12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਅਜੀਤ ਡੈਸਕ 12-10-2026

ਨਵੇਂ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਦੌਰਾਨ ਵੀ ਨਜ਼ਰ ਆਈ ਪੁਰਾਣੀ ਖਾਨਾਜੰਗੀ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ 11 ਅਕਤੂਬਰ-ਪੰਜਾਬ ਕਾਂਗਰਸ ਵਿਚ ਛਿੜੀ ਖਾਨਾਜੰਗੀ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾ ਕੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਪਰ ਅੱਜ ਨਵੇਂ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਵਾਲੇ ਦਿਨ ਹੀ ਪੁਰਾਣੀ ਖਾਨਾਜੰਗੀ ਉੱਥੇ ਦੀ ਉੱਥੇ ਖੜੀ ਦਿਖਾਈ ਦਿੱਤੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਵੇਂ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਸੈਕਟਰ 10 ਵਿਚ ਇਕ ਕੋਠੀ ਵਿਖੇ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਉਹੀ ਕੋਠੀ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਰਿਹਾ ਕਰਦੇ ਸਨ। ਇਸ ਦੌਰਾਨ ਕਈ ਸਾਬਕਾ ਮੰਤਰੀ ਅਤੇ ਵੱਡੀ ਗਿਣਤੀ ’ਚ ਜ਼ਿਲ੍ਹਾ ਪ੍ਰਧਾਨ ਉੱਥੇ ਪੁੱਜੇ ਦਿਖਾਈ ਦਿੱਤੇ। ਇਨ੍ਹਾਂ ਸਾਰਿਆਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਰਾਜਾ ਵੜਿੰਗ ਪੰਜਾਬ ਕਾਂਗਰਸ ਭਵਨ ਆਪਣੇ ਵੱਖਰੇ ਕਾਫਲੇ ਨਾਲ ਪਹੁੰਚੇ ਅਤੇ ਉੱਥੇ ਪਹੁੰਚ ਕੇ 
ਸਫ਼ਾ 1 ਦੀ ਬਾਕੀ

ਵੀ ਉਨ੍ਹਾਂ ਸਟੇਜ ਤੋਂ ਬੋਲਦਿਆਂ ਕਿਹਾ ਕਿ ਪ੍ਰਧਾਨ ਹੁੰਦੇ ਹੋਏ ਕਈਆਂ ਨੇ ਮੇਰਾ ਵਿਰੋਧ ਕੀਤਾ ਅਤੇ ਹੋ ਸਕਦਾ ਹੈ ਅੱਗੇ ਵੀ ਵਿਰੋਧ ਜਾਰੀ ਰੱਖਣ ਪਰ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਲੀਡਰ ਇੱਕੋ ਹੈ ਉਹ ਸਿਰਫ ਰਾਹੁਲ ਗਾਂਧੀ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਸਚਿਨ ਪਾਇਲਟ ਅਗਲੀ ਵਾਰ ਉਨ੍ਹਾਂ ਦੀ ਟਿਕਟ ਵੀ ਕੱਟ ਦੇਣ ਪਰ ਉਹ ਰਾਹੁਲ ਗਾਂਧੀ ਨਾਲ ਖੜੇ ਰਹਿਣਗੇ। ਹਾਲਾਂਕਿ ਇਸ ਮਗਰੋਂ ਰਾਜਾ ਵੜਿੰਗ ਨੇ ਕਿਹਾ ਕਿ ਪਰਗਟ ਸਿੰਘ ਜਿੱਥੇ ਜਦੋਂ ਬੁਲਾਉਣਗੇ ਉਹ ਪਾਰਟੀ ਲਈ ਹਮੇਸ਼ਾ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਨਾਲ ਖੜ੍ਹਾ ਰਹਾਂਗਾ। ਉੱਧਰ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸ ਭਵਨ ਵਿਖੇ ਅਹੁਦਾ ਸੰਭਾਲਦਿਆਂ ਪੰਜਾਬ ਦੇ ਲੋਕਾਂ ਦੇ ਹੱਕਾਂ, ਸਨਮਾਨ ਅਤੇ ਬਿਹਤਰ ਭਵਿੱਖ ਲਈ ਸੰਘਰਸ਼ ਕਰਨ ਦਾ ਸੰਕਲਪ ਲਿਆ। ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਪਰਗਟ ਸਿੰਘ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਕਾਂਗਰਸ ਭਵਨ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ। 
ਇਕ ਚੰਗੇ ਕਪਤਾਨ ਲਈ ਮਜ਼ਬੂਤ ਟੀਮ ਬਹੁਤ ਜ਼ਰੂਰੀ-ਸਚਿਨ ਪਾਇਲਟ
ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਤਜਰਬੇਕਾਰ ਅਤੇ ਮਜ਼ਬੂਤ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਪਾਇਲਟ ਨੇ ਕਿਹਾ ਕਿ ਇਕ ਚੰਗੇ ਕਪਤਾਨ ਲਈ ਮਜ਼ਬੂਤ ਟੀਮ ਬਹੁਤ ਜ਼ਰੂਰੀ ਹੁੰਦੀ ਹੈ। ਪਰਗਟ ਸਿੰਘ ਕੋਲ ਪੰਜਾਬ ਕਾਂਗਰਸ ਦੇ ਤਜਰਬੇਕਾਰ ਆਗੂਆਂ ਅਤੇ ਸਮਰਪਿਤ ਵਰਕਰਾਂ ਦੀ ਟੀਮ ਹੈ, ਜੋ ਮਿਲ ਕੇ ਪਾਰਟੀ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਟੀਚਾ ਸਿਰਫ਼ ਸਿਆਸੀ ਸਫ਼ਲਤਾ ਹਾਸਲ ਕਰਨਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨਾ ਹੈ। ਪਾਇਲਟ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ। ਕਾਂਗਰਸ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਰਾਹੁਲ ਗਾਂਧੀ ਦਾ ਸੰਦੇਸ਼ ਪਹੁੰਚਾਏਗੀ, ਤਾਂ ਜੋ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਜਨਸਮਰਥਨ ਜੁਟਾਇਆ ਜਾ ਸਕੇ।
ਕਾਂਗਰਸ ਦੀ ਜ਼ਿੰਮੇਵਾਰੀ ਲੋਕਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਖੜ੍ਹੇ ਹੋਣਾ ਵੀ ਹੈ-ਪਰਗਟ ਸਿੰਘ
ਆਪਣੇ ਸੰਬੋਧਨ ਦੀ ਸ਼ੁਰੂਆਤ ਪਰਗਟ ਸਿੰਘ ਨੇ ‘ਪੰਜਾਬ ਵੱਸਦਾ ਗੁਰਾਂ ਦੇ ਨਾਂਅ ’ਤੇ’ ਦੇ ਸ਼ਬਦਾਂ ਨਾਲ ਕੀਤੀ। ਨਵਰਾਤਰਿਆਂ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਇਹੀ ਸੰਦੇਸ਼ ਪੰਜਾਬ ਦੀ ਸਿਆਸਤ ਅਤੇ ਸਮਾਜ ਦਾ ਆਧਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜ਼ਿੰਮੇਵਾਰੀ ਸਿਰਫ਼ ਚੋਣਾਂ ਲੜਨਾ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਬਣਨਾ ਅਤੇ ਉਨ੍ਹਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਖੜ੍ਹੇ ਹੋਣਾ ਵੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਸਾਡੀ ਲੜਾਈ ਉਸ ਵਿਵਸਥਾ ਵਿਰੁੱਧ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿਚ ਨਾਕਾਮ ਰਹੀ ਹੈ। 
ਪਾਰਟੀ ਨੇ ਦੇਖਣਾ ਹੈ ਕਿ ਕਿਸ ਨੂੰ ਕਿੰਨੇ ਸਮੇਂ ਲਈ ਪ੍ਰਧਾਨ ਬਣਾਉਣਾ ਹੈ-ਬਾਜਵਾ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜਾ ਵੜਿੰਗ ਦੇ ਵਲਵਲੇ ਸਹੀ ਹਨ, ਕਿਉਂਕਿ ਜੋ ਉਨ੍ਹਾਂ ਨਾਲ ਹੋਈ ਹੈ ,10 ਸਾਲ ਪਹਿਲਾਂ ਮੇਰੇ ਨਾਲ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਝੰਡੇ ਬਦਲਦੇ ਰਹਿੰਦੇ ਹਨ ਅਤੇ ਪਾਰਟੀ ਨੇ ਦੇਖਣਾ ਹੈ ਕਿ ਕਿਸ ਨੂੰ ਕਿੰਨੇ ਸਮੇਂ ਲਈ ਪ੍ਰਧਾਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੁਰੱਖਿਅਤ ਮਾਹੌਲ, ਬਿਹਤਰ ਕਾਨੂੰਨ-ਵਿਵਸਥਾ ਅਤੇ ਆਪਣੇ ਬੱਚਿਆਂ ਲਈ ਉੱਜਵਲ ਭਵਿੱਖ ਚਾਹੁੰਦੇ ਹਨ।
ਪੰਜਾਬ ਵਿਚ ਸਿਆਸੀ ਤਬਦੀਲੀ ਦਾ ਸਮਾਂ ਆ ਰਿਹਾ-ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਭਾਰੀ ਮੀਂਹ ਦੇ ਬਾਵਜੂਦ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਪਾਰਟੀ ਦੀ ਏਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਆਸੀ ਤਬਦੀਲੀ ਦਾ ਸਮਾਂ ਆ ਰਿਹਾ ਹੈ ਅਤੇ ਕਾਂਗਰਸ ਲੋਕਾਂ ਦੀਆਂ ਉਮੀਦਾਂ ਨੂੰ ਆਵਾਜ਼ ਦੇਣ ਲਈ ਸੂਬੇ ਭਰ ਵਿਚ ਮੁਹਿੰਮ ਚਲਾਏਗੀ।
ਸਿਆਸੀ ਤੌਰ ’ਤੇ ਇਕਜੁੱਟ ਹੋ ਕੇ ਸੰਘਰਸ਼ ਕਰਨਾ ਹੋਵੇਗਾ-ਰੰਧਾਵਾ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਲੜਾਈ ਉਨ੍ਹਾਂ ਤਾਕਤਾਂ ਵਿਰੁੱਧ ਹੈ, ਜੋ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਪੰਜਾਬ ਵਿਚ ਮੁੜ ਕਾਂਗਰਸ ਦੇ ਹੱਕ ਵਿਚ ਜਨਸਮਰਥਨ ਜੁਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਰੰਧਾਵਾ ਨੇ ਕਿਹਾ ਕਿ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸਿਆਸੀ ਤੌਰ ’ਤੇ ਇਕਜੁੱਟ ਹੋ ਕੇ ਸੰਘਰਸ਼ ਕਰਨਾ ਹੋਵੇਗਾ।


