02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

3 ਸਾਲਾਂ ’ਚ ਸ਼ੁਰੂ ਹੋ ਸਕਦਾ ਹੈ ਤੀਜਾ ਵਿਸ਼ਵ ਯੁੱਧ * 18 ਵੱਡੇ ਦੇਸ਼ਾਂ ਵਲੋਂ ਰਾਸ਼ਨ ਜਮ੍ਹਾਂ ਕਰਨ ਦੇ ਹੁਕਮ * ਅਮਰੀਕੀ ਫ਼ੌਜ ਦੀ 90 ਦਿਨ ਬਿਨਾਂ ਬਿਜਲੀ ਤੇ ਇੰਟਰਨੈੱਟ ਲੜਨ ਦੀ ਤਿਆਰੀ

ਹਰਜਿੰਦਰ ਸਿੰਘ ਲਾਲ ਖੰਨਾ, 1 ਨਵੰਬਰ-ਦੁਨੀਆ ਭਰ ’ਚ ਤਿੰਨ ਸਾਲਾਂ ’ਚ ਬਹੁਤ ਹੀ ਭਿਆਨਕ ਵਿਸ਼ਵ ਯੁੱਧ (ਤੀਸਰਾ ਵਿਸ਼ਵ ਯੁੱਧ) ਛਿੜਨ ਦੀਆਂ ਚਿਤਾਵਨੀਆਂ ਸਾਹਮਣੇ ਆਈਆਂ ਹਨ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਨੇ ਪਰਦੇ ਪਿੱਛੇ ‘ਡੂਮਸਡੇਅ’ (ਕਿਆਮਤ) ਦੀਆਂ ਤਿਆਰੀਆਂ ਸਿਖਰ ’ਤੇ ਪਹੁੰਚਾ ਦਿੱਤੀਆਂ ਹਨ। ਹਾਲ ਹੀ ’ਚ ਬਰਤਾਨੀਆ ਦੇ ਰੱਖਿਆ ਮੰਤਰੀ ਵੈਸ ਸਟਰੀਟਿੰਗ ਨੇ ਇਕ ਚਿਤਾਵਨੀ ਦਿੱਤੀ ਸੀ ਕਿ ਅਗਲੇ ਕਰੀਬ 3 ਸਾਲਾਂ (1000 ਦਿਨਾਂ) ’ਚ ਦੁਸ਼ਮਣ ...

ਅਜੀਤ ਡੈਸਕ 02-11-2026

ਹਰਜਿੰਦਰ ਸਿੰਘ ਲਾਲ
ਖੰਨਾ, 1 ਨਵੰਬਰ-ਦੁਨੀਆ ਭਰ ’ਚ ਤਿੰਨ ਸਾਲਾਂ ’ਚ ਬਹੁਤ ਹੀ ਭਿਆਨਕ ਵਿਸ਼ਵ ਯੁੱਧ (ਤੀਸਰਾ ਵਿਸ਼ਵ ਯੁੱਧ) ਛਿੜਨ ਦੀਆਂ ਚਿਤਾਵਨੀਆਂ ਸਾਹਮਣੇ ਆਈਆਂ ਹਨ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਨੇ ਪਰਦੇ ਪਿੱਛੇ ‘ਡੂਮਸਡੇਅ’ (ਕਿਆਮਤ) ਦੀਆਂ ਤਿਆਰੀਆਂ ਸਿਖਰ ’ਤੇ ਪਹੁੰਚਾ ਦਿੱਤੀਆਂ ਹਨ। ਹਾਲ ਹੀ ’ਚ ਬਰਤਾਨੀਆ ਦੇ ਰੱਖਿਆ ਮੰਤਰੀ ਵੈਸ ਸਟਰੀਟਿੰਗ ਨੇ ਇਕ ਚਿਤਾਵਨੀ ਦਿੱਤੀ ਸੀ ਕਿ ਅਗਲੇ ਕਰੀਬ 3 ਸਾਲਾਂ (1000 ਦਿਨਾਂ) ’ਚ ਦੁਸ਼ਮਣ ਦੇਸ਼ (ਚੀਨ-ਰੂਸ-ਈਰਾਨ ਆਦਿ ਸ਼ਕਤੀਆਂ) ਬਰਤਾਨੀਆ ’ਤੇ ਹਮਲਾ ਕਰਨ ਦੀ ਸਥਿਤੀ ’ਚ ਆ ਸਕਦੀਆਂ ਹਨ। ਉਨ੍ਹਾਂ ਦੀ ਫੌਜੀ ਤਾਕਤ ਤੇ ਯੁੱਧ ਅਰਥਵਿਵਸਥਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਸ ਡੈੱਡਲਾਈਨ ਤੋਂ ਬਾਅਦ ਦੁਨੀਆਂ ਦੇ 18 ਦੇਸ਼ਾਂ ਨੇ ਅਧਿਕਾਰਤ ਤੌਰ ’ਤੇ ਆਪਣੇ ਨਾਗਰਿਕਾਂ ਨੂੰ ਬਿਜਲੀ ਤੇ ਇੰਟਰਨੈੱਟ ਤੋਂ ਬਿਨਾਂ ਜਿਊਣ ਲਈ ਤੇ ਐਮਰਜੈਂਸੀ ਲਈ 3 ਤੋਂ 7 ਦਿਨਾਂ ਦਾ ਰਾਸ਼ਨ ਇਕੱਠਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਅਚਾਨਕ ਜੰਗ ਲੱਗਣ ’ਤੇ ਉਨ੍ਹਾਂ ਤੱਕ ਮਦਦ ਪਹੁੰਚਾਉਣ ਲਈ ਸਮਾਂ ਮਿਲ ਸਕੇ। ਦੂਜੇ ਪਾਸੇ ਅਮਰੀਕਾ, ਰੂਸ ਤੇ ਚੀਨ ਦੀਆਂ ਖ਼ਤਰਨਾਕ ਫ਼ੌਜੀ ਹਰਕਤਾਂ ਤੇ ਭਾਰਤੀ ਉਪ ਮਹਾਂਦੀਪ ’ਚ ਵਧ ਰਹੇ ਤਣਾਅ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਗਾਮੀ ਯੁੱਧ ਸਿਰਫ਼ ਯੂਰਪ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਦੀ ਲਪੇਟ ’ਚ ਭਾਰਤ, ਪਾਕਿਸਤਾਨ ਤੇ ਚੀਨ ਵੀ ਆ ਸਕਦੇ ਹਨ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ ਨਾਟੋ ਤੇ ਏਸ਼ੀਆ-ਪੈਸੀਫਿਕ ਖੇਤਰ ਦੇ 18 ਪ੍ਰਮੁੱਖ ਦੇਸ਼ਾਂ ਨੇ ਸਾਈਬਰ ਹਮਲਿਆਂ, ਸਪਲਾਈ ਚੇਨ ਟੁੱਟਣ ਤੇ ਸੰਭਾਵਿਤ ਜੰਗ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ 3 ਤੋਂ 7 ਦਿਨਾਂ ਦਾ ਸੁੱਕਾ ਰਾਸ਼ਨ, ਪਾਣੀ, ਦਵਾਈਆਂ, ਨਕਦੀ, ਪਾਵਰ ਬੈਂਕ ਤੇ ਹੋਰ ਸਮਾਨ ਘਰਾਂ ’ਚ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਇਨ੍ਹਾਂ ਦੇਸ਼ਾਂ ’ਚ ਬਰਤਾਨੀਆ, ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ, ਜਰਮਨੀ, ਫਰਾਂਸ, ਪੋਲੈਂਡ, ਲਿਥੂਆਨੀਆ, ਲਾਤਵੀਆ, ਐਸਟੋਨੀਆ, ਬੈਲਜੀਅਮ, ਨੀਦਰਲੈਂਡ ਤੇ ਰੋਮਾਨੀਆ, ਅਮਰੀਕਾ, ਕੈਨੇਡਾ, ਜਾਪਾਨ ਤੇ ਆਸਟ੍ਰੇਲੀਆ ਆਦਿ ਸ਼ਾਮਿਲ ਹਨ।

ਅਮਰੀਕਾ ਦੇ 90 ਦਿਨਾਂ ਦੇ ‘ਫੋਰਟਰੈਸ ਪਲਾਨ’ ਨੇ ਮਚਾਈ ਹਲਚਲ
ਸਭ ਤੋਂ ਵੱਡੀ ਫ਼ੌਜੀ ਹਲਚਲ ਅਮਰੀਕੀ ਰੱਖਿਆ ਮੰਤਰਾਲੇ ਵਲੋਂ ਫੋਰਟਰੈਸ ਨਾਮਕ ਪਲਾਨ ਨਾਲ ਫੈਲੀ ਹੈ। ਅਮਰੀਕਾ ਨੇ ਸਾਰੇ ਮੁੱਖ ਫ਼ੌਜੀ ਬੇਸਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਬਾਹਰੀ ਦੁਨੀਆ, ਸਿਵਲੀਅਨ ਬਿਜਲੀ ਗਰਿੱਡ ਤੇ ਇੰਟਰਨੈੱਟ ਤੋਂ ਕੱਟੇ ਜਾਣ ਦੇ ਬਾਵਜੂਦ ਵੀ ਘੱਟੋ-ਘੱਟ 90 ਦਿਨਾਂ ਤੱਕ ਲਗਾਤਾਰ ਯੁੱਧ ਲੜਨ ਲਈ ਤਿਆਰ ਰਹਿਣ। ਦੁਸ਼ਮਣ ਦੇ ਸਾਈਬਰ ਹਮਲਿਆਂ ਤੋਂ ਬਚਣ ਲਈ ਇਨ੍ਹਾਂ ਬੇਸਾਂ ’ਤੇ ਪੋਰਟੇਬਲ ਪ੍ਰਮਾਣੂ ਰਿਐਕਟਰ ਲਗਾਏ ਜਾ ਰਹੇ ਹਨ ਤੇ 3 ਮਹੀਨਿਆਂ ਲਈ ਹਥਿਆਰ, ਤੇਲ ਤੇ ਮੈਡੀਕਲ ਸਪਲਾਈ ਦਾ ਸਟਾਕ ਵੀ ਜਮ੍ਹਾ ਕਰ ਲਿਆ ਗਿਆ ਹੈ।

ਰੂਸ, ਚੀਨ, ਈਰਾਨ ਤੇ ਉੱਤਰੀ ਕੋਰੀਆ ਦਾ ‘ਮਹਾਂਗੱਠਜੋੜ’, ਪੁਲਾੜ ਤੋਂ ਸਮੁੰਦਰ ਤੱਕ ਘੇਰਾਬੰਦੀ
ਪੱਛਮੀ ਦੇਸ਼ਾਂ ਦੇ ਇਸ ਡਰ ਪਿੱਛੇ ਰੂਸ ਤੇ ਚੀਨ ਦੀਆਂ ਖ਼ੌਫ਼ਨਾਕ ਤਿਆਰੀਆਂ ਹਨ। ਰੂਸ ਨੇ ਆਪਣੀ ਪੂਰੀ ਆਰਥਿਕਤਾ ਨੂੰ ‘ਵਾਰ ਇਕਾਨਮੀ’ ’ਚ ਬਦਲ ਦਿੱਤਾ ਹੈ। ਰੂਸ ਦੀਆਂ ਫ਼ੈਕਟਰੀਆਂ ਦਿਨ-ਰਾਤ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ ਬਣਾ ਰਹੀਆਂ ਹਨ। ਖ਼ੁਫ਼ੀਆ ਰਿਪੋਰਟਾਂ ਮੁਤਾਬਿਕ ਰੂਸ ਨੇ ਐਟਲਾਂਟਿਕ ਤੇ ਲਾਲ ਸਾਗਰ ’ਚ ਅਜਿਹੀਆਂ ਪਣਡੁੱਬੀਆਂ ਤਾਇਨਾਤ ਕੀਤੀਆਂ ਹਨ, ਜੋ ਪਲਾਂ ’ਚ ਦੁਨੀਆ ਭਰ ’ਚ 97 ਫ਼ੀਸਦੀ ਇੰਟਰਨੈੱਟ ਚਲਾਉਣ ਵਾਲੀਆਂ ਸਮੁੰਦਰੀ ਕੇਬਲਾਂ ਨੂੰ ਕੱਟ ਸਕਦੀਆਂ ਹਨ। ਈਰਾਨ ਨੇ ਵੀ ਇਸ ਕੰਮ ’ਚ ਰੂਸ ਨੂੰ ਪੂਰਾ ਸਮਰਥਨ ਦੇਣ ਦੀ ਹਾਮੀ ਭਰੀ ਹੋਈ ਹੈ ਜਦਕਿ ਚੀਨ ਆਪਣੀ ਲੋੜ ਨਾਲੋਂ 3 ਗੁਣਾ ਵੱਧ ਅਨਾਜ ਤੇ ਕੱਚੇ ਤੇਲ ਦਾ ਸਟਾਕ ਜਮ੍ਹਾ ਕਰ ਚੁੱਕਾ ਹੈ, ਉਹ ਆਪਣੀ ਆਰਥਿਕਤਾ ਨੂੰ ਵਿਸ਼ਵ ਜੰਗ ਦੇ ਹਾਣ ਦਾ ਬਣਾਉਣ ਲਈ ਸੋਨਾ, ਚਾਂਦੀ ਤੇ ਰੇਅਰ ਅਰਥ ਮੈਟੀਰੀਅਲਾਂ ਦਾ ਭੰਡਾਰ ਵੀ ਕਰ ਰਿਹਾ ਹੈ। ਚੀਨ ਤੇਜ਼ੀ ਨਾਲ ‘ਸੈਟੇਲਾਈਟ ਹੰਟਿੰਗ’ ਤਕਨੀਕ ਵੱਲ ਵਧ ਰਿਹਾ ਹੈ ਤਾਂ ਜੋ ਜੰਗ ਸ਼ੁਰੂ ਹੁੰਦਿਆਂ ਹੀ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਜੀ. ਪੀ. ਐੱਸ. ਤੇ ਜਾਸੂਸੀ ਸੈਟੇਲਾਈਟਾਂ ਨੂੰ ਪੁਲਾੜ ’ਚ ਹੀ ਲੇਜ਼ਰ ਜਾਂ ਮਿਜ਼ਾਈਲਾਂ ਰਾਹੀਂ ਅੰਨ੍ਹਾ ਜਾਂ ਤਬਾਹ ਕਰ ਸਕੇ। ਈਰਾਨ ਤੇ ਉੱਤਰੀ ਕੋਰੀਆ ਵੀ ਇਸ ਗਠਜੋੜ ’ਚ ਸ਼ਾਮਿਲ ਹਨ।

ਭਾਰਤੀ ਉਪ ਮਹਾਂਦੀਪ ’ਚ ਜੰਗ ਦੀ ਸੰਭਾਵਨਾ, ‘ਟੂ-ਫਰੰਟ ਵਾਰ’ ਦਾ ਖ਼ਤਰਾ 
ਇਸ ਸੰਭਾਵਿਤ ਮਹਾਂਯੁੱਧ ਦਾ ਸਭ ਤੋਂ ਮਾਰੂ ਅਸਰ ਭਾਰਤ ’ਤੇ ਪੈਣ ਦੀ ਸੰਭਾਵਨਾ ਹੈ। ਰੱਖਿਆ ਮਾਹਿਰਾਂ ਮੁਤਾਬਿਕ ਜੇਕਰ ਅਮਰੀਕਾ ਤੇ ਨਾਟੋ ਦੇਸ਼ ਰੂਸ-ਚੀਨ ਨਾਲ ਜੰਗ ’ਚ ਉਲਝਦੇ ਹਨ ਤਾਂ ਭਾਰਤ ਨੂੰ ‘ਦੋ ਮੁਹਾਜਾਂ’ ’ਤੇ ਇਕੋ ਸਮੇਂ ਜੰਗ ਲੜਨੀ ਪੈ ਸਕਦੀ ਹੈ। ਭਾਰਤ-ਚੀਨ ਫ਼ਰੰਟ, ਲੱਦਾਖ਼ ਤੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ’ਤੇ ਚੀਨ ਲਗਾਤਾਰ ਫ਼ੌਜੀ ਬੁਨਿਆਦੀ ਢਾਂਚਾ ਤੇ ਹਵਾਈ ਪੱਟੀਆਂ ਮਜ਼ਬੂਤ ਕਰ ਰਿਹਾ ਹੈ। ਯੂਕਰੇਨ-ਰੂਸ ਤੇ ਈਰਾਨ-ਅਮਰੀਕਾ ਜੰਗ ਤੋਂ ਇਲਾਵਾ ਚੀਨ ਦੇ ਤਾਈਵਾਨ ’ਤੇ ਹਮਲੇ ਦੀ ਸੰਭਾਵਨਾ ਵਿਸ਼ਵ ਯੁੱਧ ਦੀ ਸ਼ੁਰੂਆਤ ਦਾ ਕਾਰਨ ਬਣ ਸਕਦੇ ਹਨ। ਪਾਕਿਸਤਾਨ ਪੂਰੀ ਤਰ੍ਹਾਂ ਚੀਨ ਦੇ ਪ੍ਰਭਾਵ ਹੇਠ ਹੋਣ ਕਰ ਕੇ ਚੀਨ ਦੀ ਕਠਪੁਤਲੀ ਬਣਿਆ ਨਜ਼ਰ ਆਉਂਦਾ ਹੈ। ਜੇਕਰ ਭਾਰਤ ਤੇ ਚੀਨ ਵਿਚਕਾਰ ਕੋਈ ਟਕਰਾਅ ਹੁੰਦਾ ਹੈ ਤਾਂ ਪਾਕਿਸਤਾਨ ਕਸ਼ਮੀਰ ਸਰਹੱਦ ’ਤੇ ਭਾਰਤ ਖ਼ਿਲਾਫ਼ ਦੂਜਾ ਮੋਰਚਾ ਖੋਲ੍ਹ ਸਕਦਾ ਹੈ। ਭਾਰਤ, ਚੀਨ ਤੇ ਪਾਕਿਸਤਾਨ ਤਿੰਨੋਂ ਹੀ ਪ੍ਰਮਾਣੂ ਸ਼ਕਤੀਆਂ ਹਨ। ਇਸ ਲਈ ਏਸ਼ੀਆ ’ਚ ਕਿਸੇ ਵੀ ਛੋਟੀ ਜਿਹੀ ਗ਼ਲਤੀ ਦੇ ਪ੍ਰਮਾਣੂ ਯੁੱਧ ’ਚ ਬਦਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਭਾਰਤੀ ਫ਼ੌਜ ਵੀ ਇਸੇ ਖ਼ਤਰੇ ਦੇ ਮੱਦੇਨਜ਼ਰ ‘ਥੀਏਟਰ ਕਮਾਂਡਸ’ ਬਣਾ ਰਹੀ ਹੈ ਤੇ ਆਪਣੇ ਹਥਿਆਰਾਂ ਦੇ ਸਟਾਕ ਨੂੰ 15 ਦਿਨਾਂ ਦੀ ਤੀਬਰ ਜੰਗ ਲਈ ਤਿਆਰ ਕਰ ਰਹੀ ਹੈ।

ਪਿਛਲੀ ਖ਼ਬਰ ਕੇਂਦਰੀ ਮੰਤਰੀ ਪੁਰੀ ਦੀ ਅਗਵਾਈ ਹੇਠ ਭਾਜਪਾ ਵਲੋਂ ‘ਇੰਡੀਆ’ ਗੱਠਜੋੜ ਖ਼ਿਲਾਫ਼ ਰੋਸ ਮਾਰਚ ਅਗਲੀ ਖ਼ਬਰ ਬਰਤਾਨੀਆ ਵਲੋਂ ਸ਼ਰਨਾਰਥੀਆਂ ਨੂੰ ਦੇਸ਼ ’ਚ ਵਸਾਉਣ ਲਈ ਨਵੇਂ ‘ਸੁਰੱਖਿਅਤ ਅਤੇ ਕਾਨੂੰਨੀ’ ਰਸਤਿਆਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।