![]()
ਮਨੀਲਾ, 17 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਦਾ ਦੌਰਾ ਕੀਤਾ ਅਤੇ ਇਸ ਦੀ ਮੁੜ ਉਸਾਰੀ ਲਈ ਨੀਂਹ ਪੱਥਰ ਰੱਖਿਆ। ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ’ਤੇ ਗਏ ਮੋਦੀ ਨੇ ਕਿਹਾ ਕਿ ਮਨੀਲਾ ’ਚ ਸਥਿਤ ਇਕ ਸਦੀ ਤੋਂ ਵੀ ਵੱਧ ਪੁਰਾਣੇ ‘ਗੁਰਦੁਆਰਾ ਖ਼ਾਲਸਾ ਦੀਵਾਨ’ ਦੇ ਦਰਸ਼ਨ ਕਰਕੇ ਉਹ ਬਹੁਤ ਭਾਗਸ਼ਾਲੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕਈ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ’ਚ ਸੈਨੇਟਰ ਫਰਾਂਸਿਸ ਜੋਸੇਫ ਐਸਕੁਡੇਰੋ ਅਤੇ ਮਨੀਲਾ ਸ਼ਹਿਰ ਦੇ ਮੇਅਰ ਫਰਾਂਸਿਸਕੋ ਇਸਕੋ ਮੋਰੇਨੋ ਸ਼ਾਮਿਲ ਸਨ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਗੁਰਦੁਆਰਾ ਖ਼ਾਲਸਾ ਦੀਵਾਨ ਇਕ ਸਦੀ ਤੋਂ ਵੱਧ ਸਮੇਂ ਤੋਂ ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਜੀਵੰਤ ਸੱਭਿਆਚਾਰਕ ਅਤੇ ਲੋਕਾਂ ਦੇ ਲੋਕਾਂ ਵਿਚਕਾਰ ਸੰਬੰਧਾਂ ਦੇ ਪ੍ਰਤੀਕ ਵਜੋਂ ਖੜ੍ਹਾ ਹੈ। ਸੋਮਵਾਰ ਨੂੰ, ਮੋਦੀ ਨੇ ਕਿਹਾ ਕਿ ਇਹ ਗੁਰਦੁਆਰਾ ਬਹੁਤ ਅਧਿਆਤਮਿਕ ਮਹੱਤਵ ਰੱਖਣ ਵਾਲਾ ਕੇਂਦਰ ਹੈ। ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ; ਉਹ ਦੂਜਿਆਂ ਦੀ ਸੇਵਾ ਕਰਨ ਅਤੇ ਇਕ ਬਿਹਤਰ ਦੁਨੀਆ ਬਣਾਉਣ ’ਚ ਸਭ ਤੋਂ ਅੱਗੇ ਰਹੇ ਹਨ। ਵਿਦੇਸ਼ ਮੰਤਰਾਲੇ ਅਨੁਸਾਰ ਇਹ ਗੁਰਦੁਆਰਾ ਮੂਲ ਰੂਪ ’ਚ 1901 ’ਚ ਸਥਾਪਿਤ ਕੀਤਾ ਗਿਆ ਸੀ ਅਤੇ 1903 ’ਚ ਰਸਮੀ ਤੌਰ ’ਤੇ ਸੰਗਠਿਤ ਕੀਤਾ ਗਿਆ ਸੀ। ਇਸਨੂੰ 1924 ’ਚ ਖ਼ਾਲਸਾ ਦੀਵਾਨ ਵਜੋਂ ਰਜਿਸਟਰ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਗੁਰਦੁਆਰਾ ਖ਼ਾਲਸਾ ਦੀਵਾਨ ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣਾ ਗੁਰਦੁਆਰਾ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਹੈ। ਇਹ ਮਨੀਲਾ ’ਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਲਈ ਆਪਣੀਆਂ ਅਧਿਆਤਮਿਕ, ਸੱਭਿਆਚਾਰਕ ਅਤੇ ਲੋਕ-ਭਲਾਈ ਗਤੀਵਿਧੀਆਂ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹਿੰਦਾ ਹੈ। ਮੋਦੀ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ ’ਚ ਹਿੱਸਾ ਲੈਣ ਲਈ ਸੋਮਵਾਰ ਨੂੰ ਫਿਲੀਪੀਨਜ਼ ਪਹੁੰਚੇ ਸਨ। ਸਿੱਖ ਭਾਈਚਾਰੇ ਨੇ ਇਸ ਪੰਜ ਮੰਜ਼ਿਲਾ ਇਮਾਰਤ ਨੂੰ ਦੋ ਸਾਲਾਂ ਦੇ ਅੰਦਰ-ਅੰਦਰ, ਯਾਨੀ 2029 ’ਚ ਹੋਣ ਵਾਲੇ ਇਸ ਦੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ, ਮੁਕੰਮਲ ਕਰਨ ਦੀ ਯੋਜਨਾ ਬਣਾਈ ਹੈ। ਗੁਰਦੁਆਰੇ ਦੇ ਗ੍ਰੰਥੀ ਬਾਬਾ ਮਨਮੋਹਨ ਸਿੰਘ ਨੇ ਸਿੱਖ ਧਾਰਮਿਕ ਪਰੰਪਰਾਵਾਂ ਬਾਰੇ ਮੋਦੀ ਦੀ ਸਮਝ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸਮਾਗਮ ’ਚ ਉਨ੍ਹਾਂ ਦੀ ਸ਼ਮੂਲੀਅਤ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਮੌਕਾ ਸੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕ ਬਹੁਤ ਹੀ ਧਾਰਮਿਕ ਵਿਅਕਤੀ ਹਨ। ਉਨ੍ਹਾਂ ਨੂੰ ਸਿੱਖ ਧਰਮ ਬਾਰੇ ਵਿਸ਼ੇਸ਼ ਜਾਣਕਾਰੀ ਹੈ। ਉਹ ਗੁਰਦੁਆਰਿਆਂ ਨਾਲ ਸੰਬੰਧਿਤ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਿੱਖ ਭਾਈਚਾਰੇ ਲਈ ਉਨ੍ਹਾਂ ਦੇ ਦਿਲ ’ਚ ਡੂੰਘਾ ਤੇ ਸੱਚਾ ਪਿਆਰ ਹੈ। ਗ੍ਰੰਥੀ ਨੇ ਦੱਸਿਆ ਕਿ ਉਸਾਰੀ ਦਾ ਕੰਮ ਦੋ ਸਾਲਾਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।
![]()
ਉਨ੍ਹਾਂ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਯੋਜਨਾ ਇਹ ਹੈ ਕਿ 2029 ’ਚ ਆਉਣ ਵਾਲੀ ਸ਼ਤਾਬਦੀ ਤੱਕ ਦੋ ਸਾਲਾਂ ਦੇ ਅੰਦਰ-ਅੰਦਰ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇ। ਪ੍ਰਾਜੈਕਟ ਦੇ ਵੇਰਵਿਆਂ ਅਨੁਸਾਰ, ਇਸ ਮੁੜ-ਵਿਕਾਸ ਪ੍ਰਾਜੈਕਟ ’ਤੇ ਲਗਭਗ 305 ਮਿਲੀਅਨ ਫਿਲੀਪੀਨ ਪੇਸੋ (ਲਗਭਗ 5 ਮਿਲੀਅਨ ਅਮਰੀਕੀ ਡਾਲਰ) ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ’ਚ ਪੰਜ ਮੰਜ਼ਿਲਾ ਕੰਪਲੈਕਸ ਬਣਾਉਣ ਦੀ ਯੋਜਨਾ ਹੈ, ਜਿਸ ’ਚ ਧਾਰਮਿਕ ਇਕੱਠਾਂ, ਸਮਾਜਿਕ ਗਤੀਵਿਧੀਆਂ, ਲੰਗਰ ਹਾਲ ਅਤੇ ਪਾਰਕਿੰਗ ਵਰਗੀਆਂ ਸਹੂਲਤਾਂ ਸ਼ਾਮਿਲ ਹੋਣਗੀਆਂ। ਇਹ ਗੁਰਦੁਆਰਾ ਫਿਲੀਪੀਨਜ਼ ’ਚ ਸਭ ਤੋਂ ਪੁਰਾਣੇ ਸਿੱਖ ਧਾਰਮਿਕ ਅਦਾਰਿਆਂ ’ਚੋਂ ਇਕ ਹੈ।