰਤੀ ਰੇਲਵੇ ਕੋਲ ਕੁੱਲ 13 ਬਾਇਓ-ਗੈਸ ਪਲਾਂਟ ਹਨ ਜਿਨ੍ਹਾਂ ਦੀ ਸਮਰੱਥਾ 5,095 ਕਿਲੋਗ੍ਰਾਮ ਪ੍ਰਤੀ ਦਿਨ ਹੈ, 171 ਕੰਪੋਸਟਿੰਗ ਪਲਾਂਟ ਹਨ ਜਿਨ੍ਹਾਂ ਦੀ ਸਮਰੱਥਾ 24,817 ਕਿਲੋਗ੍ਰਾਮ ਪ੍ਰਤੀ ਦਿਨ ਹੈ ਅਤੇ 8 ਮਟੀਰੀਅਲ ਰਿਕਵਰੀ ਫੈਸਿਲਿਟੀਜ਼  ਹਨ ਜਿਨ੍ਹਾਂ ਦੀ ਸਮਰੱਥਾ 7,725 ਕਿਲੋਗ੍ਰਾਮ ਪ੍ਰਤੀ ਦਿਨ ਹੈ। ਇਨ੍ਹਾਂ ਤਿੰਨਾਂ ਕਿਸਮਾਂ ਦੇ ਪਲਾਂਟਾਂ ਦੀ ਕੁੱਲ ਸਮਰੱਥਾ 37,637 ਕਿਲੋਗ੍ਰਾਮ ਭਾਵ ਲਗਪਗ 37.6 ਟਨ ਪ੍ਰਤੀ ਦਿਨ ਬਣਦੀ ਹੈ। ਇਸ ਤੋਂ ਇਲਾਵਾ 858 ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਇਨ੍ਹਾਂ ਦੀ ਰੋਜ਼ਾਨਾ ਪ੍ਰੋਸੈਸਿੰਗ ਸਮਰੱਥਾ ਰਿਕਾਰਡ ਵਿਚ ਦਰਜ ਨਹੀਂ ਕੀਤੀ ਗਈ। ਦੇਸ਼ ਦੇ ਹਜ਼ਾਰਾਂ ਸਟੇਸ਼ਨਾਂ ਅਤੇ ਲੱਖਾਂ ਯਾਤਰੀਆਂ ਦੇ ਮੁਕਾਬਲੇ ਸਿਰਫ਼ 13 ਬਾਇਓ-ਗੈਸ ਪਲਾਂਟ ਅਤੇ 8 ਮਟੀਰੀਅਲ ਰਿਕਵਰੀ ਕੇਂਦਰ ਹੋਣਾ ਬੁਨਿਆਦੀ ਢਾਂਚੇ ਦੀ ਵੱਡੀ ਘਾਟ ਨੂੰ ਦਰਸਾਉਂਦਾ ਹੈ।
ਨਗਰ ਨਿਗਮਾਂ ਦੇ ਮੋਢਿਆਂ ’ਤੇ ਰੇਲਵੇ ਦੇ ਕੂੜੇ ਦਾ ਬੋਝ
ਰੇਲਵੇ ਦੇ ਜਵਾਬ ਤੋਂ ਸਪੱਸ਼ਟ ਹੁੰਦਾ ਹੈ ਕਿ ਠੋਸ ਕੂੜੇ ਦੇ ਨਿਪਟਾਰੇ ਲਈ ਰੇਲਵੇ ਆਪਣੇ ਪਲਾਂਟਾਂ ਨਾਲੋਂ ਵੱਧ ਸਥਾਨਕ ਸ਼ਹਿਰੀ ਸੰਸਥਾਵਾਂ ’ਤੇ ਨਿਰਭਰ ਹੈ। ਸਟੇਸ਼ਨਾਂ ’ਤੇ ਕੂੜੇ ਨੂੰ ਵੱਖ ਕਰਨ ਲਈ ਦੋ-ਦੋ ਕੂੜੇਦਾਨ (ਟਵਿਨ ਡਸਟਬਿਨ) ਰੱਖੇ ਗਏ ਹਨ ਅਤੇ ਗੱਡੀਆਂ ਦਾ ਕੂੜਾ ਨਿਰਧਾਰਿਤ ਸਟੇਸ਼ਨਾਂ ’ਤੇ ਇਕੱਠਾ ਕਰਕੇ ਸ਼ਹਿਰੀ ਸਥਾਨਕ ਇਕਾਈਆਂ ਜਾਂ ਨਗਰ ਨਿਗਮਾਂ ਨਾਲ ਸਮਝੌਤਿਆਂ ਰਾਹੀਂ ਨਿਪਟਾਇਆ ਜਾਂਦਾ ਹੈ। ਇਸ ਪ੍ਰਬੰਧ ਨਾਲ ਪਹਿਲਾਂ ਹੀ ਕੂੜੇ ਦੇ ਪਹਾੜਾਂ ਨਾਲ ਜੂਝ ਰਹੀਆਂ ਨਗਰ ਨਿਗਮਾਂ ’ਤੇ ਵਾਧੂ ਵਿੱਤੀ ਅਤੇ ਪ੍ਰਸ਼ਾਸਨਿਕ ਬੋਝ ਪੈ ਰਿਹਾ ਹੈ।
