22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਬਾਸਮਤੀ ਦਾ ਪਿਛਲੇ ਸਾਲ ਨਾਲੋਂ 2,000 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਮਿਲ ਰਿਹਾ ਭਾਅ

ਮੂਣਕ, 22 ਨਵੰਬਰ (ਕੇਵਲ ਸਿੰਗਲਾ)-ਇਸ ਵਾਰ ਬਾਸਮਤੀ ਝੋਨੇ ਦੀ ਫ਼ਸਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਤੋਂ ਵੀ ਵਧ ਕੇ ਰੰਗ ਦਿਖਾਇਆ ਹੈ। ਬਾਸਮਤੀ ਦੇ ਵਧੀਆ ਝਾੜ ਅਤੇ ਮੰਡੀਆਂ ਵਿਚ ਮਿਲ ਰਹੇ ਉੱਚੇ ਭਾਅ ਨੇ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਬੰਪਰ ਪੈਦਾਵਾਰ ਹੋਣ ਦੇ ਬਾਵਜੂਦ ਇਸ ਵਾਰ ਬਾਸਮਤੀ ਦੇ ਭਾਅ ਹੇਠਾਂ ਆਉਣ ਦੀ ਬਜਾਏ ਪਿਛਲੇ ਸਾਲ ਨਾਲੋਂ ਕਾਫ਼ੀ ਉੱਪਰ ਰਹੇ ਹਨ। ਦੀਵਾਲੀ ਤੋਂ ਬਾਅਦ ਮੰਡੀਆਂ ਵਿਚ ਬਾਸਮਤੀ ਝੋਨੇ ਦੀ ਆਮਦ ਘਟਣ ਕਾਰਨ...

