ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਦੇ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਅਤੇ ਹਾਈ ਕੋਰਟ ’ਚ ਜੱਜਾਂ ਦੀ ਨਿਯੁਕਤੀ ਅਤੇ ਤਬਾਦਲਿਆਂ ’ਚ ਸਮਾਜਿਕ ਨੁਮਾਇੰਦਗੀ ਅਤੇ ਵੰਨ-ਸੁਵੰਨਤਾ ਦੇ ਸਿਧਾਂਤਾਂ ਨੂੰ ਅਣਗੋਲਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਚੀਫ਼ ਜਸਟਿਸ ਨੇ ਕਾਲਜੀਅਮ ਸਿਸਟਮ ਦੇ ਕੰਮਕਾਜ ’ਤੇ ਵੀ ਸਵਾਲ ਚੁੱਕੇ। ਰਾਸ਼ਟਰਪਤੀ ਨੂੰ ਸ਼ੁੱਕਰਵਾਰ ਨੂੰ ਲਿਖੀ ਚਿੱਠੀ ’ਚ ਜਸਟਿਸ ਗਵਈ ਨੇ ਲਿਖਿਆ ਕਿ ਹਾਲ ਦੇ ਘਟਨਾਕ੍ਰਮ ਤੋਂ ਇੰਝ ਮਹਿਸੂਸ ਹੁੰਦਾ ਹੈ ਕਿ ਕਾਲਜੀਅਮ ਵਿਵਸਥਾ ’ਚ ਯੋਗਤਾ ਨੂੰ ਲਾਂਭੇ ਰੱਖਦਿਆਂ ਇਕ ਵਿਸ਼ੇਸ਼ ਭਾਈਚਾਰੇ ਨੂੰ ਨਿਯੁਕਤੀਆਂ ’ਚ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੀਫ਼ ਜਸਟਿਸ ਰਹਿੰਦਿਆਂ ਕਾਲਜੀਅਮ ’ਚ ਪੱਟੀ ਦਰਜ ਜਾਤਾਂ ਅਤੇ ਕਬੀਲਿਆਂ, ਓ.ਬੀ.ਸੀ., ਘੱਟ ਗਿਣਤੀਆਂ, ਔਰਤਾਂ ਅਤੇ ਸਮਾਜ ਦੇ ਵਾਂਝੇ ਵਰਗਾਂ ਦੀ ਨੁਮਾਇੰਦਗੀ ਦਾ ਧਿਆਨ ਰੱਖਿਆ ਜਾਂਦਾ ਸੀ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2018 ਤੋਂ ਹੁਣ ਤੱਕ ਹਾਈ ਕੋਰਟਾਂ ’ਚ 715 ਜੱਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚੋਂ ਸਿਰਫ 22 ਐਸ.ਸੀ., 16 ਐਸ.ਟੀ., 89 ਓ.ਬੀ.ਸੀ. ਅਤੇ 37 ਘੱਟ ਗਿਣਤੀ ਭਾਈਚਾਰੇ ਤੋਂ ਹਨ। ਤਕਰੀਬਨ 75 ਫ਼ੀਸਦੀ ਜੱਜ ਆਮ ਵਰਗ ਤੋਂ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਨਵਰੀ 2021 ਤੋਂ ਜਨਵਰੀ 2026 ਦਰਮਿਆਨ ਹਾਈ ਕੋਰਟ ’ਚ ਹੋਈਆਂ ਨਿਯੁਕਤੀਆਂ ’ਚ ਆਮ ਵਰਗ ਦੀ ਹਿੱਸੇਦਾਰੀ 80 ਫ਼ੀਸਦੀ ਸੀ, ਜਦਕਿ ਦੇਸ਼ ਦੀ ਆਬਾਦੀ ’ਚ 40 ਤੋਂ 50 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਓ.ਬੀ.ਸੀ. ਭਾਈਚਾਰੇ ਨੂੰ 14 ਫ਼ੀਸਦੀ ਤੋਂ ਵੀ ਘੱਟ ਅਹੁਦੇ ਮਿਲੇ। ਸਾਬਕਾ ਚੀਫ਼ ਜਸਟਿਸ ਨੇ ਲਿਖਿਆ ਕਿ ਸੰਵਿਧਾਨ ਦੇ ਮੁਤਾਬਿਕ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦੇ ਹਨ ਪਰ ਨਾਵਾਂ ਦੀ ਸਿਫ਼ਾਰਿਸ਼ ’ਚ ਜੱਜਾਂ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਕਮੇਟੀ ਭਾਵ ਕਾਲਜੀਅਮ ’ਤੇ ਕੰਮਕਾਜ ਦੀ ਜਵਾਬਦੇਹੀ ਤੈਅ ਨਹੀਂ ਹੈ।
ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਾਲਜੀਅਮ ’ਤੇ ਚੁੱਕਿਆ ਸਵਾਲ-ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਦੇ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਅਤੇ ਹਾਈ ਕੋਰਟ ’ਚ ਜੱਜਾਂ ਦੀ ਨਿਯੁਕਤੀ ਅਤੇ ਤਬਾਦਲਿਆਂ ’ਚ ਸਮਾਜਿਕ ਨੁਮਾਇੰਦਗੀ ਅਤੇ ਵੰਨ-ਸੁਵੰਨਤਾ ਦੇ ਸਿਧਾਂਤਾਂ ਨੂੰ ਅਣਗੋਲਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਚੀਫ਼ ਜਸਟਿਸ ਨੇ ਕਾਲਜੀਅਮ ਸਿਸਟਮ ਦੇ ਕੰਮਕਾਜ ’ਤੇ ਵੀ ਸਵਾਲ ਚੁੱਕੇ। ਰਾਸ਼ਟਰਪਤੀ ਨੂੰ ਸ਼ੁੱਕਰਵਾਰ ਨੂੰ ਲਿਖੀ ਚਿੱਠੀ ’ਚ ਜਸਟਿਸ ਗਵਈ ਨੇ ਲਿਖਿਆ ਕਿ ਹਾਲ ਦੇ ਘਟਨਾਕ੍ਰਮ...
ਅਜੀਤ ਡੈਸਕ
28-11-2026