ਸਫ਼ਾਈ ਸਕੀਮਾਂ: 1,450 ਰੇਲ ਜੋੜੀਆਂ ਅਤੇ 63 ਸਟੇਸ਼ਨਾਂ ਤੱਕ ਸੀਮਤ
ਗੱਡੀਆਂ ਅੰਦਰ ਸਫ਼ਾਈ ਬਣਾਈ ਰੱਖਣ ਲਈ ਚਲਾਈ ਜਾ ਰਹੀ ‘ਆਨ ਬੋਰਡ ਹਾਊਸਕੀਪਿੰਗ ਸਰਵਿਸ’  ਇਸ ਸਮੇਂ ਸਿਰਫ਼ 1,450 ਚੋਣਵੀਆਂ ਲੰਬੀ ਦੂਰੀ ਦੀਆਂ ਰੇਲ ਜੋੜੀਆਂ ਵਿਚ ਹੀ ਉਪਲਬਧ ਹੈ। ਇਸੇ ਤਰ੍ਹਾਂ ‘ਕਲੀਨ ਟ੍ਰੇਨ ਸਟੇਸ਼ਨ’ ਯੋਜਨਾ ਦੇਸ਼ ਭਰ ਦੇ ਸਿਰਫ਼ 63 ਸਟੇਸ਼ਨਾਂ ’ਤੇ ਲਾਗੂ ਕੀਤੀ ਗਈ ਹੈ, ਜਿਸ ਤਹਿਤ 2,800 ਗੱਡੀਆਂ ਦੇ ਠਹਿਰਾਅ ਦੌਰਾਨ ਪਖਾਨਿਆਂ, ਵਾਸ਼ਬੇਸਿਨਾਂ ਦੀ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਦਾ ਕੰਮ ਹੁੰਦਾ ਹੈ। ਇਹ ਅੰਕੜੇ ਸਵਾਲ ਖੜ੍ਹਾ ਕਰਦੇ ਹਨ ਕਿ ਬਾਕੀ ਬਚਦੀਆਂ ਹਜ਼ਾਰਾਂ ਪੈਸੰਜਰ ਅਤੇ ਐਕਸਪ੍ਰੈੱਸ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਆਮ ਯਾਤਰੀਆਂ ਲਈ ਸਫ਼ਾਈ ਦਾ ਕੀ ਪ੍ਰਬੰਧ ਹੈ। ਸਰਕਾਰੀ ਜਵਾਬ ਵਿਚ ਮਨੁੱਖੀ ਮਲ ਦੇ ਸਿੱਧੇ ਨਿਕਾਸ ਨੂੰ ਖ਼ਤਮ ਕਰਨ ਲਈ ਬਾਇਓ-ਟਾਇਲਟਾਂ ਦੇ ਅੰਕੜੇ ਪ੍ਰਮੁੱਖਤਾ ਨਾਲ ਪੇਸ਼ ਕੀਤੇ ਗਏ ਹਨ। ਰਿਕਾਰਡ ਅਨੁਸਾਰ ਸਾਲ 2004 ਤੋਂ 2014 ਦਰਮਿਆਨ ਗੱਡੀਆਂ ਵਿਚ 9,587 ਬਾਇਓ-ਟਾਇਲਟ ਲਗਾਏ ਗਏ ਸਨ, ਜਦਕਿ 2014 ਤੋਂ ਜੂਨ 2026 ਤੱਕ ਇਹ ਗਿਣਤੀ 3,63,990 (ਲਗਭਗ 38 ਗੁਣਾ) ਤੱਕ ਪਹੁੰਚ ਗਈ ਹੈ। 

ਪਿਛਲੀ ਖ਼ਬਰ ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਨੰਬਰ ਪਲੇਟ ਨਾਲ ਛੇੜਛਾੜ ਕਰਨ ’ਤੇ 5 ਗੁਣਾ ਜੁਰਮਾਨਾ ਅਗਲੀ ਖ਼ਬਰ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਾਲਜੀਅਮ ’ਤੇ ਚੁੱਕਿਆ ਸਵਾਲ-ਰਾਸ਼ਟਰਪਤੀ ਨੂੰ ਲਿਖੀ ਚਿੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।