ਢਾਈ ਲੱਖ ਡਾਲਰ ਦਾ ਇਨਾਮ
ਟੋਰਾਂਟੋ, 20 ਨਵੰਬਰ (ਸਤਪਾਲ ਸਿੰਘ ਜੌਹਲ)-ਪੰਜਾਬ ਦੇ ਨਾਮੀ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਕੈਨੇਡਾ ’ਚ ਅਧਿਕਾਰਤ ਤੌਰ ’ਤੇ 2,50,000 ਡਾਲਰ (1.62 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੇਸ਼ ’ਚ 25 ਅਤਿ ਲੋੜੀਂਦੇ ਭਗੌੜਿਆਂ ਦੀ ਸੂਚੀ ’ਚ ਨਾਂਅ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ’ਚ ਸਤਿੰਦਰਜੀਤ ਸਿੰਘ (ਗੋਲਡੀ) ਦਾ ਨਾਂਅ ਚੋਟੀ ’ਤੇ ਹੈ ਅਤੇ ਉਸ ਸੂਚੀ ’ਚ ਕੁੱਲ 3 ਪੰਜਾਬੀਆਂ ਦੇ ਨਾਂਅ ਸ਼ਾਮਿਲ ਹਨ। ਗੋਲਡੀ ਦੀ ਪੁਲਿਸ ਨੂੰ ਭਾਲ ਹੈ ਕਿਉਂਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਵਿਨੀਪੈਗ ਵਿਖੇ 20 ਸਤੰਬਰ, 2023 ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸੁਖਦੂਲ ਸਿੰਘ ਗਿੱਲ (ਦੋਨੇਕੇ) ਦੇ ਮਾਮਲੇ ’ਚ ਉਸ ਦੀ ਸ਼ਮੂਲੀਅਤ ਸੀ। ਇਸ ਮਾਮਲੇ ’ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਵਿਨੀਪੈਗ ਪੁਲਿਸ ਨੇ ਗੋਲਡੀ ਅਤੇ ਕਰਨਬੀਰ ਸਿੰਘ ਖ਼ਿਲਾਫ਼ ਕਤਲ ਕਰਨ ਅਤੇ ਕਤਲ ਦੀ ਸਾਜਿਸ਼ ਦੇ ਦੋਸ਼ਾਂ ਤਹਿਤ ਵਾਰੰਟ ਜਾਰੀ ਕੀਤੇ ਹੋਏ ਹਨ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਸ਼ੱਕੀ ਹਥਿਆਰਬੰਦ ਹੋ ਸਕਦੇ ਹਨ ਅਤੇ ਖ਼ਤਰਨਾਕ ਹਨ। ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਇਹ ਵੀ ਕਿ ਗੋਲਡੀ ਬਰਾੜ ਦਾ ਨਾਂਅ ਅਮਰੀਕਾ ’ਚ ਐਫ.ਬੀ.ਆਈ. ਦੀ ਅਤਿ ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਵੀ ਸ਼ਾਮਿਲ ਹੈ। ਕੈਨੇਡਾ ਭਰ ’ਚ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ‘ਬੋਲੋ’ ਪ੍ਰੋਗਰਾਮ ਹੇਠ ਬੀਤੇ ਕੱਲ੍ਹ ਜਾਰੀ ਕੀਤੀ ਗਈ ਅਤਿ ਲੋੜੀਂਦੇ ਭਗੌੜਿਆਂ ਦੀ ਸੂਚੀ ’ਚ ਮਨਪ੍ਰੀਤ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ। ਪੀਲ ਪੁਲਿਸ ਅਨੁਸਾਰ 19 ਅਗਸਤ, 2025 ਨੂੰ ਬਰੈਂਪਟਨ ਵਿਖੇ ਹਥਿਆਰਬੰਦ ਮਨਪ੍ਰੀਤ ਆਪਣੇ ਇਕ ਸਾਥੀ ਨਾਲ਼ ਇਕ ਘਰ ’ਚ ਦਾਖ਼ਲ ਹੋਇਆ ਅਤੇ ਗੋਲੀਆਂ ਚਲਾਈਆਂ ਸਨ। ਉਸ ਵਾਰਦਾਤ ’ਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਜ਼ਖ਼ਮੀ ਹੋ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਤੋਂ ਇਕਦਮ ਬਾਅਦ ਮਨਪ੍ਰੀਤ ਦੇਸ਼ ਛੱਡ ਗਿਆ ਹੋ ਸਕਦਾ ਹੈ ਅਤੇ ਉਸ ਦੇ ਸੰਪਰਕ ਕੈਨੇਡਾ ਅਤੇ ਅਮਰੀਕਾ ’ਚ ਹੋ ਸਕਦੇ ਹਨ। ਡੈਲਟਾ (ਬੀ.ਸੀ.) ਪੁਲਿਸ ਦੇ ਹਵਾਲੇ ਨਾਲ ਗੁਰਕੀਰਤ ਸਿੰਘ ਦਾ ਨਾਂਅ ਵੀ ਸੂਚੀ ’ਚ ਹੈ ਜਿਸ ਦੀ 16 ਸਾਲ ਤੋਂ ਘੱਟ ਉਮਰ ਦੀ ਲੜਕੀ ਉੱਪਰ ਜਿਣਸੀ ਹਮਲਾ ਕਰਨ ਦਾ ਦੋਸ਼ ਹੈ। ਸੂਚੀ ’ਚ 8 ਮੁਲਜ਼ਮ ਅਜਿਹੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੁੱਲ ਇਨਾਮ ਦੀ ਰਕਮ ਸਾਢੇ 6 ਲੱਖ ਡਾਲਰ ਹੈ।