ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ। ਕਰੀਬ 300 ਵਿਰੋਧੀ ਸੰਸਦ ਮੈਂਬਰ ਜੰਤਰ-ਮੰਤਰ ਵਿਖੇ ਧਰਨਾ ਦੇਣ ਲਈ ਬੱਸਾਂ ਰਾਹੀਂ ਰਵਾਨਾ ਹੋਏ। ਹਾਲਾਂਕਿ ਪੁਲਿਸ ਨੇ ਜੰਤਰ-ਮੰਤਰ ਤੋਂ ਕੁਝ ਦੂਰੀ ’ਤੇ ਹੀ ਬੱਸਾਂ ਰੋਕ ਦਿੱਤੀਆਂ। ਇਸ ਦੌਰਾਨ ਰਾਹੁਲ ਤੇ ਪਿ੍ਯੰਕਾ ਗਾਂਧੀ ਸਮੇਤ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰਿਕ ਓ’ਬ੍ਰਾਇਨ ਵੀ ਹਿਰਾਸਤ ’ਚ ਲਏ ਗਏ। ਜਾਣਕਾਰੀ ਅਨੁਸਾਰ ਵਿਰੋਧੀ ਧਿਰਾਂ ਦੇ ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ‘ਵੋਟ ਚੋਰੀ’ ਦੇ ਮੁੱਦੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਲੋਂ ਦਿੱਤੇ ਗਏ ਦੁਪਹਿਰ ਦੇ ਖਾਣੇ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਬੱਸਾਂ ’ਚ ਸਵਾਰ ਹੋ ਕੇ ਜੰਤਰ-ਮੰਤਰ ਵੱਲ ਰਵਾਨਾ ਹੋਏ। ਕੁਝ ਸੰਸਦ ਮੈਂਬਰ ਬੱਸਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਤਿਰੰਗਾ ਲਹਿਰਾਉਂਦੇ ਨਜ਼ਰ ਆਏ। ਹਾਲਾਂਕਿ ਅਸ਼ੋਕਾ ਰੋਡ ’ਤੇ ਸ਼ਾਂਗਰੀ-ਲਾ ਹੋਟਲ ਨੇੜੇ ਬਹੁ-ਪੱਧਰੀ ਸੁਰੱਖਿਆ ਘੇਰੇ ਨੇ ਬੱਸਾਂ ਨੂੰ ਰੋਕ ਲਿਆ। ਇਸ ਤੋਂ ਇਕ ਦਿਨ ਪਹਿਲਾਂ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਦੀ ਮੰਗ ਨੂੰ ਲੈ ਕੇ ਅੱਠ ਘੰਟੇ ਧਰਨਾ ਦਿੱਤਾ ਸੀ। ਕਾਂਗਰਸ, ਟੀ.ਐੱਮ.ਸੀ., ਸੀ.ਪੀ.ਆਈ.-ਐੱਮ., ਸੀ.ਪੀ.ਆਈ., ਆਰ.ਜੇ.ਡੀ. ਤੇ ਆਈ.ਯੂ.ਐੱਮ.ਐੱਲ. ਸਮੇਤ ਕਈ ਪਾਰਟੀਆਂ ਦੇ ਸੰਸਦ ਮੈਂਬਰ ਪ੍ਰਦਰਸ਼ਨ ’ਚ ਸ਼ਾਮਿਲ ਸਨ ਜਦਕਿ ਰੋਸ ਮਾਰਚ ’ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੌਜੂਦ ਨਹੀਂ ਸਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜੰਤਰ-ਮੰਤਰ ਨਿਰਧਾਰਤ ਧਰਨਾ ਸਥਾਨ ਹੈ ਤੇ ਉਹ ਦੇਸ਼ ਨੂੰ ਦੱਸਣਗੇ ਕਿ ਉਨ੍ਹਾਂ ਲਈ ਗਿਆਨੇਸ਼ ਕੁਮਾਰ ਜਾਇਜ਼ ਚੋਣ ਕਮਿਸ਼ਨਰ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਲੋਕਤੰਤਰ ਨੂੰ ਖ਼ਤਮ ਕਰ ਦਿੱਤਾ ਹੈ ਤੇ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਪਵੇਗਾ। ਰਾਹੁਲ ਗਾਂਧੀ ਨੇ ਆਪਣੇ ਖ਼ਿਲਾਫ਼ ਐੱਫ.ਆਈ.ਆਰ. ਬਾਰੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ 45 ਐੱਫ.ਆਈ.ਆਰ. ਦਰਜ ਹਨ ਤੇ ਉਹ ਇਸ ਗਿਣਤੀ ਦੇ 100 ਤੱਕ ਪਹੁੰਚਣ ਦੀ ਉਡੀਕ ਕਰ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਇੰਡੀਆ’ ਤੇ ਹੋਰ ਵਿਰੋਧੀ ਪਾਰਟੀਆਂ ‘ਵੋਟ ਚੋਰੀ’, ਐੱਸ.ਆਈ.ਆਰ. ਤੇ ਹੱਦਬੰਦੀ ਦੇ ਮੁੱਦਿਆਂ ’ਤੇ ਇਕਜੁੱਟ ਹਨ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਦਿੱਲੀ ਪੁਲਿਸ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦੇ ਰਹੀ, ਇਸ ਲਈ ਸੰਸਦ ਮੈਂਬਰ ਜੰਤਰ-ਮੰਤਰ ਵੱਲ ਜਾ ਰਹੇ ਹਨ। ਖੜਗੇ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਗ਼ਲਤੀਆਂ ਹੋ ਰਹੀਆਂ ਹਨ ਤੇ ਇਹ ਗ਼ਲਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਵਾਈਆਂ ਜਾ ਰਹੀਆਂ ਹਨ। ਆਰ.ਜੇ.ਡੀ. ਆਗੂ ਮਨੋਜ ਝਾਅ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ’ਚ ਲਿਆਂਦਾ ਜਾਵੇਗਾ। ਟੀ.ਐੱਮ.ਸੀ. ਦੇ ਡੈਰੇਕ ਓ’ਬ੍ਰਾਇਨ ਤੇ ਸੀ.ਪੀ.ਆਈ. ਦੇ ਪੀ. ਸੰਤੋਸ਼ ਕੁਮਾਰ ਨੇ ਵੀ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ ’ਤੇ ਇਕਜੁੱਟ ਹੈ।
ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ’ਤੇ ਅੜੀਆਂ ਵਿਰੋਧੀ ਧਿਰਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਲਈ ਵਧ ਰਹੇ ਸੰਸਦ ਮੈਂਬਰ ਰੋਕੇ
ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ। ਕਰੀਬ 300 ਵਿਰੋਧੀ ਸੰਸਦ ...
ਅਜੀਤ ਡੈਸਕ
08-10-2026