09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੁੱਖ ਮੰਤਰੀ ਵਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ’ ਅਤੇ ‘ਫਾਸਟ ਟ੍ਰੈਕ ਪੰਜਾਬ’ ਪੋਰਟਲ ਲਾਂਚ

ਚੰਡੀਗੜ੍ਹ, 8 ਅਕਤੂਬਰ (ਬਿਊਰੋ ਚੀਫ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਥੇ ਨਿਵੇਸ਼ਕਾਂ ਦੀ ਸਹੂਲਤ ਲਈ ਹੁਨਰ ਪੰਜਾਬ ਤੇ ਫਾਸਟ ਟ੍ਰੈਕ ਪੋਰਟਲ ਲਾਂਚ ਕੀਤਾ ਗਿਆ, ਜਿਸ ਦਾ ਮੰਤਵ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ...

ਅਜੀਤ ਡੈਸਕ 09-10-2026

ਚੰਡੀਗੜ੍ਹ, 8 ਅਕਤੂਬਰ (ਬਿਊਰੋ ਚੀਫ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਥੇ ਨਿਵੇਸ਼ਕਾਂ ਦੀ ਸਹੂਲਤ ਲਈ ਹੁਨਰ ਪੰਜਾਬ ਤੇ ਫਾਸਟ ਟ੍ਰੈਕ ਪੋਰਟਲ ਲਾਂਚ ਕੀਤਾ ਗਿਆ, ਜਿਸ ਦਾ ਮੰਤਵ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਨਿਵੇਸ਼ਕਾਂ ਲਈ ਪ੍ਰਵਾਨਗੀਆਂ ਦੀ ਪ੍ਰਕਿਰਿਆ ਨੂੰ ਸਿੰਗਲ ਵਿੰਡੋ ਰਾਹੀਂ 45 ਦਿਨਾਂ ਦੇ ਅੰਦਰ ਸਾਰੀਆਂ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਰਾਜ ਵਿਚ ਉਨ੍ਹਾਂ ਦੀ ਸਰਕਾਰ ਬਣਨ ਅਰਥਾਤ 2022 ਤੋਂ ਬਾਅਦ ਹੁਣ ਤੱਕ 1.89 ਲੱਖ ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਵੀ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਜੋ ਪੋਰਟਲ ਲਾਂਚ ਕੀਤੇ ਗਏ ਹਨ, ਉਨ੍ਹਾਂ ਨਾਲ ਪ੍ਰਵਾਨਗੀਆਂ ਦਾ ਕੰਮ ਆਸਾਨ ਬਣਨ ਨਾਲ ਨਿਵੇਸ਼ਕਾਂ ਨੂੰ ਪੰਜਾਬ ’ਚੋਂ ਹੁਨਰਮੰਦ ਨੌਜਵਾਨ ਲੱਭਣ ’ਚ ਵੀ ਮਦਦ ਮਿਲੇਗੀ ਤੇ ਪੋਰਟਲ ’ਤੇ ਅਜਿਹੇ ਹੁਨਰਮੰਦ ਨੌਜਵਾਨਾਂ ਦਾ ਡਾਟਾ ਵੀ ਉਪਲਬਧ ਹੋਵੇਗਾ। ਇਸ ਪੋਰਟਲ ’ਤੇ ਵਿੱਤੀ ਰਿਆਇਤਾਂ ਤੇ ਉਪਲਬਧ ਸਹੂਲਤਾਂ ਸੰਬੰਧੀ ਵੀ ਜਾਣਕਾਰੀ ਹੋਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਹੁਣ ਤੱਕ 1750 ਸੰਸਥਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਉਦਯੋਗਿਕ ਖੇਤਰ ਹੁਣ ਰੋਜ਼ਗਾਰ ਦੇ ਮੌਕਿਆਂ ਲਈ ਸਥਾਨਕ ਹੁਨਰਮੰਦ ਨੌਜਵਾਨਾਂ ਨਾਲ ਜੁੜ ਸਕੇਗਾ ਤੇ ਉਨ੍ਹਾਂ ਨੂੰ ਤਰਜੀਹ ਵੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਰਕਾਰੀ ਕੰਮਕਾਜ ’ਚ ਪਾਰਦਰਸ਼ਤਾ ਲਿਆਉਣ ਲਈ ਈ-ਆਫਿਸ ਅਤੇ ਆਨ ਲਾਈਨ ਫਾਈਲਾਂ ਦੀ ਪ੍ਰਣਾਲੀ ਲਾਗੂ ਕਰ ਚੁੱਕੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਨਿਵੇਸ਼ਕਾਂ ਲਈ ਪਸੰਦੀਦਾ ਰਾਜ ਵਜੋਂ ਉੱਭਰ ਰਿਹਾ ਹੈ ਅਤੇ ਸਰਕਾਰ ਲਗਾਤਾਰ ਇਸ ਲਈ ਯਤਨਸ਼ੀਲ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਰਾਜ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵੀ ਹਾਜ਼ਰ ਸਨ। 