ਰਾਹੁਲ ਦੀ ਅਗਵਾਈ ’ਚ ਸਾਰੀ ਕਾਂਗਰਸ ਇਕਜੁੱਟ-ਡਾ. ਅਮਰ ਸਿੰਘ
ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਾਂਗਰਸ ਦੀ ਵਾਪਸੀ ਦਾ ਭਰੋਸਾ ਜਤਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ’ਚ ਸਾਰੀ ਕਾਂਗਰਸ ਇਕਜੁੱਟ ਹੈ ਅਤੇ ਜਿਸ ਤਰ੍ਹਾਂ ਰਾਹੁਲ ਗਾਂਧੀ ਦੇਸ਼ ਵਿਚ ਲੋਕਾਂ ਦੇ ਹੱਕ ਦੀ ਲੜਾਈ ਲੜ ਰਹੇ ਹਨ ਪੰਜਾਬ ਵਿਚ ਵੀ ਸਾਰੀ ਲੀਡਰਸ਼ਿਪ ਪਰਗਟ ਸਿੰਘ ਦੀ ਅਗਵਾਈ ਵਿਚ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਦੇ ਹੋਏ ਸਿਆਸੀ ਬਦਲ ਲਈ ਇਕਜੁੱਟ ਰਹਿਣਗੇ। 
ਸਾਰੇ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ-ਸਿੰਗਲਾ
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪਰਗਟ ਸਿੰਘ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੋ ਕੇ ਅੱਗੇ ਵਧੇਗੀ। ਤਾਜਪੋਸ਼ੀ ਸਮਾਗਮ ਵਿਚ ਕੁਲਹਿੰਦ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ ਵੇਨੂ ਗੋਪਾਲ ਸ਼ਾਮਿਲ ਨਹੀਂ ਹੋ ਸਕੇ।


ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਸੂਰਜ ਸਿੰਘ ਠਾਕੁਰ, ਰਵਿੰਦਰ ਦਲਵੀ, ਹੀਨਾ ਕਾਂਵਰੇ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਧਰਮਵੀਰ ਗਾਂਧੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿਲਜੀਆਂ, ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ,  ਰਾਜ ਕੁਮਾਰ ਵੇਰਕਾ ਅਤੇ ਸੁੰਦਰ ਸ਼ਾਮ ਅਰੋੜਾ, ਗੁਰਸ਼ਰਨ ਕੌਰ ਰੰਧਾਵਾ, ਖ਼ਜ਼ਾਨਚੀ ਅਮਿਤ ਵਿਜ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਬਲਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਕਾਲਾ ਢਿੱਲੋਂ, ਸੁਖਵਿੰਦਰ ਸਿੰਘ ਕੋਟਲੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਾਵਾ ਹੈਨਰੀ, ਸੁਖਬਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਬਿਕਰਮ ਚੌਧਰੀ, ਸੁਖਵੰਤ ਸਿੰਘ ਬਰਾੜ ਅਤੇ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ; ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਪਵਨ ਆਦੀਆ, ਸੁਖਪਾਲ ਭੁੱਲਰ, ਗੁਰਕੀਰਤ ਸਿੰਘ ਕੋਟਲੀ, ਹਰਪ੍ਰਤਾਪ ਸਿੰਘ ਅਜਨਾਲਾ, ਰਮਨਜੀਤ ਸਿੰਘ ਸਿੱਕੀ, ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਸਿੰਘ ਗਿੱਲ ਅਤੇ ਕੁਸ਼ਲਦੀਪ ਸਿੰਘ ਢਿੱਲੋਂ, ਭਗਵੰਤ ਪਾਲ ਸਿੰਘ ਸੱਚਰ, ਓ.ਬੀ.ਸੀ. ਸੈੱਲ ਦੇ ਚੇਅਰਮੈਨ ਅੰਗਦ ਸੈਣੀ, ਹਰਵਿੰਦਰਪਾਲ ਸਿੰਘ ਸ਼ਾਹਬਾਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਵਮ ਸ਼ਰਮਾ ਸ਼ੁਭੀ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।

ਪਿਛਲੀ ਖ਼ਬਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਪਰ ਖਾਨਾਜੰਗੀ ਅਜੇ ਵੀ ਜਾਰੀ ਅਗਲੀ ਖ਼ਬਰ ਚੀਫ਼ ਜਸਟਿਸ ਵਲੋਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਣ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।