ਅਜੀਤ ਡੈਸਕ 23-11-2026

ਮੂਣਕ, 22 ਨਵੰਬਰ (ਕੇਵਲ ਸਿੰਗਲਾ)-ਇਸ ਵਾਰ ਬਾਸਮਤੀ ਝੋਨੇ ਦੀ ਫ਼ਸਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਤੋਂ ਵੀ ਵਧ ਕੇ ਰੰਗ ਦਿਖਾਇਆ ਹੈ। ਬਾਸਮਤੀ ਦੇ ਵਧੀਆ ਝਾੜ ਅਤੇ ਮੰਡੀਆਂ ਵਿਚ ਮਿਲ ਰਹੇ ਉੱਚੇ ਭਾਅ ਨੇ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਬੰਪਰ ਪੈਦਾਵਾਰ ਹੋਣ ਦੇ ਬਾਵਜੂਦ ਇਸ ਵਾਰ ਬਾਸਮਤੀ ਦੇ ਭਾਅ ਹੇਠਾਂ ਆਉਣ ਦੀ ਬਜਾਏ ਪਿਛਲੇ ਸਾਲ ਨਾਲੋਂ ਕਾਫ਼ੀ ਉੱਪਰ ਰਹੇ ਹਨ। ਦੀਵਾਲੀ ਤੋਂ ਬਾਅਦ ਮੰਡੀਆਂ ਵਿਚ ਬਾਸਮਤੀ ਝੋਨੇ ਦੀ ਆਮਦ ਘਟਣ ਕਾਰਨ ਕੀਮਤਾਂ ਵਿਚ ਹੋਰ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਬਾਸਮਤੀ ਦੀਆਂ ਜ਼ਿਆਦਾਤਰ ਕਿਸਮਾਂ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਹੋ ਚੁੱਕੇ ਹਨ, ਜਦਕਿ ਪ੍ਰਮੁੱਖ ਕਿਸਮ 1121 ਦਾ ਭਾਅ 6,000 ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕਿਸਾਨ ਆਪਣੀ ਫ਼ਸਲ ਦਾ ਲਗਭਗ 80 ਫ਼ੀਸਦੀ ਹਿੱਸਾ ਵੇਚ ਚੁੱਕੇ ਹਨ ਅਤੇ ਬਾਕੀ ਫ਼ਸਲ ਦੇ ਭਾਅ ਵਿਚ ਹੋਰ ਵਾਧੇ ਦੀ ਉਮੀਦ ਲਾਈ ਬੈਠੇ ਹਨ। ਇਸ ਵਾਰ ਬਾਸਮਤੀ ਦੇ ਭਾਅ ਵਿਚ ਪਿਛਲੇ ਸਾਲ ਦੇ ਮੁਕਾਬਲੇ 2,000 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਕਤੂਬਰ ਦੌਰਾਨ ਪੂਸਾ ਬਾਸਮਤੀ 1509 ਦਾ ਭਾਅ 4,200 ਤੋਂ 4,500 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਸੀ, ਜਦਕਿ ਪਿਛਲੇ ਸਾਲ ਇਹ ਲਗਭਗ 2,800 ਰੁਪਏ ਸੀ। ਇਸੇ ਤਰ੍ਹਾਂ 1121 ਕਿਸਮ ਦਾ ਭਾਅ ਵੀ ਪਿਛਲੇ ਸਾਲ ਦੇ 3,400 ਤੋਂ 3,500 ਰੁਪਏ ਦੇ ਮੁਕਾਬਲੇ ਵਧ ਕੇ 5200 ਰੁਪਏ ਦੇ ਨੇੜੇ ਪਹੁੰਚ ਗਿਆ ਸੀ ਅਤੇ ਹੁਣ ਮੰਡੀਆਂ ਵਿਚ ਆਮਦ ਘਟਣ ਅਤੇ ਖਰੀਦਦਾਰਾਂ ਦੀ ਮੰਗ ਬਰਕਰਾਰ ਰਹਿਣ ਕਾਰਨ ਭਾਅ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਵਧੇ ਝਾੜ ਨੇ ਕਿਸਾਨਾਂ ਨੂੰ ਦਿੱਤਾ ਦੋਹਰਾ ਲਾਭ
ਇਸ ਵਾਰ ਕਿਸਾਨਾਂ ਲਈ ਸਿਰਫ਼ ਉੱਚੇ ਭਾਅ ਹੀ ਖੁਸ਼ੀ ਦਾ ਕਾਰਨ ਨਹੀਂ ਬਣੇ, ਸਗੋਂ ਬਾਸਮਤੀ ਦਾ ਝਾੜ ਵੀ ਪਿਛਲੇ ਸਾਲ ਨਾਲੋਂ ਕਾਫ਼ੀ ਵਧੀਆ ਰਿਹਾ ਹੈ। ਕਈ ਖੇਤਰਾਂ ਵਿਚ ਝਾੜ 23 ਤੋਂ 25 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚਣ ਦੀ ਜਾਣਕਾਰੀ ਹੈ, ਜਦਕਿ ਪਿਛਲੇ ਸਾਲ ਕਈ ਇਲਾਕਿਆਂ ਵਿੱਚ ਇਹ 16 ਤੋਂ 18 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਸੀ। ਪਿਛਲੇ ਸਾਲ ਹੜ੍ਹਾਂ ਅਤੇ ਮੌਸਮੀ ਸਮੱਸਿਆਵਾਂ ਕਾਰਨ ਫ਼ਸਲ ਪ੍ਰਭਾਵਿਤ ਹੋਈ ਸੀ, ਜਦਕਿ ਇਸ ਵਾਰ ਮੌਸਮ ਅਨੁਕੂਲ ਰਹਿਣ ਅਤੇ ਫ਼ਸਲ ਦੀ ਬਿਹਤਰ ਸੰਭਾਲ ਨਾਲ ਝਾੜ ਵਿੱਚ ਸੁਧਾਰ ਹੋਇਆ ਹੈ। ਇਸ ਤਰ੍ਹਾਂ ਵਧੇਰੇ ਪੈਦਾਵਾਰ ਅਤੇ ਉੱਚੇ ਭਾਅ ਨੇ ਕਿਸਾਨਾਂ ਨੂੰ ਦੋਹਰਾ ਆਰਥਿਕ ਲਾਭ ਪਹੁੰਚਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੇ ਭਾਅ ਦਾ ਰੁਖ਼ ਮੰਡੀਆਂ ’ਚ ਆਮਦ, ਬਰਾਮਦਕਾਰਾਂ ਦੀ ਖਰੀਦ ਅਤੇ ਕੌਮਾਂਤਰੀ ਮੰਗ ’ਤੇ ਨਿਰਭਰ ਕਰੇਗਾ।

ਪਿਛਲੀ ਖ਼ਬਰ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਜਾਂ 30 ਫ਼ੀਸਦੀ ਤੱਕ ਡਿਊਟੀ ਲਾਉਣ ਦੀ ਤਿਆਰੀ ਅਗਲੀ ਖ਼ਬਰ ਐਸ.ਸੀ.ਓ. ਵਲੋਂ ਹਰ ਸੱਭਿਅਤਾ ਦੇ ਸਨਮਾਨ ਤੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।