ਰਾਜਬੀਰ ਸਿੰਘ ਘੁੰਮਣ ਜਾਂਚ ’ਚ ਸਹਿਯੋਗ ਲਈ ਤਿਆਰ-ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਸਵਾਲ ਦੇ ਜਵਾਬ ’ਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਸੀ.ਬੀ.ਆਈ. ਨੂੰ ਜਾਂਚ ’ਚ ਸਹਿਯੋਗ ਦੇਣ ਲਈ ਤਿਆਰ ਹਨ ਤੇ ਜਦੋਂ ਵੀ ਉਨ੍ਹਾਂ ਨੂੰ ਸੰਮਨ ਪ੍ਰਾਪਤ ਹੋਵੇਗਾ ਉਹ ਜਾਂਚ ’ਚ ਸ਼ਾਮਿਲ ਹੋਣਗੇ। ਆਪਣੇ ਨਿਵਾਸ ਅਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਪੇਸ਼ ਹੋਣ ਸੰਬੰਧੀ ਉਨ੍ਹਾਂ ਨੂੰ ਕੋਈ ਸੰਮਨ ਪ੍ਰਾਪਤ ਨਹੀਂ ਹੋਏ ਸਨ। ਮੀਡੀਆ ’ਚ ਇਹ ਚਰਚਾ ਰਿਹਾ ਕਿ ਘੁੰਮਣ ਨੂੰ 7 ਅਕਤੂਬਰ ਲਈ ਸੰਮਨ ਭੇਜੇ ਗਏ ਸਨ, ਹਾਲਾਂਕਿ ਸੀ.ਬੀ.ਆਈ. ਵਲੋਂ ਅਧਿਕਾਰਤ ਤੌਰ ’ਤੇ ਅਜਿਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਨੇ ਇਹ ਸੰਮਨ ਵੇਖੇ ਹੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ, ਦਿੱਲੀ, ਛੱਤੀਸਗੜ੍ਹ ਤੇ ਹਰਿਆਣਾ ਆਦਿ ’ਚ ਵੀ ਚੋਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਸੀ.ਬੀ.ਆਈ., ਈ.ਡੀ ਅਤੇ ਆਮਦਨ ਕਰ ਵਿਭਾਗ ਵਲੋਂ ਛਾਪੇ ਮਾਰੇ ਗਏ ਸਨ ਅਤੇ ਪੰਜਾਬ ਵਿਚ ਇਨ੍ਹਾਂ ਛਾਪਿਆਂ ਦੀ ਸ਼ੁਰੂਆਤ ਵੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ’ਚ ਚੋਣਾਂ ਆ ਰਹੀਆਂ ਹਨ ਅਤੇ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਕਤ ਐਫ.ਆਈ.ਆਰ. ਤਾਂ ਹਾਈ ਕੋਰਟ ਦੇ ਆਦੇਸ਼ਾਂ ’ਤੇ ਹੋਈ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਅਦਾਲਤਾਂ ਕਿਵੇਂ ਕੰਮ ਕਰਦੀਆਂ ਹਨ। ਇਹ ਸਭ ਕੁਝ ਪਹਿਲਾਂ ਹੀ ਤੈਅ ਸੀ ਅਤੇ ਇਕ ਯੋਜਨਾ ਅਧੀਨ ਸਭ ਕੁਝ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਸਿਆਸੀ ਘਰਾਣਿਆਂ ਤੋਂ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਿਆਸਤ ਰਾਹੀਂ ਵਪਾਰਕ ਲਾਭ ਲੈਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਨੇ ਨਾ ਹੋਟਲ ਬਣਾਏ ਹਨ ਅਤੇ ਨਾ ਹੀ ਟਰਾਂਸਪੋਰਟ ਕੰਪਨੀਆਂ ਹੀ ਖੜ੍ਹੀਆਂ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਸਰਕਾਰ ਦੇ ਕੰਮਕਾਜ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸਰਕਾਰੀ ਕੰਮਕਾਜ ਆਨ ਲਾਈਨ ਕਰਕੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਦੀ ਪਹਿਲਕਦਮੀ ਕੀਤੀ ਹੈ। 

ਪਿਛਲੀ ਖ਼ਬਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ ਨਾਨਾ ਪਾਟੇਕਰ-ਮੋਦੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਜੀ.ਐਸ.ਟੀ. ਸੁਧਾਰਾਂ ਦੇ ਨਵੇਂ ਦੌਰ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।